ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਲਈ ਦਸਤਖਤ ਨਾ ਕਰਨ ਦਾ ਫ਼ੈਸਲਾ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 13 ਅਪਰੈਲ
ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਪਿੰਡਾਂ ਦੀਆਂ ਪੰਚਾਇਤਾਂ ਤੋਂ ਬਾਅਦ ਹੁਣ ਨਗਰ ਕੌਂਸਲਾਂ ਨੇ ਵੀ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਹਨ, ਇਸ ਦੀ ਪਹਿਲ ਕੋਟਕਪੂਰਾ ਤੋਂ ਹੋਈ ਹੈ, ਜਿਥੇ ਇਸ ਬਾਰੇ ਨਗਰ ਕੌਂਸਲ ਨੇ ਆਪਣੀ ਜਨਰਲ ਹਾਊਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਮੀਟਿੰਗ ਵਿੱਚ ਮੌਜੂਦ 29 ਵਾਰਡਾਂ ਦੇ ਕੌਂਸਲਰਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦਾ ਸਮਰਥਨ ਕਰਦਿਆਂ ਸਹਿਮਤੀ ਦਿੱਤੀ ਕਿ ਉਹ ਚਿੱਟਾ ਵੇਚਣ ਵਾਲੇ ਕਿਸੇ ਵੀ ਤਸਕਰ ਦੀ ਜ਼ਮਾਨਤ ਕਰਵਾਉਣ ਵਿੱਚ ਆਪਣੀ ਸ਼ਨਾਖਤੀ ਗਵਾਹੀ ਨਹੀਂ ਪਾਉਣਗੇ।
ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਮੀਟਿੰਗ ਵਿੱਚ 31 ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਹਿਮ ਮਤਿਆਂ ਵਿੱਚ ਇਕ ਮਤਾ ਇਹ ਵੀ ਹੈ ਕਿ ਇਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ’ਤੇ ਸ਼ਾਪਿੰਗ ਕੰਪਲੈਕਸ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੌਂਸਲ ਦੀ 4200 ਗਜ੍ਹ ਜਗ੍ਹਾ ਗਿਆਨੀ ਜ਼ੈਲ ਸਿੰਘ ਮਾਰਕੀਟ ਦੇ ਪਿਛਲੇ ਪਾਸੇ ਪਈ ਹੈ, ਜਿਥੇ ਕਿ ਇਹ ਕੰਪਲੈਕਸ ਬਣਾਉਣ ਦੇ ਨਾਲ ਨਾਲ ਕੌਂਸਲ ਦਾ ਨਵਾਂ ਦਫਤਰ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਹੀ ਵਾਰਡਾਂ ਵਿੱਚ 45 ਕਰੋੜ ਰੁਪਏ ਨਾਲ ਵਿਕਾਸ ਕੰਮ ਸ਼ੁਰੂ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ ਹੈ। ਇਸ ਤਹਿਤ ਸੜਕਾਂ, ਸਟਰੀਟ ਲਾਈਟਾਂ, ਸੀਵਰੇਜ, ਗਲੀਆਂ ਵਿੱਚ ਇੰਟਰਲਾਕਿੰਗ ਅਤੇ ਕਈ ਹੋਰ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਪੁਰਾਣੀਆਂ ਅਤੇ ਜਾਇਜ਼ ਮੰਗਾਂ ਨੂੰ ਵੀ ਸਹਿਮਤੀ ਨਾਲ ਮੰਨਕੇ ਮਤਾ ਪਾਸ ਕੀਤਾ ਗਿਆ ਅਤੇ ਪੀਣ ਵਾਲੀ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਵੱਡੇ ਪ੍ਰਾਜੈਕਟਰ ਸ਼ੁਰੂ ਕਰਨ ਨੂੰ ਮੰਨਜ਼ੂਰੀ ਦਿੱਤੀ ਗਈ।