ਨਫ਼ਰਤ ਭਰੀ ਭਾਸ਼ਾ
ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ’ਚ ਉੱਠੀ ਗੁੱਸੇ ਦੀ ਲਹਿਰ ਨੇ ਭੱਦੀਆਂ ਟਿੱਪਣੀਆਂ ਕਰਨ ਵਾਲਿਆਂ (ਟਰੋਲ ਆਰਮੀ) ਨੂੰ ਐਨਾ ਭੜਕਾ ਦਿੱਤਾ ਹੈ ਕਿ ਉਹ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਵੀ ਆਨਲਾਈਨ ਗਾਲਾਂ ਕੱਢੀਆਂ ਗਈਆਂ। ਇੱਥੋਂ ਤੱਕ ਕਿ ਹਿਮਾਂਸ਼ੀ ਨਰਵਾਲ ਜੋ ਹਮਲੇ ’ਚ ਮਾਰੇ ਗਏ ਇੱਕ ਸ਼ਖ਼ਸ ਦੀ ਪਤਨੀ ਹੈ, ਨੂੰ ਵੀ ਨਹੀਂ ਬਖ਼ਸ਼ਿਆ ਗਿਆ, ਜਦੋਂ ਉਸ ਨੇ ਲੋਕਾਂ ਨੂੰ ਮੁਸਲਮਾਨਾਂ ਅਤੇ ਕਸ਼ਮੀਰੀਆਂ ਖ਼ਿਲਾਫ਼ ਨਫ਼ਰਤ ਨਾ ਫੈਲਾਉਣ ਦੀ ਅਪੀਲ ਕੀਤੀ ਪਰ ਹੁਣ ਇਨ੍ਹਾਂ ਸਾਰਿਆਂ ਤੋਂ ਵੀ ਹੇਠਾਂ ਡਿੱਗਦਿਆਂ ਇੱਕ ਰਾਜਨੀਤਕ ਵਿਅਕਤੀ ਵੱਲੋਂ ਸ਼ਰਮਨਾਕ ਟਿੱਪਣੀ ਕੀਤੀ ਗਈ ਹੈ। ਇਹ ਵਿਅਕਤੀ ਮੱਧ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਦਾ ਮੰਤਰੀ ਹੈ ਜਿਸ ਦਾ ਨਾਂ ਵਿਜੇ ਸ਼ਾਹ ਹੈ।
ਇਸ ਹਫ਼ਤੇ ਸ਼ਾਹ ਨੇ ਕਰਨਲ ਸੋਫੀਆ ਕੁਰੈਸ਼ੀ ਜੋ ਵਿੰਗ ਕਮਾਂਡਰ ਵਯੋਮਿਕਾ ਸਿੰਘ ਨਾਲ ਮਿਲ ਕੇ ‘ਅਪਰੇਸ਼ਨ ਸਿੰਧੂਰ’ ਬਾਰੇ ਜਾਣਕਾਰੀ ਦੇ ਰਹੀ ਸੀ, ਉੱਤੇ ਹੈਰਾਨੀਜਨਕ ਢੰਗ ਨਾਲ ਫ਼ਿਰਕੂ ਟਿੱਪਣੀਆਂ ਕੀਤੀਆਂ। ਮੱਧ ਪ੍ਰਦੇਸ਼ ਦੇ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ “ਉਨ੍ਹਾਂ ਅਤਿਵਾਦੀਆਂ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੀ ਹੀ ਭੈਣ ਨੂੰ ਭੇਜਿਆ” ਜਿਨ੍ਹਾਂ ਸਾਡੀਆਂ ‘ਧੀਆਂ ਨੂੰ ਵਿਧਵਾ’ ਕੀਤਾ ਸੀ। ਇਹ ਟਿੱਪਣੀ ਸੋਮਵਾਰ ਨੂੰ ਕੀਤੀ ਗਈ ਪਰ ਐੱਫਆਈਆਰ ਬੁੱਧਵਾਰ ਰਾਤ ਨੂੰ ਦਰਜ ਹੋਈ, ਉਹ ਵੀ ਮੱਧ ਪ੍ਰਦੇਸ਼ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ। ਹਾਈ ਕੋਰਟ ਨੇ ਸ਼ਾਹ ਦੀ ਭਾਸ਼ਾ ਨੂੰ ‘ਅਤਿ ਦਰਜੇ ਦੀ ਨੀਚ’ ਕਰਾਰ ਦਿੱਤਾ। ਹਾਈ ਕੋਰਟ ਦੇ ਹੁਕਮਾਂ ’ਤੇ ਐੱਫਆਈਆਰ ਤੋਂ ਬਾਅਦ ਮੰਤਰੀ ਨੇ ਸੁਪਰੀਮ ਕੋਰਟ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਸਿਖ਼ਰਲੀ ਅਦਾਲਤ ਨੇ ਕਿਹਾ ਕਿ ਜਦੋਂ ਦੇਸ਼ ‘ਅਜਿਹੀ ਸਥਿਤੀ’ ਵਿੱਚੋਂ ਲੰਘ ਰਿਹਾ ਹੋਵੇ ਤਾਂ ਕਿਸੇ ਮੰਤਰੀ ਨੂੰ ਹਰ ਸ਼ਬਦ ਪੂਰੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਮੂੰਹੋਂ ਕੱਢਣਾ ਚਾਹੀਦਾ ਹੈ। ਵਿਜੇ ਸ਼ਾਹ ਨੇ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਉਹ ਕਰਨਲ ਕੁਰੈਸ਼ੀ ਦੀ ਆਪਣੀ ਭੈਣ ਨਾਲੋਂ ਵੱਧ ਇੱਜ਼ਤ ਕਰਦਾ ਹੈ ਪਰ ਹੁਣ ਜਿਹੜਾ ਨੁਕਸਾਨ ਹੋਣਾ ਸੀ, ਉਹ ਹੋ ਚੁੱਕਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ਨੇ ਸ਼ਾਹ ਨੂੰ ਮੰਤਰੀ ਵਜੋਂ ਹਟਾਉਣ ਦੀ ਹਿੰਮਤ ਨਹੀਂ ਦਿਖਾਈ। ਪਾਰਟੀ ਲੀਡਰਸ਼ਿਪ ਉਡੀਕਣ ਤੇ ਵਾਚਣ ਦੀ ਖੇਡ ’ਚ ਪਈ ਹੈ, ਜਦੋਂਕਿ ਮੰਤਰੀ ਕਾਨੂੰਨੀ ਬਦਲਾਂ ਲਈ ਭੱਜ-ਦੌੜ ਕਰ ਰਿਹਾ ਹੈ।
ਵਿਜੇ ਸ਼ਾਹ ਭਾਜਪਾ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਅਜਿਹੇ ਰਾਜ ਵਿਚ ਆਦਿਵਾਸੀ ਭਲਾਈ ਮੰਤਰੀ ਹੈ ਜਿੱਥੇ ਅਨੁਸੂਚਿਤ ਜਨਜਾਤੀਆਂ ਆਬਾਦੀ ਦਾ ਪੰਜਵਾਂ ਹਿੱਸਾ ਹਨ ਪਰ ਕੀ ਇਹ ਰਾਜਨੀਤਕ ਘਮੰਡ ਮੰਤਰੀ ਨੂੰ ਫ਼ੌਜ ਤੇ ਔਰਤਾਂ ਦੀ ਬੇਇੱਜ਼ਤੀ ਕਰਨ ਦਾ ਹੱਕ ਦਿੰਦਾ ਹੈ? ਪਾਰਟੀ ਨੂੰ ਬੇਸ਼ੱਕ ਮਿਸਾਲੀ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਤਿਵਾਦ ਤੇ ਫ਼ਿਰਕੂ ਵੰਡੀਆਂ ਖ਼ਿਲਾਫ਼ ਡਟਣ ਵਾਲੇ ਸਾਡੇ ਦੇਸ਼ ’ਚ ਇਹ ਸਪੱਸ਼ਟ ਸੁਨੇਹਾ ਜਾਵੇ ਕਿ ਨਫ਼ਰਤ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।