ਨਰਸਿੰਗ ਸਕੂਲ ’ਚ ਵਿਸ਼ਵ ਕੈਂਸਰ ਦਿਵਸ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜਨਵਰੀ
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਸੰਜੇ ਕਾਮਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਸਰਕਾਰੀ ਨਰਸਿੰਗ ਸਕੂਲ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ। ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਛਾਤੀ ਵਿੱਚ ਹੋਣ ਵਾਲੀਆਂ ਗਿਲਟੀਆਂ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ, ਭੁੱਖ ਨਾ ਲੱਗਣਾ, ਲਗਾਤਾਰ ਵਜ਼ਨ ਦਾ ਘੱਟ ਹੋਣਾ, ਪਾਚਨ ਸ਼ਕਤੀ ਅਤੇ ਪਖਾਨਾ ਕਿਰਿਆ ਵਿੱਚ ਅਚਾਨਕ ਬਦਲਾਅ ਆਉਣਾ ਆਦਿ ਲੱਛਣ ਨਜਰ ਆਉਣ ’ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ ਨੇ ਦੱਸਿਆ ਕਿ 35 ਸਾਲ ਦੀ ਉਮਰ ਤੋਂ ਬਾਅਦ ਹਰ ਔਰਤ ਨੂੰ ਆਪਣੀ ਮੈਡੀਕਲ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਚੱਲ ਰਹੀ ਹੈ ਜਿਸ ਤਹਿਤ ਕੈਂਸਰ ਤੋਂ ਪੀੜਤ ਵਿਅਕਤੀ ਨੂੰ ਇਲਾਜ ਲਈ 1 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜੋ ਕਿ ਉਸ ਵੱਲੋਂ ਇਲਾਜ ਕਰਵਾਏ ਜਾ ਰਹੇ ਹਸਪਤਾਲ ਦੇ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਕਰਨੈਲ ਸਿੰਘ, ਬਲਾਕ ਐਜੂਕੇਟਰ ਹਰਦੀਪ ਜਿੰਦਲ, ਸਕੂਲ ਪ੍ਰਿੰਸੀਪਲ ਸੁਰਿੰਦਰ ਕੌਰ ਤੇ ਸ਼ਿੰਦਰਪਾਲ ਕੌਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