ਨਸਲੀ ਹਮਲਾ: ਗ੍ਰਹਿ ਮੰਤਰਾਲੇ ਦੇ ਨਾਂਅ ਮੰਗ-ਪੱਤਰ ਸੌਂਪਿਆ

ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਾਰਚ
ਉੱਤਰ-ਪੂਰਬੀ ਫੋਰਮ ਫਾਰ ਇੰਟਰਨੈਸ਼ਨਲ ਏਕਤਾ (ਐੱਨਈਐੱਫਆਈਐੱਸ) ਨੇ ਉੱਤਰ-ਪੂਰਬੀ ਭਾਰਤ ਦੇ ਲੋਕਾਂ ’ਤੇ ਹੋ ਰਹੇ ਨਸਲੀ ਹਮਲੇ ਖ਼ਿਲਾਫ਼ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮੰਗ-ਪੱਤਰ ਸੌਂਪਿਆ। ਐੱਨਈਐੱਫਆਈਐੱਸ ਨੇ ਦੋਸ਼ ਲਾਇਆ ਕਿ ਕੋਵਿਡ-19 ਦੇ ਮੱਦੇਨਜ਼ਰ ਉੱਤਰ-ਪੂਰਬ ਦੇ ਲੋਕਾਂ ’ਤੇ ਨਸਲੀ ਹਮਲੇ ਵਧੇ ਹਨ। ਦੇਸ਼ ਭਰ ਵਿਚ ਕਈ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਉੱਤਰ-ਪੂਰਬ ਦੇ ਲੋਕਾਂ ਨੂੰ ਖ਼ਾਸ ਕਰਕੇ ਨਿਸ਼ਾਨਾ ਬਣਾਇਆ ਗਿਆ।
ਇਸੇ ਤਰ੍ਹਾਂ ਦਾ ਨਸਲੀ ਹਮਲਾ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਉੱਤਰ-ਪੂਰਬੀ ਦੀ ਵਿਦਿਆਰਥਣ ’ਤੇ ਹੋਇਆ, ਜੋ ਆਪਣੇ ਦੋਸਤ ਨਾਲ ਉੱਤਰੀ ਦਿੱਲੀ ਦੇ ਵਿਜੈ ਨਗਰ ਖੇਤਰ ਵਿੱਚ ਕਰਿਆਨਾ ਦਾ ਸਾਮਾਨ ਖ਼ਰੀਦਣ ਜਾ ਰਹੀ ਸੀ। ਉਸਨੇ ਦੋਸ਼ ਲਾਇਆ ਕਿ ਸਕੂਟਰ ਸਵਾਰ ਇੱਕ ਵਿਅਕਤੀ ਨੇ ਉਸ ’ਤੇ ਥੁੱਕਿਆ ਤੇ ਉਸਨੂੰ ‘ਕਰੋਨਾ’ ਕਿਹਾ।
ਐੱਨਈਐੱਫਆਈਐੱਸ ਨੇ ਕਿਹਾ ਕਿ ਇਸ ਤੋਂ ਇਲਾਵਾ ਕੌਮੀ ਰਾਜਧਾਨੀ ਵਿੱਚ ਰਹਿ ਰਹੇ ਉੱਤਰ-ਪੂਰਬੀ ਰਾਜਾਂ ਦੇ ਲੋਕਾਂ ਨੂੰ ਨਸਲੀ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ। ਇਸੇ ਤਰ੍ਹਾਂ ਤਿੰਨ ਮਾਰਚ ਨੂੰ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਨੇੜੇ ਛੇ ਵਿਅਕਤੀਆਂ ਨੇ ਉੱਤਰ-ਪੂਰਬ ਦੇ ਦੋ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ‘ਕਰੋਨਾਵਾਇਰਸ’ ਕਹਿ ਕੇ ਚਿੜਾਇਆ।