ਨਰਵਾਣਾ ਦਾ ਕਾਇਆਕਲਪ ਕਰਾਂਗੇ: ਕ੍ਰਿਸ਼ਨ ਬੇਦੀ
ਮਹਾਂਵੀਰ ਮਿੱਤਲ
ਜੀਂਦ/ਨਰਵਾਣਾ, 8 ਜੂਨ
ਕੈਬਨਿਟ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਕਿ ਨਰਵਾਣਾ ਦਾ ਕਾਇਆਕਲਪ ਕੀਤੀ ਜਾਵੇਗੀ ਤੇ ਸ਼ਹਿਰ ਵਿੱਚ ਲੋਕਾਂ ਨੂੰ ਸਾਫ਼ ਪਾਣੀ ਅਤੇ ਬਿਜਲੀ ਜਿਹੀਆਂ ਬੁਨਿਆਦੀ ਸਹੂਲਤਾਂ ਲਗਾਤਾਰ ਮਿਲਦੀਆਂ ਰਹਿਣਗੀਆਂ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹੈ ਕਿ ਨਰਵਾਣਾ ਪੂਰਨ ਰੂਪ ਨਾਲ ਸਿੱਖਿਅਕ, ਸੁਰੱਖਿਅਤ ਅਤੇ ਵਿਕਸਿਤ ਇਲਾਕਿਆਂ ਵਿੱਚ ਸ਼ਾਮਲ ਹੋਵੇ। ਨਰਵਾਣਾ ਦੇ ਦੜਾ ਮੁਹੱਲੇ ਵਿੱਚ ਬ੍ਰਾਹਮਣ ਸਮਾਜ ਵੱਲੋਂ ਕੀਤੇ ਸਮਾਰੋਹ ਵਿੱਚ ਮੰਤਰੀ ਨੇ ਕਿਹਾ ਕਿ ਅਕਤੂਬਰ 2024 ਵਿੱਚ ਉਨ੍ਹਾਂ ਨੇ ਜਦੋਂ ਤੋਂ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਨਰਵਾਣਾ ਇਲਾਕੇ ਵਿੱਚ ਕਰੀਬ 400 ਤੋਂ 500 ਕਰੋੜ ਰੁਪਏ ਦੀ ਵਿਕਾਸ ਪ੍ਰਾਜੈਕਟ ਮਨਜ਼ੂਰ ਹੋਏ ਹਨ। ਉਨ੍ਹਾਂ ਕਿਹਾ ਕਿ ਨਰਵਾਣਾ ਨੂੰ ਵਿਕਾਸ ਦਾ ਹੱਬ ਬਣਾਇਆ ਜਾਵੇਗਾ। ਇਸ ਦੇ ਲਈ ਪੈਸਿਆਂ ਦੀ ਕੋਈ ਘਾਟ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਦਬਲੈਨ ਫਾਟਕ ’ਤੇ ਪੁਲ ਬਣਾਉਣ ਦਾ ਕੰਮ ਲਗਪਗ ਪੂਰਾ ਹੋ ਚੁੱਕਾ ਤੇ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੱਸ ਅੱਡੇ ਦੀ ਇਮਾਰਤ ਵੀ ਬਣਾਈ ਜਾਵੇਗੀ, ਜਿਸ ਲਈ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਇੱਥੇ ਨਾਗਰਿਕ ਹਸਪਤਾਲ ਦਾ ਵੀ ਸੁਧਾਰ ਕਰਨਾ ਪ੍ਰਸਤਾਵਿਤ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵੀ ਸੀਵਰੇਜ ਪਾਈਪਲਾਈਨ ਪਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਸਾਰੇ ਇਲਾਕਾ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਗਿਆਨਾ ਰਾਮ ਸ਼ਰਮਾ, ਵੇਦਪਾਲ ਸ਼ਰਮਾ, ਸਾਬਕਾ ਵਿਧਾਇਕ ਪਿਰਥੀ ਸਿੰਘ, ਭਾਜਪਾ ਨੇਤਾ ਓਮ ਪ੍ਰਕਾਸ਼ ਸ਼ਰਮਾ, ਇਸ਼ਵਰ ਗੋਇਲ ਤੇ ਹੰਸ ਰਾਜ ਸਮੈਣ ਆਦਿ ਹਾਜ਼ਰ ਸਨ।