ਨਸ਼ਾ ਤਸਕਰੀ ਦੇ ਦੋਸ਼ ਹੇਠ 58 ਜਣੇ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਫਰਵਰੀ
ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਨਵਰੀ ਮਹੀਨੇ ਦੌਰਾਨ 57 ਕੇਸ ਦਰਜ ਕਰ ਕੇ 58 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਵਲੋਂ 493 ਗ੍ਰਾਮ ਹੈਰੋਇਨ, 1.250 ਕਿਲੋ ਅਫੀਮ, 75 ਗ੍ਰਾਮ ਸਮੈਕ, 32.500 ਕਿਲੋ ਗ੍ਰਾਮ ਗਾਂਜਾ, 2170 ਨਸ਼ੀਲੀਆਂ ਗੋਲੀਆਂ ਅਤੇ 23,300 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਵਲੋਂ 1 ਜਨਵਰੀ ਤੋਂ 31 ਜਨਵਰੀ 2025 ਤੱਕ ਨਸ਼ਿਆਂ ਦੇ 33 ਕੇਸ ਦਰਜ ਕਰਕੇ 39 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ 493 ਗ੍ਰਾਮ ਹੈਰੋਇਨ, 1.250 ਕਿਲੋ ਅਫੀਮ, 75 ਗ੍ਰਾਮ ਸਮੈਕ, 32.500 ਕਿਲੋ ਗ੍ਰਾਮ ਗਾਂਜਾ, 2170 ਨਸ਼ੀਲੀਆਂ ਗੋਲੀਆਂ ਅਤੇ 23,300 ਰੁਪਏ ਡਰੱਗ ਮਨੀ ਬਰਾਮਦ ਕਰਵਾਈ ਗਈ ਹੈ। ਸ੍ਰੀ ਚਾਹਲ ਨੇ ਦੱਸਿਆ ਕਿ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 24 ਕੇਸ ਦਰਜ ਕਰਕੇ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 2 ਕੇਸ ਦਰਜ ਕਰਕੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ 3 ਪਿਸਟਲ ਸਮੇਤ 6 ਰੌਂਦ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜੂਆ ਐਕਟ ਤਹਿਤ 1 ਕੇਸ ਦਰਜ ਕਰਕੇ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 7450 ਰੁਪਏ ਬਰਾਮਦ ਕੀਤੇ ਹਨ।