ਨਦੀਮ
ਡਾ. ਰਵਿੰਦਰ ਸਿੰਘ
ਕਥਾ ਪ੍ਰਵਾਹ
ਉਹਦਾ ਇੰਤਕਾਲ ਹੋਏ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ। ਇੰਤਕਾਲ ਹੋਣ ਤੋਂ ਮਹੀਨਾ ਕੁ ਪਹਿਲਾਂ ਸਖ਼ਤ ਬਿਮਾਰ ਹੋਣ ਕਾਰਨ ਉਹਦੇ ਘਰ ਮਿਲ ਕੇ ਆਇਆ ਸਾਂ। ਪਟਿਆਲੇ ਤੋਂ ਤੁਰਨ ਲੱਗਿਆਂ ਹੀ ਸਾਡੇ ਦੋਵਾਂ ਦੇ ਸਾਂਝੇ ਦੋਸਤ ਅਤੇ ਉਹਦੇ ਗੁਆਂਢੀ ਅਸ਼ਰਫ਼ ਨੂੰ ਫੋਨ ਕਰ ਦਿੱਤਾ ਸੀ। ਮੈਂ ਕਿਹਾ, ‘‘ਮੈਂ ਆ ਰਿਹਾ ਹਾਂ। ਨਦੀਮ ਦੇ ਘਰ ਉਹਦੀ ਖ਼ਬਰ ਲੈਣ ਜਾਣਾ ਹੈ। ਮਾਲੇਰਕੋਟਲੇ ਤੇ ਉਹਦੇ ਘਰ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ ਹੈ, ਅੱਗੇ ਆ ਜਾਵੀਂ ਤਾਂ ਕਿ ਅਸੀਂ ਔਖੇ ਨਾ ਹੋਈਏ।’’ ਅਸ਼ਰਫ਼ ਨੇ ਮਹਿਮਾਨਨਿਵਾਜ਼ੀ ਲਹਿਜੇ ਵਿੱਚ ਮੇਰੇ ਕਹੇ ਨੂੰ ਸਵੀਕਾਰ ਕਰ ਲਿਆ। ਮੈਂ ਤੇ ਮੇਰਾ ਵਕੀਲ ਦੋਸਤ ਮਾਲੇਰਕੋਟਲੇ ਵੱਲ ਤੁਰ ਪਏ ਸਾਂ।
ਮਾਲਵੇ ਵਿੱਚ ਮੁਸਲਿਮ ਪਰਿਵਾਰਾਂ ਦੀ ਗਿਣਤੀ ਨਾਂ-ਮਾਤਰ ਹੈ। ਕਦੇ ਹੀ ਕੋਈ ਇਸਲਾਮੀ ਟੋਪੀ ਵਾਲਾ ਦਿਸਦਾ ਹੈ। ਮਾਲੇਰਕੋਟਲੇ ਵਿੱਚ ਵੜਦਿਆਂ ਹੀ ਬੜਾ ਵੱਖਰਾ ਜਿਹਾ ਦ੍ਰਿਸ਼ ਨਜ਼ਰ ਆਉਣ ਲੱਗਾ। ਚਾਰੇ ਪਾਸੇ ਟੋਪੀਆਂ ਤੇ ਤੰਬੀਆਂ-ਕੁੜਤਿਆਂ ਵਾਲੇ ਬੰਦੇ, ਬੁਰਕਿਆਂ ਵਾਲੀਆਂ ਔਰਤਾਂ, ਸੜਕਾਂ ’ਤੇ ਕੰਧਾਂ ਉੱਤੇ ਪਾਨਾਂ ਦੀਆਂ ਪਿਚਕਾਰੀਆਂ ਦੇਖ ਕੇ ਹੈਰਾਨ ਸਾਂ। ਮੈਂ ਐਡਵੋਕੇਟ ਲੋਹਟਬੱਧੀ ਨੂੰ ਕਿਹਾ, ‘‘ਇੱਥੋਂ ਦਾ ਮਾਹੌਲ ਤਾਂ ਵੱਖਰਾ ਹੀ ਹੈ, ਵਕੀਲ ਸਾਹਿਬ।’’ ਉਹ ਜਾਣੂੰ ਸਨ। ਉਨ੍ਹਾਂ ਮੇਰੀ ਗੱਲ ’ਤੇ ਮੋਹਰ ਲਾਉਂਦਿਆਂ ਕਿਹਾ, ‘‘ਡਾ. ਸਾਹਿਬ ਤੁਹਾਨੂੰ ਇੱਥੇ ਪਾਕਿਸਤਾਨ ਵਾਲੀ ਫੀਲਿੰਗ ਆਵੇਗੀ। ਇੱਥੋਂ ਦਾ ਖਾਣ-ਪੀਣ, ਪਹਿਨਣ-ਪਚਰਨ, ਬੋਲ-ਚਾਲ, ਬਾਜ਼ਾਰ ਸਭ ਕੁਝ ਵੱਖਰਾ ਹੈ।’’
ਸਾਡੀ ਗੱਡੀ ਅਸ਼ਰਫ਼ ਦੇ ਦੱਸੇ ਟਿਕਾਣੇ ’ਤੇ ਪਹੁੰਚ ਗਈ। ਉਹ ਇੰਤਜ਼ਾਰ ਕਰ ਰਿਹਾ ਸੀ। ਬੜੇ ਨਿੱਘ ਨਾਲ ਮਿਲਿਆ ਤੇ ਨਦੀਮ ਦੇ ਘਰ ਵੱਲ ਲੈ ਤੁਰਿਆ। ਘਰ ਵੜਦਿਆਂ ਹੀ ਅੰਦਾਜ਼ਾ ਲੱਗ ਗਿਆ ਕਿ ਨਦੀਮ ਦਰਮਿਆਨੇ ਤੋਂ ਹੇਠਲੇ ਪਰਿਵਾਰ ਦਾ ਹੈ। ਉਹ ਘਰ ਦੀ ਪਹਿਲੀ ਮੰਜ਼ਿਲ ’ਤੇ ਆਪਣੀ ਪਤਨੀ ਤੇ ਬਾਰਾਂ-ਤੇਰਾਂ ਕੁ ਸਾਲਾਂ ਦੀ ਧੀ ਨਾਲ ਰਹਿੰਦਾ ਸੀ। ਸਰਦੀਆਂ ਹੋਣ ਕਾਰਨ ਉਹ ਕਮਰੇ ਵਿੱਚ ਬੈੱਡ ’ਤੇ ਰਜਾਈ ਲੈ ਕੇ ਲੇਟਿਆ ਪਿਆ ਸੀ। ਅਸ਼ਰਫ਼ ਨੇ ਉੱਚੀ ਆਵਾਜ਼ ਵਿੱਚ ਉਹਨੂੰ ਸਾਡੇ ਆਉਣ ਬਾਰੇ ਦੱਸਿਆ। ਉਹਦਾ ਚਿਹਰਾ ਏਨਾ ਬਦਲ ਗਿਆ ਸੀ ਕਿ ਪਹਿਲੀ ਨਜ਼ਰੇ ਮੈਨੂੰ ਉਹਦੀ ਪਛਾਣ ਨਹੀਂ ਆਈ। ਸੱਤ-ਅੱਠ ਮਹੀਨੇ ਪਹਿਲਾਂ ਯੂਨੀਵਰਸਿਟੀ ਵਿੱਚ ਮਿਲਿਆ ਸੀ। ਸੋਹਣਾ-ਸੁਨੱਖਾ, ਛੇ ਫੁੱਟ ਲੰਮਾ ਜਵਾਨ। ਅੱਜ ਬਿਸਤਰੇ ’ਚ ਪਿਆ ਹੱਡੀਆਂ ਦੀ ਮੁੱਠ, ਬਜ਼ੁਰਗ ਲੱਗ ਰਿਹਾ ਸੀ। ਗੋਰਾ ਨਿਛੋਹ ਰੰਗ ਘਸਮੈਲਾ ਪੈ ਗਿਆ ਸੀ। ਉਹਦੀ ਕਹੀ ਗੱਲ ਸਮਝ ਨਹੀਂ ਪੈਂਦੀ ਸੀ, ਥਥਲਾ ਕੇ ਬੋਲਣ ਲੱਗਾ ਸੀ। ਅਸ਼ਰਫ਼ ਲਗਾਤਾਰ ਮਿਲਦਾ ਰਹਿਣ ਕਰਕੇ ਉਹਦੀ ਗੱਲ ਸਮਝਦਾ ਸੀ। ਸਾਨੂੰ ਉਹੀ ਦੱਸਦਾ ਸੀ ਕਿ ਉਹ ਕੀ ਕਹਿ ਰਿਹਾ ਹੈ। ਕਈ ਗੱਲਾਂ ਦੀ ਉਹਨੂੰ ਵੀ ਸਮਝ ਨਾ ਪੈਂਦੀ। ਉਹ ਅੰਦਾਜ਼ਾ ਲਗਾ ਕੇ ਦੱਸਦਾ।
