ਨਵਜੋਤ ਸਿੱਧੂ ਦੀ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ 3’ ’ਚ ਵਾਪਸੀ
ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ’ ਦੇ ਤੀਜੇ ਸੀਜ਼ਨ ਨਾਲ ਵਾਪਸੀ ਲਈ ਤਿਆਰ ਹੈ। ਨੈੱਟਫਲਿਕਸ ਨੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੇ ਤੀਜੇ ਸੀਜ਼ਨ ਵਿੱਚ ਸਿੱਧੂ ਦੀ ਵਾਪਸੀ ਦਾ ਅੱਜ ਐਲਾਨ ਕੀਤਾ ਹੈ। ਸਿੱਧੂ 2013 ਤੇ 2016 ਦਰਮਿਆਨ ‘ਕਾਮੇਡੀ ਨਾਈਟਸ ਵਿਦ ਕਪਿਲ’ ਵਿੱਚ ਸਥਾਈ ਮਹਿਮਾਨ ਸਨ। ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਅਤੇ ‘ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ’ ਦੇ ਪਹਿਲੇ ਦੋ ਸੀਜ਼ਨਾਂ ਵਿੱਚ ਵੀ ਨਜ਼ਰ ਆਏ ਸਨ। ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ 3’ 21 ਜੂਨ ਤੋਂ ਨੈੱਟਫਲਿਕਸ ’ਤੇ ਜਾਰੀ ਹੋਵੇਗਾ। ਸਟ੍ਰੀਮਿੰਗ ਪਲੇਟਫਾਰਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਵੀਡੀਓ ਨਾਲ ਇਹ ਐਲਾਨ ਕੀਤਾ ਹੈ। ਸਟ੍ਰੀਮਰ ਨੇ ‘ਐਕਸ’ ਉੱਤੇ ਕੈਪਸ਼ਨ ਵਿੱਚ ਲਿਖਿਆ,‘ਏਕ ਕੁਰਸੀ ਭਾਅ ਜੀ ਕੇ ਲਈਏ ਪਲੀਜ਼। ਹਰ ਫਨੀਵਾਰ ਬੜੇਗਾ ਹਮਾਰਾ ਪਰਿਵਾਰ, ਨਵਜੋਤ ਸਿੰਘ ਸਿੱਧੂ ਤੇ ਅਰਚਨਾ ਪੂਰਨ ਸਿੰਘ ਦੀ ਵਾਪਸੀ ਦੇ ਨਾਲ। ਉਨ੍ਹਾਂ ਨੂੰ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ’ ਦੇ ਨਵੇਂ ਸੀਜ਼ਨ ਵਿੱਚ ਦੇਖੋ, ਜੋ 21 ਜੂਨ ਤੋਂ ਰਾਤ 8 ਵਜੇ ਨੈੱਟਫਲਿਕਸ ’ਤੇ ਪੇਸ਼ ਹੋਵੇਗਾ।’’ ਸਿੱਧੂ ਨੇ ਕਿਹਾ ਕਿ ਸ਼ੋਅ ਵਿੱਚ ਪਰਤਣਾ ਘਰ ਵਾਪਸੀ ਵਰਗਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, ‘‘ਦਿ ਗਰੇਟ ਇੰਡੀਅਨ ਕਪਿਲ ਸ਼ੋਅ’ ਵਿੱਚ ਆ ਕੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਮੁੜ ਘਰ ਆ ਗਿਆ ਹਾਂ। ਇਹ ਮੇਰੇ ਲਈ ਘਰ ਦੀ ਦੌੜ ਵਾਂਗ ਹੈ।’’ ਕਪਿਲ ਨੇ ਕਿਹਾ, ‘‘ਅਸੀਂ ਵਾਅਦਾ ਕੀਤਾ ਸੀ ਕਿ ਹਰ ਫਨੀਵਾਰ ਬੜੇਗਾ ਹਮਾਰਾ ਪਰਿਵਾਰ। ਅਰਚਨਾ ਜੀ ਨਾਲ ਸਾਰੇ ਚੁਟਕਲੇ, ਸ਼ਾਇਰੀ ਅਤੇ ਮਸਤੀ ਦਾ ਲੁਤਫ਼ ਉਠਾਉਣ ਲਈ ਸਿੱਧੂ ਭਾਅ ਜੀ ਨੂੰ ਪਰਿਵਾਰ ਦਾ ਹਿੱਸਾ ਬਣਾਉਣ ਲਈ ਬਹੁਤ ਉਤਸ਼ਾਹਿਤ ਹਾਂ। ਮੂਡ ਸੈੱਟ ਹੈ, ਇਸ ਲਈ ਜੁੜੇ ਰਹੋ ਕਿਉਂਕਿ ਇਸ ਸੀਜ਼ਨ ਵਿੱਚ ਚੁਟਕਲੇ ਅਤੇ ਹਾਸੇ ਦੋਵੇਂ ਹੋ ਗਏ ਹਨ ਟ੍ਰਿਪਲ।’’ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਵੀ ਅਗਲੇ ਸੀਜ਼ਨ ਦਾ ਹਿੱਸਾ ਹਨ। -ਪੀਟੀਆਈ