ਨਸ਼ਿਆਂ ਦੇ ਖ਼ਾਤਮੇ ਲਈ ਇਕਜੁੱਟ ਹੋਣ ਪੰਜਾਬੀ: ਬਲਬੀਰ ਸਿੰਘ
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜੂਨ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਰੌਸ਼ਨ ਭਵਿੱਖ ਲਈ ਜ਼ਰੂਰੀ ਹੈ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਮੂਹ ਪੰਜਾਬੀ ਇਕਜੁੱਟ ਹੋ ਕੇ ਹੰਭਲਾ ਮਾਰਨ ਅਤੇ ਇਸ ਕੋਹੜ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇ। ਇਹ ਪ੍ਰਗਟਾਵਾਂ ਉਨ੍ਹਾਂ ਨਸ਼ਾ ਮੁਕਤੀ ਯਾਤਰਾ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਅਹਿਦ ਦਿਵਾਉਂਦਿਆਂ ਕੀਤਾ। ਕਸਿਆਣਾ, ਫੱਗਣਮਾਜਰਾ, ਨੰਦਪੁਰ ਕੇਸੋਂ, ਕਰਮਗੜ੍ਹ, ਕਲੀਫੇਵਾਲ, ਚਲੈਲਾ ਤੇ ਰੋੜਗੜ੍ਹ ਆਦਿ ਪਿੰਡਾਂ ’ਚ ਪੁੱਜੇ ਸਿਹਤ ਮੰਤਰੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਛੇੜੀ ਜੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਲਪੇਟ ਤੋਂ ਬਾਹਰ ਕੱਢ ਕੇ ਰੌਸ਼ਨ ਭਵਿੱਖ ਵੱਲ ਲਿਜਾਣਾ ਹੈ। ਨਸ਼ਾ ਮੁਕਤੀ ਯਾਤਰਾ ਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਪਿੰਡਾਂ ਤੇ ਸ਼ਹਿਰਾਂ ਵਿੱਚ ਮਿਲ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਾਸੀਆਂ ਨੇ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਖ਼ਤਮ ਕਰਨ ਦਾ ਪ੍ਰਣ ਲੈ ਲਿਆ ਹੈ।
ਔਰਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਕਿਸੇ ਘਰ ਵਿੱਚ ਨਸ਼ਾ ਵੜਦਾ ਹੈ ਤਾਂ ਸਭ ਤੋਂ ਵੱਧ ਪ੍ਰਭਾਵਿਤ ਉਸ ਘਰ ਦੀਆਂ ਔਰਤਾਂ ਹੁੰਦੀਆਂ ਹਨ। ਕਿਉਂਕਿ ਨਸ਼ਿਆਂ ਨਾਲ ਘਰੇਲੂ ਹਿੰਸਾ, ਚੋਰੀ, ਗ਼ਰੀਬੀ, ਬਿਮਾਰੀ ਤੇ ਛੋਟੇ ਬੱਚਿਆਂ ਦਾ ਧੁੰਦਲਾ ਭਵਿੱਖ ਔਰਤ ਆਪਣੇ ’ਤੇ ਹੰਢਾਉਂਦੀ ਹੈ। ਪਿੰਡਾਂ ਦੀਆਂ ਔਰਤਾਂ ਨੂੰ ਨਸ਼ਿਆਂ ਖ਼ਿਲਾਫ਼ ਇਸ ਲੜਾਈ ’ਚ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਜੇਕਰ ਪਿੰਡ ਦੀਆਂ ਔਰਤਾਂ ਏਕਾ ਕਰ ਲੈਣ ਕਿ ਪਿੰਡ ਵਿੱਚ ਨਸ਼ਾ ਨਹੀਂ ਵੜਨ ਦੇਣਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਸ਼ੇ ਦਾ ਪੂਰਨ ਤੌਰ ’ਤੇ ਖ਼ਾਤਮਾ ਹੋ ਜਾਵੇਗਾ। ਇਸ ਮੌਕੇ ਮੰਤਰੀ ਦੀ ਮੌਜੂਦਗੀ ’ਚ ਵੱਡੀ ਗਿਣਤੀ ਹਾਜ਼ਰ ਪਿੰਡ ਵਾਸੀਆਂ ਨੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਸਮੂਹਿਕ ਤੌਰ ’ਤੇ ਸਹੁੰ ਚੁੱਕੀ। ਲੋਕਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਦੇਣਗੇ ਅਤੇ ਅਜਿਹੇ ਅਨਸਰਾਂ ਦਾ ਮੁਕੰਮਲ ਬਾਈਕਾਟ ਕਰਨਗੇ। ਇਸ ਮੌਕੇ ਨਸ਼ਾ ਮੁਕਤੀ ਮੋਰਚੇ ਦੇ ਪਟਿਆਲਾ ਦਿਹਾਤੀ ਦੇ ਕੋਆਰਡੀਨੇਟਰ ਯਾਦਵਿੰਦਰ ਗੋਲਡੀ, ਹਰਪਾਲ ਵਿਰਕ ਤੇ ਜੈ ਸ਼ੰਕਰ ਆਦਿ ਵੀ ਹਾਜ਼ਰ ਸਨ।