ਨਦੀਮ ਨੂੰ ਆਸ ਨਹੀਂ ਸੀ ਕਿ ਮੈਂ ਉਹਨੂੰ ਮਿਲਣ ਆ ਜਾਵਾਂਗਾ। ਉਹ ਆਪਣੇ ਘਰ ਵਿੱਚ ਸਾਡੀ ਆਮਦ ਦੇਖ ਕੇ ਬਹੁਤ ਖ਼ੁਸ਼ ਸੀ ਪਰ ਉਹਦੀ ਇਹ ਹਾਲਤ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੋਇਆ। ਵਕੀਲ ਸਾਹਿਬ ਨੇ ਨਦੀਮ ਦੀ ਲਾਚਾਰਗੀ ਦੇਖਦਿਆਂ ਅੱਖਾਂ ਰਾਹੀਂ ਆਪਣੀ ਹਮਦਰਦੀ ਮੇਰੇ ਨਾਲ ਸਾਂਝੀ ਕੀਤੀ। ਪੁਰਾਣੇ ਦਿਨਾਂ ਦੀਆਂ ਗੱਲ ਕਰਦਿਆਂ ਨਦੀਮ ਦੀਆਂ ਅੱਖਾਂ ਵਾਰ-ਵਾਰ ਉੱਛਲ ਪੈਂਦੀਆਂ। ਮੈਂ, ਅਸ਼ਰਫ਼ ਤੇ ਵਕੀਲ ਸਾਹਿਬ ਉਹਨੂੰ ਹੌਸਲਾ ਦਿੰਦੇ, ਫ਼ਿਕਰ ਨਾ ਕਰ ਨਦੀਮ ਤੂੰ ਜਲਦੀ ਠੀਕ ਹੋ ਜਾਵੇਂਗਾ। ਮੇਰਾ ਮਨ ਵੀ ਵਾਰ-ਵਾਰ ਉੱਛਲ ਰਿਹਾ ਸੀ ਪਰ ਇਹ ਸੋਚ ਕੇ ਇਹਦੇ ’ਤੇ ਕੀ ਅਸਰ ਹੋਊ ਆਪਣੇ ਗੁਬਾਰ ਨੂੰ ਅੰਦਰੇ ਦੱਬੀ ਰੱਖਿਆ।
ਅਸ਼ਰਫ਼ ਨੇ ਦੱਸ ਦਿੱਤਾ ਸੀ ਕਿ ਉਹਨੂੰ ਬਰੇਨ ਟਿਊਮਰ ਹੈ। ਲੰਮਾ ਸਮਾਂ ਨਹੀਂ ਕੱਟੇਗਾ। ਡਾਕਟਰਾਂ ਨੇ ਸਮਝੋ ਨਾਂਹ ਕਰ ਦਿੱਤੀ ਹੈ। ਲੇਕਿਨ, ਪੈਸਾ ਪਾਣੀ ਵਾਂਗ ਵਹਾਇਆ ਜਾਵੇ ਤਾਂ ਬੱਚਿਆਂ ਵਿੱਚ ਬੈਠਾ ਰਹਿ ਸਕਦਾ ਹੈ। ਪਹਿਲਾਂ ਵਰਗੀ ਉਮੀਦ ਨਹੀਂ ਕੀਤੀ ਜਾ ਸਕਦੀ। ਮੈਨੂੰ ਯਾਦ ਆਇਆ ਕਿ ਨਦੀਮ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਰਦੂ ਵਿਭਾਗ ਦਾ ਹੋਣਹਾਰ ਵਿਦਿਆਰਥੀ ਸੀ, ਜਿਸ ਨੂੰ ਪੱਕੀ ਉਮੀਦ ਸੀ ਕਿ ਉਹ ਉਰਦੂ ਵਿਭਾਗ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਚੁਣਿਆ ਜਾਵੇਗਾ। ਲਿਆਕਤ ਨੂੰ ਵਧਾ ਕੇ ਹੋਰ ਖੋਜ ਕਰੇਗਾ। ਵਿਦਿਆਰਥੀਆਂ ਨਾਲ ਸਾਂਝ ਪਾ ਕੇ ਉਰਦੂ ਦਾ ਪਸਾਰ ਕਰੇਗਾ। ਜ਼ਿੰਦਗੀ ਨੂੰ ਸੰਜੀਦਗੀ ਅਤੇ ਸੁਹਜ ਨਾਲ ਬਤੀਤ ਕਰੇਗਾ। ਸਮਾਜ ਵਿੱਚ ਨਵੇਂ ਰੰਗ ਭਰੇਗਾ। ... ਤੇ ਉਹ ਹੀ ਹੁਣ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋ ਜਾਣ ਕਾਰਨ ਤਿਲ-ਤਿਲ ਮਰ ਰਿਹਾ ਹੈ। ਨਦੀਮ ਨੂੰ ਵੱਖ-ਵੱਖ ਸਮਿਆਂ ’ਤੇ ਕੁਰਸੀ ’ਤੇ ਬੈਠੇ ਦੋ-ਤਿੰਨ ਵਾਈਸ ਚਾਂਸਲਰਾਂ ਨੇ ਵੀ ਵਿਭਾਗ ਵਿੱਚ ਨੌਕਰੀ ਦੇਣ ਦਾ ਲਾਰਾ ਲਾਇਆ। ਅਸੀਂ ਜਦੋਂ ਵੀ ਮਿਲਦੇ ਨੌਕਰੀ ਨਾ ਮਿਲਣ ਕਰਕੇ ਪੜ੍ਹੇ-ਲਿਖਿਆਂ ਦੀ ਹੋ ਰਹੀ ਦੁਰਗਤ ਦੀ ਚਰਚਾ ਕਰਦੇ। ਉਹ ਅਕਸਰ ਕਹਿੰਦਾ, ‘‘ਰਵੀ, ਆਪਣੀ ਕਿਸਮਤ ਹੀ ਮਾੜੀ ਹੈ। ਸਾਰਾ ਕੁਝ ਸਿਰੇ ਲੱਗਣ ਬਾਅਦ ਵੀ ਖ਼ਾਕ ਛਾਣਦੇ ਫਿਰਦੇ ਹਾਂ। ਕਿਸੇ ਪਾਸਿਓਂ ਕੋਈ ਆਸ ਨਹੀਂ ਹੈ।’’
ਗੱਲ ਸਹੀ ਵੀ ਸੀ। ਚੰਗੇ ਨੰਬਰਾਂ ਵਿੱਚ ਡਿਗਰੀਆਂ ਕੀਤੀਆਂ, ਨੈੱਟ-ਜੇ.ਆਰ.ਐਫ. ਪਾਸ ਕੀਤਾ, ਪੀਐੱਚ.ਡੀ. ਕੀਤੀ, ਖੋਜ ਪੱਤਰ ਲਿਖੇ, ਕਾਨਫਰੰਸਾਂ ਵਿੱਚ ਗਏ ਪਰ ਗੈਸਟ ਫੈਕਲਟੀ/ਕੰਟਰੈਕਟ ਨੌਕਰੀ ਦੀਆਂ ਨਿਗੂਣੀਆਂ ਤਨਖ਼ਾਹਾਂ ’ਤੇ ਜ਼ਿੰਦਗੀ ਨੂੰ ਧੱਕੇ ਦੇ ਰਹੇ ਸਾਂ।
ਉਮਰ ਲੰਘਦੀ ਗਈ ਤੇ ਫ਼ਿਕਰ ਲਗਾਤਾਰ ਵਧਦੇ ਗਏ। ਨੌਕਰੀ ਨਾ ਮਿਲਣ ਕਾਰਨ ਘਰ ਦੀਆਂ ਜ਼ਿੰਮੇਵਾਰੀਆਂ ਹਰ ਮੋੜ ’ਤੇ ਉਲਾਂਭਾ ਦਿੰਦੀਆਂ। ਲੋਕਾਂ ਦੀਆਂ ਨਜ਼ਰਾਂ ਮਿਹਣੇ ਮਾਰਦੀਆਂ ਲੱਗਦੀਆਂ ਕਿ ਜੱਦੀ-ਪੁਸ਼ਤੀ ਕੰਮ ਛੱਡ ਕੇ ਕੀ ਖੱਟਿਆ। ਹੋਰਾਂ ਵਾਂਗ ਉਹਦੇ ਅੰਦਰ ਨਿਰੰਤਰ ਚਲਦੀ ਕਸ਼ਮਕਸ਼ ਕਾਰਨ ਮੱਥੇ ’ਤੇ ਤਿਊੜੀਆਂ ਉੱਭਰਨ ਲੱਗੀਆਂ ਸਨ। ਉਹ ਹਮੇਸ਼ਾ ਉਲਝਿਆ-ਉਲਝਿਆ ਦਿਸਣ ਲੱਗਾ ਸੀ। ਬੇਰੁਜ਼ਗਾਰੀ ਦਾ ਝੋਰਾ ਉਹਨੂੰ ਅੰਦਰੇ-ਅੰਦਰ ਖਾਣ ਲੱਗ ਗਿਆ ਸੀ। ਅਚਨਚੇਤ ਇੱਕ ਦੋ ਵਾਰ ਬੇਹੋਸ਼ ਹੋਣ ਜਾਣ ਕਾਰਨ ਉਹਨੂੰ ਪਤਾ ਵੀ ਲੱਗ ਗਿਆ ਸੀ ਕਿ ਉਹ ਘਾਤਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ ਪਰ ਉਵੇਂ ਤੁਰਿਆ ਫਿਰਦਾ ਰਹਿੰਦਾ। ਆਖ਼ਰ ਇੱਕ ਦਿਨ ਪਟਿਆਲੇ ਐਨ.ਆਰ.ਐਲ.ਸੀ. ’ਚ ਪੜ੍ਹਾ ਕੇ ਵਾਪਸ ਆਉਂਦਾ ਮਾਲੇਰਕੋਟਲੇ ਬਾਜ਼ਾਰ ਵਿੱਚ ਡਿੱਗ ਪਿਆ। ਇਲਾਜ ਕਰਵਾਇਆ ਪਰ ਜਿੱਡੀ ਖ਼ਤਰਨਾਕ ਬਿਮਾਰੀ ਸੀ, ਘਰ ਦੀ ਹਾਲਤ ਉਸ ਤੋਂ ਕਿਤੇ ਵੱਧ ਮਾੜੀ ਸੀ। ਘਰੇਲੂ ਤੰਗੀ ਕਾਰਨ ਐਲੋਪੈਥੀ ਇਲਾਜ ਦੀ ਥਾਂ ਹੋਮਿਓਪੈਥੀ ਸ਼ੁਰੂ ਕੀਤੀ ਪਰ ਬਹੁਤ ਦੇਰ ਹੋ ਚੁੱਕੀ ਸੀ।
ਉਹਦੀ ਤੇ ਮੇਰੀ ਦੋਸਤੀ ਰਿਸਰਚ ਸਕਾਲਰ ਫਲੈਟਾਂ ਵਿੱਚ ਹੋਈ ਸੀ। ਉਹਦਾ ਥੀਸਸ ਸਬਮਿੱਟ ਹੋ ਗਿਆ ਸੀ ਪਰ ਫਲੈਟ ਹਾਲੇ ਨਹੀਂ ਛੱਡਿਆ ਸੀ। ਮੈਂ ਗੈਸਟ ਫੈਕਲਟੀ ਵਜੋਂ ਅਧਿਆਪਨ ਕਰਦਾ-ਕਰਦਾ ਕਾਲਜਾਂ ਵਿੱਚ ਅਧਿਆਪਕਾਂ ਦੀ ਆਪਸੀ ਖਿੱਚੋਤਾਣ ਤੋਂ ਪ੍ਰੇਸ਼ਾਨ ਹੋ ਕੇ ਪੀਐੱਚ.ਡੀ. ਕਰਨ ਲਈ ਆਪਣੇ ਗੁਰਭਾਈ ਸਵਰਨ ਅਹਿਸਾਸ ਕੋਲ ਯੂਨੀਵਰਸਿਟੀ ਆ ਠਹਿਰਿਆ ਸਾਂ। ਨਵਾਂ-ਨਵਾਂ ਯੂਨੀਵਰਸਿਟੀ ਵਿੱਚ ਆਇਆ ਹੋਣ ਕਰਕੇ ਬਹੁਤੇ ਦੋਸਤ ਨਹੀਂ ਸਨ। ਨਦੀਮ ਦਾ ਫਲੈਟ ਪੰਜ ਨੰਬਰ ਸੀ ਅਤੇ ਸਵਰਨ ਦਾ ਛੇ ਨੰਬਰ। ਨਦੀਮ ਨਾਲ ਮੇਰੀ ਪਹਿਲੀ ਤੇ ਸਰਸਰੀ ਜਿਹੀ ਸਾਂਝ ਸਵਰਨ ਨੇ ਹੀ ਪੁਆਈ ਸੀ। ਇਹ ਅਗਲੀ ਵਾਰ ਮਿਲਿਆ ਤਾਂ ਇੰਝ ਮਿਲਿਆ ਜਿਵੇਂ ਬਹੁਤ ਗੂੜ੍ਹੀ ਦੋਸਤੀ ਹੋਵੇ। ਇਸੇ ਮਿਲਾਪ ਦੌਰਾਨ ਉਹਨੇ ਮੈਨੂੰ ਉਰਦੂ-ਫ਼ਾਰਸੀ ਦੀ ਪੰਜਾਬੀ ਨਾਲ ਸਾਂਝ ਅਤੇ ਇਸ ਨੂੰ ਸਿੱਖਣ ਨਾਲ ਹੋਣ ਵਾਲੇ ਲਾਭ ਦੱਸੇ। ਅਗਲੇ ਗੇੜੇ ਉਹਨੇ ਮੇਰੇ ਰਜਿਸਟਰ ’ਤੇ ਅਲਫ਼, ਬੇ, ਪੇ ਲਿਖ ਦਿੱਤਾ।
ਉਹ ਫਲੈਟ ਛੱਡ ਕੇ ਚਲਾ ਗਿਆ। ਉਸੇ ਫਲੈਟ ਵਿੱਚ ਅਸ਼ਰਫ਼ ਆ ਗਿਆ। ਨਦੀਮ ਦਾ ਆਉਣਾ-ਜਾਣਾ ਜਾਰੀ ਰਿਹਾ। ਅਸੀਂ ਮਿਲਦੇ, ਲੰਮਾ ਸਮਾਂ ਗੱਲਾਂ ਕਰਦੇ। ਸਾਡਾ ਮਜ਼ਮੂਨ ਸਾਹਿਰ ਲੁਧਿਆਣਵੀ, ਇਕਬਾਲ, ਗ਼ਾਲਿਬ, ਮੀਰ ਤਕੀ ਮੀਰ, ਪੰਜਾਬੀ ਭਾਸ਼ਾ, ਉਰਦੂ ਜ਼ੁਬਾਨ, ਅੰਗਰੇਜ਼ੀ ਦਾ ਹਮਲਾ, ਬਦਲਦੇ ਹਾਲਤ, ਹਿੰਦੂ, ਸਿੱਖ, ਮੁਸਲਮਾਨ ਤੇ ਯੂਨੀਵਰਸਿਟੀ ਦੀ ਲਗਾਤਾਰ ਨਿੱਘਰ ਰਹੀ ਹਾਲਤ ਵਰਗੇ ਮੁੱਦੇ ਬਣਦੇ। ਉਹ ਮੈਨੂੰ ਲੋਹੜੀ, ਦੀਵਾਲੀ ਨੂੰ ਖਿਲਾਉਣ-ਪਿਲਾਉਣ ਨੂੰ ਕਹਿੰਦਾ। ਮੇਰੇ ਲਈ ਬਕਰੀਦ ਵੇਲੇ ਬੱਕਰਾ ਲਿਆਉਣਾ ਨਾ ਭੁੱਲਦਾ, ਮਿੱਠੀ ਈਦ ਵੇਲੇ ‘ਈਦੀ’ (ਮਿੱਠੀਆਂ ਸੇਵੀਆਂ) ਲਿਆਉਂਦਾ। ਉਹ ਐੱਨ.ਆਰ.ਐੱਲ.ਸੀ. ਵਿੱਚ ਗੈਸਟ ਫੈਕਲਟੀ ਵਜੋਂ ਪੜ੍ਹਾਉਣ ਲੱਗਾ ਤੇ ਮੈਂ ਪੀਐੱਚ.ਡੀ. ਵਿੱਚ ਮਸਤ ਹੋ ਗਿਆ। ਅਸੀਂ ਕਈ-ਕਈ ਮਹੀਨੇ ਨਾ ਮਿਲਦੇ। ਜਦੋਂ ਮਿਲਦੇ ਇੱਕ-ਦੂਜੇ ਨੂੰ ਦੇਖ ਕੇ ਰੂਹ ਖਿੜ ਜਾਂਦੀ ਪਰ ਪੱਕਾ ਰੁਜ਼ਗਾਰ ਨਾ ਮਿਲਣ ਕਰਕੇ ਉਹ ਪਹਿਲਾਂ ਵਾਂਗ ਦਿਸਣੋਂ ਰਹਿ ਗਿਆ ਸੀ।
