ਨਦੀਮ ਪਰਮਾਰ ਅਤੇ ਜਰਨੈਲ ਸਿੰਘ ਆਰਟਿਸਟ ਨੂੰ ਸ਼ਰਧਾਂਜਲੀ
ਹਰਦਮ ਮਾਨ
ਸਰੀ: ਪੰਜਾਬੀ ਲੇਖਕ ਮੰਚ ਦੀ ਮੀਟਿੰਗ ਬੀਤੇ ਦਿਨੀਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਾਂਝੇ ਵਿਹੜੇ ਵਿੱਚ ਹੋਈ। ਇਸ ਵਿੱਚ ਮੰਚ ਵੱਲੋਂ ਪਿਛਲੇ ਕੁੱਝ ਮਹੀਨਿਆਂ ਵਿੱਚ ਸਦੀਵੀ ਵਿਛੋੜਾ ਦੇ ਗਏ ਮੰਚ ਦੇ ਮੈਂਬਰ ਲੇਖਕ ਕੁਲਵੰਤ ਸਿੰਘ ਪਰਮਾਰ ਨਦੀਮ ਅਤੇ ਸਿੱਖ ਵਿਰਸੇ ਤੇ ਪੰਜਾਬੀ ਸੱਭਿਆਚਾਰ ਦੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ। ਮੰਚ ਨੇ ਨਦੀਮ ਪਰਮਾਰ ਦੀ ਪਤਨੀ ਸੁਰਜੀਤ ਕੌਰ ਪਰਮਾਰ ਅਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ।
ਮੀਟਿੰਗ ਵਿੱਚ ਜਰਨੈਲ ਸਿੰਘ ਆਰਟਿਸਟ ਦੀ ਪਤਨੀ ਬਲਜੀਤ ਕੌਰ ਆਰਟਿਸਟ ਅਤੇ ਉਨ੍ਹਾਂ ਦੀ ਬੇਟੀ ਨੀਤੀ ਆਰਟਿਸਟ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਦੁਖ ਵਿੱਚ ਸ਼ਾਮਲ ਹੁੰਦੇ ਹੋਏ ਅਮਰੀਕ ਪਲਾਹੀ, ਅਜਮੇਰ ਰੋਡੇ, ਅਮਨ ਸੀ. ਸਿੰਘ, ਅਮਰਜੀਤ ਚਾਹਲ, ਜਗਜੀਤ ਸੰਧੂ, ਗੁਰਮੀਤ ਸਿੰਘ ਸਿੱਧੂ, ਸੁਖਵੰਤ ਹੁੰਦਲ, ਸੁਖਜੀਤ ਢਿੱਲੋਂ, ਫੌਜ਼ੀਆ ਰਫ਼ੀਕ, ਨੋਨੀ ਕੌਰ, ਪ੍ਰੀਤਇੰਦਰ ਸਿੰਘ ਬਾਜਵਾ, ਸੁਰਜੀਤ ਕਲਸੀ ਅਤੇ ਗੁਰਦੀਪ ਭੁੱਲਰ ਨੇ ਜਰਨੈਲ ਸਿੰਘ ਆਰਟਿਸਟ ਨਾਲ ਗੁਜ਼ਾਰੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਨੀਤੀ ਆਰਟਿਸਟ ਨੇ ਤੇਲ-ਰੰਗਾਂ ਦੀ ਖ਼ੂਬਸੂਰਤ ਚਿੱਤਰਕਾਰੀ ਨਾਲ ਤਿਆਰ ਕੀਤਾ ਆਪਣੇ ਪਿਤਾ ਜਰਨੈਲ ਸਿੰਘ ਆਰਟਿਸਟ ਦਾ ਪੋਰਟਰੇਟ ਗੈਲਰੀ ਵਿੱਚ ਪ੍ਰਦਰਸ਼ਿਤ ਕੀਤਾ।
ਕਹਾਣੀਕਾਰ ਅਮਰਜੀਤ ਚਾਹਲ ਨੇ ‘ਮੇਰਾ ਉਹ ਦਿਨ’ ਰਚਨਾ ਪੜ੍ਹੀ। ਡਿਜ਼ਾਇਨਰ ਪ੍ਰੀਤਇੰਦਰ ਸਿੰਘ ਬਾਜਵਾ ਨੇ ਪੁਸਤਕ ਦੀ ਛਪਾਈ ਲਈ ਡਿਜ਼ਾਇਨ ਕਰਨ ਦੀ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਸੰਪਰਕ: +1 604 308 6663