ਨਵੇਂ ਭਰਤੀ ਕਲਰਕਾਂ ਦੇ ਪੇਅ ਸਕੇਲਾਂ ਸਬੰਧੀ ਮੀਟਿੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਨਵੇਂ ਭਰਤੀ ਦਫ਼ਤਰੀ ਕਾਮਿਆਂ ਦੇ ਪੇਅ ਸਕੇਲਾਂ ਦੇ ਸਬੰਧ ਵਿੱਚ ਅਹਿਮ ਮੀਟਿੰਗ ਸਥਾਨਕ ਗੁਰੂ ਨਾਨਕ ਭਵਨ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬ ਭਰ ਤੋਂ ਆਏ ਵੱਖ-ਵੱਖ ਵਿਭਾਗਾਂ ਦੇ ਕਲਰਕਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਡੀਸੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਮਨਿਸਟੀਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾ ਵੱਖ-ਵੱਖ ਵਿਭਾਗਾਂ ਦੇ ਕਲਰਕਾਂ ਨੇ ਯੂਨੀਅਨ ਆਗੂਆਂ ਸਾਹਮਣੇ ਨਵੇਂ ਨਿਯੁਕਤ ਕਲਰਕਾਂ ਨੂੰ ਕੋਰਟ ਕਲਰਕਾਂ ਦੀ ਤਰਜ ’ਤੇ ਗ੍ਰੇਡ ਪੇਅ ਸਕੇਲ ਦੇਣ ਦੀ ਮੰਗ, ਟਾਈਪ ਟੈੱਸਟ ਤੋਂ ਛੋਟ ਅਤੇ ਟਾਈਪ ਟੈੱਸਟ ਕਲੀਅਰ ਨਾ ਕਰਨ ਵਾਲੇ ਕਲਰਕਾਂ ਨੂੰ ਡੀਮੋਟ ਨਾ ਕਰਨ ਸਬੰਧੀ ਵੀ ਮੰਗ ਰੱਖੀ ਗਈ। ਇਸ ਮੌਕੇ ਨਵੇਂ ਭਰਤੀ ਕਲਰਕਾਂ ਵੱਲੋਂ ਆਪਣੇ ਤਨਖ਼ਾਹ ਦੇ ਵਾਧੇ ਸਬੰਧੀ ਹੱਕੀ ਮੰਗ ਨੂੰ ਹੱਲ ਕਰਵਾਉਣ ਸਮੇਤ ਹੋਰ ਮੰਗਾ ’ਤੇ ਵਿਸਥਾਰ ਸਾਹਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਲਰਕਾਂ ਨਾਲ ਹੋ ਰਹੇ ਧੱਕੇ ਖ਼ਿਲਾਫ਼ ਵੀ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਨੰਗਲ ਅਤੇ ਸ੍ਰੀ ਖੱਟੜਾ ਨੇ ਕਿਹਾ ਕਿ ਇਨ੍ਹਾਂ ਸਾਥੀਆਂ ਦੀਆਂ ਮੰਗਾਂ ਨੂੰ ਯੂਨੀਅਨ ਵੱਲੋਂ ਸਾਰੇ ਵਿਭਾਗਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਹੀ ਸੂਬੇ ਵਿੱਚ ਦੋ ਤਰ੍ਹਾਂ ਦੇ ਸਕੇਲ ਲਾਗੂ ਨਹੀਂ ਹੋ ਸਕਦੇ, ਜਲਦੀ ਹੀ ਇਸ ਮਸਲੇ ਨੂੰ ਪੀਐੱਸਐੱਮਐੱਸ ਯੂਨੀਅਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਮਨਿੰਦਰ ਸਿੰਘ ਘੁਡਾਣੀ, ਵਰਜਿੰਦਰ ਸਿੰਘ ਢੰਡਾਰੀ ਖੁਰਦ, ਲਵਪ੍ਰੀਤ ਸਿੰਘ, ਜਸਪਾਲ ਬਾਂਗਰ, ਬਲਜਿੰਦਰ ਸਿੰਘ ਕਡਿਆਣਾ ਕਲਾਂ, ਸਨੀ ਡੀਸੀ ਦਫ਼ਤਰ , ਜਗਦੀਪ ਮੁਕਤਸਰ, ਸੁਨੀਲ ਕੁਮਾਰ ਮੋਗਾ ਅਤੇ ਹੋਰ ਹਾਜ਼ਰ ਸਨ।