ਨਵਾਂ ਗਰਾਉਂ ਵਾਸੀਆਂ ਵੱਲੋਂ ਕੌਂਸਲ ਦਫ਼ਤਰ ਅੱਗੇ ਪ੍ਰਦਰਸ਼ਨ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 3 ਫਰਵਰੀ
ਨੱਗਰ ਕੌਂਸਲ ਅਧੀਨ ਪੈਂਦੇ ਇਲਾਕੇ ਵਿੱਚ ਲੋਕਾਂ ਦੇ ਘਰਾਂ, ਦੁਕਾਨਾਂ ਦੇ ਨਕਸ਼ੇ ਨਾ ਪਾਸ ਕਰਨ, ਬਿਜਲੀ, ਪਾਣੀ ਦੇ ਕੁਨੈਕਸ਼ਨ ਨਾ ਮਿਲਣ ਖ਼ਿਲਾਫ਼ ਅੱਜ ਵੱਡੀ ਗਿਣਤੀ ਲੋਕਾਂ ਨੇ ਕੌਂਸਲ ਦੇ ਦਫ਼ਤਰ ਸਾਹਮਣੇ ਪੰਜਾਬ ਸਰਕਾਰ ਅਤੇ ਹਲਕੇ ਦੀ ਵਿਧਾਇਕਾ ਬੀਬੀ ਅਨਮੋਲ ਗਗਨ ਮਾਨ ਖ਼ਿਲਾਫ਼ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ।
ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਵੋਟਰ, ਆਧਾਰ ਕਾਰਡ ਬਣੇ ਹੋਏ ਹਨ, ਬੈਂਕ ਖਾਤੇ ਖੁੱਲ੍ਹੇ ਹਨ, ਮਕਾਨ ਬਣਾਉਣ ਲਈ ਘਰੇਲੂ ਕਰਜ਼ੇ ਮਿਲੇ ਹੋਏ ਹਨ, ਦੁਕਾਨਾਂ ਲਈ ਜੀਐੱਸਟੀ ਨੰਬਰ ਲਏ ਹੋਏ ਹਨ ਪਰ ਪੰਜਾਬ ਸਰਕਾਰ ਬਿਜਲੀ, ਪਾਣੀ ਦੇ ਨਕਸ਼ੇ ਨਾ ਪਾਸ ਹੋਣ ਕਾਰਨ ਪ੍ਰੇਸ਼ਾਨ ਹਨ, ਜਿਸ ਕਰਕੇ ਅੱਜ ਰੋਸ ਧਰਨਾ ਦਿੱਤਾ ਗਿਆ ਹੈ। ਯੂਥ ਕਾਂਗਰਸ ਦੇ ਜਿਲ੍ਹਾ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨਵਾਂ ਗਰਾਉਂ ਦੇ ਸਰਕਲ ਪ੍ਰਧਾਨ ਮਨਜੀਤ ਸਿੰਘ ਸਿੱਧੂ, ਅਕਾਲੀ ਦਲ ਦੇ ਯੂਥ ਸੀਨੀਅਰ ਆਗੂ ਕੁਲਜੀਤ ਸਿੰਘ ਬੈਂਸ ਕਾਂਸਲ, ਭਾਜਪਾ ਆਗੂ ਸੁਰਿੰਦਰ ਬੱਬਲ, ਕੌਂਸਲਰ ਪ੍ਰਮੋਦ ਕੁਮਾਰ, ਨਵਾਂ ਗਰਾਉਂ ਭਾਜਪਾ ਮੰਡਲ ਪ੍ਰਧਾਨ ਜੋਗਿੰਦਰਪਾਲ ਗੁੱਜਰ, ਭਾਜਪਾ ਆਗੂ ਗੁਰਧਿਆਨ ਸਿੰਘ ਕਰੌਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀਆਂ ਮੰਗਾਂ ’ਤੇ ਜਲਦੀ ਕੋਈ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਵਾਲੀ ਸਰਕਾਰੀ ਰਿਹਾਇਸ਼ ਤੱਕ ਰੋਸ ਰੈਲੀ ਕੀਤੀ ਜਾਵੇਗੀ। ਇਸੇ ਦੌਰਾਨ ਖਰੜ੍ਹ ਦੇ ਐੱਸਡੀਐੱਮ ਗੁਰਮੰਦਰ ਸਿੰਘ ਨੇ ਲੋਕਾਂ ਕੋਲੋਂ ਪੱਤਰ ਲੈਂਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ।