ਨਸ਼ਾ ਵਿਰੋਧੀ ਕਮੇਟੀਆਂ ਦੀ ਪੁਲੀਸ ਮਦਦ ਕਰੇਗੀ: ਐਸਟੀਐਫ ਮੁਖੀ

ਐੱਸਟੀਐੱਫ ਮੁਖੀ ਬਲਕਾਰ ਸਿੰਘ ਐੱਸਐੱਸਪੀ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ।- ਫ਼ੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 12 ਅਗਸਤ
ਅੱਜ ਬਠਿੰਡਾ ਪੁਲੀਸ ਵੱਲੋਂ ਐਸਟੀਐਫ ਮੁਖੀ ਬਲਕਾਰ ਸਿੰਘ, ਐਸਐਸਪੀ ਡਾ. ਨਾਨਕ ਸਿੰਘ ਤੇ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਮਨਜੀਤ ਸਿੰਘ ਢੇਸੀ ਵੱਲੋਂ ਰੱਖੀ ਗਈ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਕੇ ਕੋਟਲੀ ਪਿੰਡ ਦੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਨੂੰ 15 ਅਗਸਤ ਆਜ਼ਾਦੀ ਮੌਕੇ ਸਨਮਾਨਿਤ ਕਰਵਾਉਣ ਤੇ ਨੌਕਰੀ ਲਈ ਸਫ਼ਾਰਸ਼ ਕਰਨ ਦੀ ਗੱਲ ਕੀਤੀ।
ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਉਸ ’ਤੇ ਨਸ਼ੇ ਦੇ ਸਮਗਲਰ ਵੱਲੋਂ ਗੋਲੀ ਚਲਾ ਦਿੱਤੀ ਸੀ ਜਿਸ ਕਾਰਨ ਸਤਨਾਮ ਸਿੰਘ ਪੁੱਤਰ ਮੋਹਨ ਸਿੰਘ ਜ਼ਖ਼ਮੀ ਹੋ ਗਿਆ ਸੀ। ਅੱਜ ਪ੍ਰੈੱਸ ਕਾਨਫ਼ਰੰਸ ਮੌਕੇ ਐਸਟੀਐਫ ਮੁਖੀ ਬਲਕਾਰ ਸਿੰਘ ਨੇ ਕਿਹਾ ਕਿ ਪਿੰਡਾਂ ’ਚ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਜਾਣ ਤੇ ਪਿੰਡ ਕੋਟਲੀ ਅਬਲੂ ਵਿੱਚ ਵਾਪਰੀ ਘਟਨਾ ਤੋਂ ਡਰਨ ਦੀ ਲੋੜ ਨਹੀਂ। ਇਸ ਮੌਕੇ ਉਨ੍ਹਾਂ ਕਿਹਾ ਉਸ ਹਮਲਾਵਰ ਕਰਨਵੀਰ ਸਿੰਘ ਉਰਫ਼ ਹੈਪੀ ਸੰਧੂ ਤੇ ਉਸ ਦੇ ਸਾਥੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਦੋਸ਼ੀ ਵਿਅਕਤੀ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ। ਪੱਤਰਕਾਰਾਂ ਦੇ ਸਵਾਲ ਜਵਾਬ ਦਿੰਦਿਆਂ ਐਸਟੀਐਫ ਮੁਖੀ ਨੇ ਪੁਲੀਸ ਮਹਿਕਮੇ ’ਚ ਨਸ਼ੇ ’ਚ ਲਿਪਤ ਕਾਲੀਆਂ ਭੇਡਾਂ ਨੂੰ ਨੰਗਾ ਕਰਨ ਦੀ ਗੱਲ ਕੀਤੀ।
ਬਠਿੰਡਾ ’ਚ ਬੀੜ ਤਲਾਬ ਬਸਤੀ ’ਚ ਵਿਕਦੇ ਨਸ਼ੇ ਬਾਰੇ ਐਸਐਸਪੀ ਬਠਿੰਡਾ ਨੇ ਕਿਹਾ ਕੇ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਜਾਵੇਗੀ , ਉਨ੍ਹਾਂ ਕਿਹਾ ਕਿ ਸਕੂਲਾਂ ਕਾਲਜ ਵਿਚ ਬੜੀ ਗਰੁੱਪ ਸ਼ੁਰੂ ਕੀਤੇ ਗਏ ਹਨ ਜਿਸ ਦੇ ਰਿਜ਼ਲਟ ਸਾਹਮਣੇ ਆ ਰਹੇ ਹਨ । ਪੁਲੀਸ ਨੇ ਕਿਹਾ ਸਤਨਾਮ ਦੀ ਸਿਹਤ ਹੁਣ ਠੀਕ ਹੈ ਅਤੇ ਉਹ ਪੀੜਤ ਹੋਣਹਾਰ ਲੜਕੇ ਦੇ ਨਾਲ ਖੜ੍ਹੇ ਹਨ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਪਿੰਡ ਕੋਟਲੀ ਵਿੱਚ ਨਸ਼ਾ ਰੋਕੂ ਕਮੇਟੀ ਮੈਂਬਰ ਸਤਨਾਮ ਸਿੰਘ ਤੇ ਕਰਨਵੀਰ ਸਿੰਘ ਉਰਫ਼ ਹੈਪੀ ਸੰਧੂ ਵੱਲੋਂ ਗੋਲੀ ਚਲਾ ਦਿੱਤੀ ਸੀ ਜਦੋਂ ਉਹ ਪਿੰਡ ’ਚ ਨਾਈ ਦੀ ਦੁਕਾਨ ’ਤੇ ਆਪਣੇ ਬੱਚੇ ਨਾਲ ਵਾਲ ਕੁਟਵਾਉਣ ਗਿਆ ਸੀ।