ਜਿਸ ਦਿਨ ਮੈਂ ਉਸ ਕੋਲ ਉਹਦਾ ਪਤਾ ਲੈਣ ਘਰ ਗਿਆ ਸਾਂ, ਉਸ ਦਿਨ ਵੀ ਉਹ ਅਸ਼ਰਫ਼ ਨੂੰ ਪੁੱਛ ਰਿਹਾ ਸੀ ਕਿ ਫਲਾਣੀ ਥਾਂ ਵਾਲੀ ਅਸਾਮੀ ਭਰਨ ਲਈ ਹਾਲੇ ਦਿਨ ਬਾਕੀ ਹਨ। ਆਪਾਂ ਅਪਲਾਈ ਕਰਨਾ ਹੈ। ਖ਼ਬਰੇ, ਕੰਮ ਬਣ ਹੀ ਜਾਵੇ। ਉਹਦੇ ਮਨ ਦੀ ਇਹ ਅਵਸਥਾ ਦੇਖ ਕੇ ਮੈਨੂੰ ਇਲਮ ਹੋ ਗਿਆ ਸੀ ਕਿ ਇਹਨੂੰ ਇਹ ਬਿਮਾਰੀ ਬੇਰੁਜ਼ਗਾਰੀ ਦੀ ਦੇਣ ਹੈ।
ਉਸ ਕੋਲ ਉਸ ਦਿਨ ਮੈਂ ਚਾਰ-ਪੰਜ ਘੰਟੇ ਰਿਹਾ। ਉਹਦੀ ਬੇਗ਼ਮ ਅਤੇ ਧੀ ਨੇ ਉਹਦੇ ਬਿਮਾਰ ਹੋਣ ਦੇ ਬਾਵਜੂਦ ਰੱਜ ਕੇ ਸੇਵਾ ਕੀਤੀ। ਪਤਾ ਨਹੀਂ ਕੀ ਕੁਝ ਬਣਾ ਧਰਿਆ। ਢਿੱਡ ਭਰ ਗਿਆ ਸੀ ਪਰ ਰੋਟੀ ਹਾਲੇ ਖਾਣੀ ਰਹਿੰਦੀ ਸੀ। ਸ਼ਾਇਦ, ਉਹਨੂੰ ਮੇਰੀ ਆਪਣੇ ਘਰ ਆਉਣ ਦੀ ਉੱਕਾ ਆਸ ਨਹੀਂ ਹੋਣੀ ਪਰ ਜਦੋਂ ਦੀ ਅਸ਼ਰਫ਼ ਨੇ ਮੈਨੂੰ ਉਹਦੇ ਸਖ਼ਤ ਬਿਮਾਰ ਹੋਣ ਦੀ ਖ਼ਬਰ ਦਿੱਤੀ ਸੀ ਮੈਂ ਤਰਲੋਮੱਛੀ ਹੋ ਰਿਹਾ ਸਾਂ। ਮੈਨੂੰ ਪਤਾ ਨਹੀਂ ਲੱਗਿਆ ਕਿ ਮੇਰੇ ਦਿਲ ਨੇ ਉਹਦੇ ਨਾਲ ਏਨੀ ਗੂੜ੍ਹੀ ਸਾਂਝ ਕਦੋਂ ਗੰਢ ਲਈ। ਉਸ ਦਿਨ ਜਦੋਂ ਮੈਂ ਉਸ ਕੋਲੋਂ ਤੁਰਨ ਲੱਗਦਾ, ਉਹ ਮੈਨੂੰ ਫੇਰ ਬਿਠਾ ਲੈਂਦਾ। ਸਮਾਂ ਕਾਫ਼ੀ ਹੋ ਗਿਆ ਸੀ। ਆਖ਼ਰ ਅਸੀਂ ਤੁਰਨ ਲੱਗੇ ਤਾਂ ਉਹ ਇਸ ਗੱਲ ’ਤੇ ਅੜ ਗਿਆ ਕਿ ਰੋਟੀ ਖਾ ਕੇ ਜਾਇਓ। ਬੜੀ ਕੋਸ਼ਿਸ਼ ਬਾਅਦ ਸਮਝੌਤਾ ਹੋਇਆ। ਅਸੀਂ ਕਿਹਾ, ‘‘ਤੂੰ ਜਲਦੀ-ਜਲਦੀ ਠੀਕ ਹੋ। ਜਦੋਂ ਤੂੰ ਠੀਕ ਹੋ ਗਿਆ ਤੇਰੇ ਹੱਥੋਂ ਰੋਟੀ ਖਾਣੀ ਹੈ।’’ ਉਹਨੇ ਵੀ ਸਹਿਮਤੀ ਜਤਾ ਦਿੱਤੀ। ਅਸੀਂ ਉਹਦੀ ਧੀ ਨੂੰ ਸ਼ਗਨ ਦਿੱਤਾ ਤੇ ਆ ਗਏ।
