ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਸਿਪਾਹੀ ਨੂੰ ਗੋਲੀ ਲੱਗੀ

ਅੰਮ੍ਰਿਤਸਰ ਵਿਚ ਕਾਬੂ ਕੀਤਾ ਤਸਕਰ। -ਫੋਟੋ: ਵਿਸ਼ਾਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਸਤੰਬਰ
ਨਸ਼ਾ ਤਸਕਰਾਂ ਨਾਲ ਹੋਏ ਮੁਕਾਬਲੇ ’ਚ ਸਪੈਸ਼ਲ ਟਾਸਕ ਫੋਰਸ ਦਾ ਇਕ ਸਿਪਾਹੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ। ਇਸ ਕਾਰਵਾਈ ਦੌਰਾਨ ਪੁਲੀਸ ਨੇ ਇਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਇਕ ਕਿਲੋ ਹੈਰੋਇਨ ਅਤੇ ਰਿਵਾਲਵਰ ਬਰਾਮਦ ਕੀਤਾ ਹੈ, ਜਦੋਂਕਿ ਨਸ਼ਾ ਤਸਕਰ ਦਾ ਦੂਜਾ ਸਾਥੀ ਮੌਕੇ ਤੋਂ ਭੱਜਣ ਵਿਚ ਸਫ਼ਲ ਹੋ ਗਿਆ।
ਜ਼ਖ਼ਮੀ ਪੁਲੀਸ ਮੁਲਾਜ਼ਮ ਦੀ ਸ਼ਨਾਖਤ ਗੁਰਸੇਵਕ ਸਿੰਘ ਵਜੋਂ ਹੋਈ ਹੈ, ਜਿਸ ਨੂੰ ਇਲਾਜ ਵਾਸਤੇ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਐੱਸਟੀਐੱਫ ਦੇ ਆਈਜੀ ਆਰਕੇ ਜੈਸਵਾਲ ਨੇ ਦੱਸਿਆ ਕਿ ਐੱਸਟੀਐੱਫ ਵੱਲੋਂ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਲਈ ਏਐੱਸਆਈ ਕਸ਼ਮੀਰ ਸਿੰਘ ਦੀ ਟੀਮ ਵਲੋਂ ਪਿੰਡ ਕੋਹਾਲੀ ਦੀ ਡਰੇਨ ਨੇੜੇ ਨਾਕਾ ਲਾ ਕੇ ਦੋ ਨੌਜਵਾਨਾਂ ਨੂੰ ਪੁਛ ਪੜਤਾਲ ਲਈ ਰੋਕਿਆ ਸੀ। ਨੌਜਵਾਨਾਂ ਨੇ ਪੁਲੀਸ ਨੂੰ ਦੇਖ ਕੇ ਭੱਜਣ ਦਾ ਯਤਨ ਕੀਤਾ। ਇਸ ਦੌਰਾਨ ਸਿਪਾਹੀ ਗੁਰਸੇਵਕ ਸਿੰਘ ਨੇ ਦੋਵਾਂ ’ਚੋਂ ਇਕ ਨੂੰ ਜੱਫਾ ਮਾਰ ਕੇ ਕਾਬੂ ਕਰਨ ਦਾ ਯਤਨ ਕੀਤਾ ਤਾਂ ਨੌਜਵਾਨ ਨੇ ਆਪਣੀ ਰਿਵਾਲਵਰ ’ਚੋਂ ਸਿਪਾਹੀ ਵੱਲ ਗੋਲੀ ਚਲਾਈ ਤੇ ਗੋਲੀ ਸਿਪਾਹੀ ਦੀ ਛਾਤੀ ਵਿੱਚ ਲੱਗੀ। ਜ਼ਖ਼ਮੀ ਹੁੰਦਿਆਂ ਵੀ ਸਿਪਾਹੀ ਨੇ ਨੌਜਵਾਨ ਨੂੰ ਦਬੋਚ ਲਿਆ, ਇਸ ਦੌਰਾਨ ਉਸ ਦਾ ਦੂਜਾ ਸਾਥੀ ਮੌਕੇ ਤੋਂ ਭੱਜ ਗਿਆ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਸ਼ਨਾਖਤ ਕਰਨਬੀਰ ਸਿੰਘ ਵਜੋਂ ਹੋਈ ਹੈ। ਉਸ ਕੋਲੋਂ ਤਲਾਸ਼ੀ ਦੌਰਾਨ ਇਕ ਕਿਲੋ ਹੈਰੋਇਨ ਬਰਾਮਦ ਹੋਈ ਹੈ। ਪੁਲੀਸ ਨੇ ਮੌਕੇ ਤੋਂ ਭੱਜੇ ਦੂਜੇ ਨੌਜਵਾਨ ਦੀ ਵੀ ਸ਼ਨਾਖਤ ਕਰ ਲਈ ਹੈ, ਜਿਸ ਦਾ ਨਾਂ ਸ਼ਮਸ਼ੇਰ ਸਿੰਘ ਦੱਸਿਆ ਗਿਆ ਹੈ। ਪੁਲੀਸ ਨੇ ਮਾਮਲੇ ’ਚ ਧਾਰਾ 307, ਅਸਲਾ ਐਕਟ ਦੀ ਧਾਰਾ ਅਤੇ ਐੱਨਡੀਪੀਐੱਸ ਐਕਟ ਹੇਠ ਕੇਸ ਦਰਜ ਕੀਤਾ ਹੈ।