ਨਸ਼ਿਆਂ ਵਿਰੁੱਧ ‘ਆਪ’ ਦੀ ਲੜਾਈ ਫ਼ੈਸਲਾਕੁੰਨ: ਗੁਰਲਾਲ ਘਨੌਰ
ਖੇਤਰੀ ਪ੍ਰਤੀਨਿਧ
ਘਨੌਰ, 2 ਜੂਨ
ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਫੈਸਲਾਕੁੰਨ ਲੜਾਈ ਲੜੀ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਸਰਕਾਰ ਨੇ ਨਸ਼ਿਆਂ ਵਿਰੁੱਧ ਸਪਸ਼ਟ ਟੀਚਿਆਂ ਨੂੰ ਨਿਸ਼ਾਨੇ ’ਤੇ ਰੱਖ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਕ ਤੋਂ ਬਾਹਰੋਂ ਹੋਰ ਰਹੀ ਤਸਕਰੀ ਤੇ ਇੱਥੇ ਹੋ ਰਹੀ ਵਰਤੋਂ ਰੋਕਣ ਲਈ ਲੋਕਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਇਸੇ ਸੰਦਰਭ ਵਿੱਚ ਘਨੌਰ ਹਲਕੇ ਦੇ ਪਿੰਡਾਂ ਕਬੂਲਪੁਰ, ਹਸਨਪੁਰ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ ਕਰਵਾਏ ਗਏ। ਇੱਥੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ ਇਹ ਲੜਾਈ ਸਿਰਫ਼ ਸਰਕਾਰੀ ਪੱਧਰ ’ਤੇ ਨਹੀਂ, ਸਗੋਂ ਹਰ ਘਰ, ਹਰ ਪਿੰਡ ਅਤੇ ਹਰ ਨਾਗਰਿਕ ਦੀ ਸਾਂਝੀ ਲੜਾਈ ਹੈ।
ਉਨ੍ਹਾਂ ਹੋਰ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਫ਼ਲ ਨਹੀਂ ਹੁੰਦੀ। ਇਸੇ ਦੌਰਾਨ ਗੁਰਲਾਲ ਘਨੌਰ ਨੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ।
ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੀ ਮਹੱਤਤਾ ਉੱਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ‘ਆਪ’ ਸਰਕਾਰ ਨੇ ਪਿੰਡ ਪੱਧਰ ’ਤੇ ਵਾਲੀਬਾਲ ਕੋਰਟ ਤੇ ਖੇਡ ਸਟੇਡੀਅਮ ਬਣਾਉਣ ਜਿਹੇ ਕਦਮ ਚੁੱਕ ਕੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਰਸਤੇ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਹੈ। ਵਿਧਾਇਕ ਦੀ ਕੋਆਰਡੀਨੇਟਰ ਟੀਮ ਨੇ ਵੀ ਲੋਹਾਖੇੜੀ, ਜੱਬੋਮਾਜਰਾ, ਨਰੈਣਗੜ੍ਹ, ਜਮੀਤਗੜ੍ਹ ਆਦਿ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਕੀਤੇ।
ਇਸ ਮੌਕੇ ਬੀਡੀਪੀਓ ਜਤਿੰਦਰ ਢਿੱਲੋਂ, ਸਰਪੰਚ ਦਵਿੰਦਰ ਭੰਗੂ ਕੁੱਥਾਖੇੜੀ, ਸਰਪੰਚ ਇੰਦਰਜੀਤ ਸਿਆਲੂ, ਸਰਪੰਚ ਜੱਗੀ ਕਬੂਲਪੁਰ, ਬਲਵੰਤ ਕਬੂਲਪੁਰ, ਦਵਿੰਦਰ ਸਰਪੰਚ ਮਾੜੀਆਂ, ਪਿੰਦਰ ਸਰਪੰਚ ਬਘੌਰਾ, ਦਰਸ਼ਨ ਮੰਜੋਲੀ, ਗੁਰਦੀਪ ਵਿਕਸੀ, ਚੇਤਨ ਸਿੰਘ ਸਰਪੰਚ ਸਲੇਮਪੁਰ ਆਦਿ ਵੀ ਮੌਜੂਦ ਸਨ।