ਅਗਲੀ ਸੁਬ੍ਹਾ ਕਾਲਜ ਜਾਣ ਲਈ ਤਿਆਰ ਹੋ ਕੇ ਨਾਸ਼ਤਾ ਕਰਨ ਲੱਗਿਆ ਤਾਂ ਮਨ ਵਿੱਚ ਹੀ ਅਹਿਦ ਕੀਤਾ ਕਿ ਅੱਜ ਤੋਂ ਇੱਕ ਰੋਟੀ ਘੱਟ ਖਾਵਾਂਗਾ, ਜਿਸ ਦਿਨ ਨਦੀਮ ਕੋਲੋਂ ਰੋਟੀ ਖਾਧੀ, ਉਸ ਤੋਂ ਬਾਅਦ ਦੇਖਿਆ ਜਾਵੇਗਾ। ਇੱਕ ਢੰਗ ਨਾਲ ਮੈਂ ਇਹ ਰੋਟੀ ਨਦੀਮ ਲਈ ਬਚਾਉਂਦਾ ਸਾਂ ਜਾਂ ਉਹਦੇ ਠੀਕ ਹੋ ਜਾਣ ਲਈ ਦੁਆ ਕਰ ਰਿਹਾ ਸਾਂ।
ਥੋੜ੍ਹੇ ਦਿਨਾਂ ਬਾਅਦ ਹੀ ਉਹਦੇ ਇੰਤਕਾਲ ਦੀ ਖ਼ਬਰ ਆ ਗਈ। ਮੈਂ ਨਹੀਂ ਗਿਆ। ਮਨ ਵਿੱਚ ਸੀ ਕਿਸ ਕੋਲ ਜਾਵਾਂਗਾ। ਕਿਸ ਨਾਲ ਗੱਲ ਕਰਾਂਗਾ। ਉਹਦੇ ਪਰਿਵਾਰ ਦੇ ਹੋਰ ਕਿਸੇ ਵੀ ਮੈਂਬਰ ਨੂੰ ਉਹਦੇ ਵਾਂਗ ਨਹੀਂ ਜਾਣਦਾ। ਉਹ ਮੁਸਲਿਮ ਪਰਿਵਾਰ ਹੈ ਤੇ ਮੈਂ ਸਿੱਖ ਪਰਿਵਾਰ ਵਿੱਚੋਂ ਹਾਂ। ਕੀਹਦੇ ਨਾਲ ਦੁੱਖ ਸਾਂਝਾ ਕਰਾਂਗਾ। ਅਸ਼ਰਫ਼ ਹੀ ਬਚਿਆ ਹੈ। ਉਹਦੇ ਨਾਲ ਫੋਨ ’ਤੇ ਗੱਲ ਹੋ ਗਈ ਸੀ। ਹੁਣ ਹਰ ਸਵੇਰ ਕਾਲਜ ਜਾਣ ਵੇਲੇ ਜਦੋਂ ਨਾਸ਼ਤਾ ਕਰਨ ਲੱਗਦਾ ਹਾਂ ਤਾਂ ਮੈਂ ਜਿੰਨਾ ਮਰਜ਼ੀ ਰੁੱਝਿਆ ਹੋਵਾਂ ਪਹਿਲੀ ਬੁਰਕੀ ਤੋੜਦਿਆਂ ਹੀ ਮੈਨੂੰ ਨਦੀਮ ਯਾਦ ਆ ਜਾਂਦਾ ਹੈ। ਮੈਂ ਭੁੱਲਣ ਦੀ ਕੋਸ਼ਿਸ਼ ਕਰਦਾ ਹਾਂ ਪਰ ਫਿਰ ਵੀ ਉਹ ਯਾਦ ਆ ਜਾਂਦਾ ਹੈ। ਸੋਚਾਂ ਕਹਿੰਦੀਆਂ ਹਨ, ‘ਹੀਰਾ ਭੰਗ ਦੇ ਭਾਅ ਹੀ ਰੁੜ੍ਹ ਗਿਆ। ਸਾਡੀਆਂ ਸਰਕਾਰਾਂ ਅਤੇ ਸੰਸਥਾਵਾਂ ਨੂੰ ਕੋਈ ਫ਼ਿਕਰ ਨਹੀਂ ਹੈ। ਇਸੇ ਕਰਕੇ ਪੰਜਾਬ ਦੀ ਜਵਾਨੀ ਪੰਜਾਬ ਵਿੱਚ ਰਹਿਣਾ ਪਸੰਦ ਨਹੀਂ ਕਰਦੀ।’
ਸੰਪਰਕ: 99887-22785