ਨਗਰ ਨਿਗਮ ਵੱਲੋਂ ਕੀਤੀ ਹੜਤਾਲ ਛੇਵੇਂ ਦਿਨ ’ਚ ਦਾਖ਼ਲ

ਫਗਵਾੜਾ ਧਰਨੇ ’ਤੇ ਬੈਠੇ ਨਗਰ ਨਿਗਮ ਕਰਮੀ।

ਜਸਬੀਰ ਸਿੰਘ ਚਾਨਾ
ਫਗਵਾੜਾ, 12 ਅਗਸਤ
ਨਿਗਮ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਸ਼ੁਰੂ ਕੀਤੀ ਹੜਤਾਲ ਦੇ ਅੱਜ ਛੇਵੇਂ ਦਿਨ ਵੀ ਧਰਨਾ ਲਗਾਤਾਰ ਜਾਰੀ ਰਿਹਾ।
ਯੂਨੀਅਨ ਪ੍ਰਧਾਨ ਰਾਮ ਮੂਰਤੀ, ਅਜੈ ਕੁਮਾਰ, ਸੁਰੇਸ਼ ਕੁਮਾਰ, ਪਰਵਿੰਦਰ ਕੁਮਾਰ, ਸੁਭਾਸ਼ ਚੰਦਰ, ਰਾਜ ਕੁਮਾਰ, ਰਵੀ, ਜਸਵਿੰਦਰ, ਰਜਿੰਦਰ ਕੁਮਾਰ, ਅੰਮਿਤ, ਸੰਦੀਪ, ਕੁਲਵੰਤ ਰਾਏ, ਪਦਮ ਕੁਮਾਰ, ਰਮੇਸ਼ ਕੁਮਾਰ, ਅਮਿਤ ਕੁਮਾਰ, ਨਰੇਸ਼ ਕੁਮਾਰ, ਵਿੱਕੀ ਕੁਮਾਰ, ਦਿਨੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਬਾਅਦ ’ਚ ਧਰਨਾਕਾਰੀਆਂ ਕੋਲ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਤੇ ਮੇਅਰ ਅਰੁਨ ਖੋਸਲਾ ਪੁੱਜੇ ਅਤੇ ਦੱਸਿਆ ਕਿ ਸਰਕਾਰ ਪਾਸੋਂ ਕਰੀਬ 1 ਕਰੋੜ 76 ਲੱਖ ਰੁਪਏ ਅੱਜ ਨਿਗਮ ਪਾਸ ਪੁੱਜ ਗਿਆ ਹੈ ਅਤੇ ਕੱਲ੍ਹ ਨੂੰ ਪੈਸੇ ਉਨ੍ਹਾਂ ਦੇ ਖਾਤਿਆਂ ’ਚ ਪੈ ਜਾਣਗੇ ਪਰ ਕਰਮਚਾਰੀਆਂ ਨੇ ਪੈਸੇ ਖਾਤਿਆਂ ’ਚ ਪੈਣ ਤੱਕ ਇਹ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਧਰਨਾਕਾਰੀਆਂ ਦੀ ਮੰਗ ਹੈ ਕਿ ਸ਼ਹਿਰ ’ਚ ਕੱਚੇ ਮੁਲਾਜ਼ਮਾ ਦੀ ਤਨਖਾਹ ਅੱਜ ਤੱਕ ਦਿੱਤੀ ਜਾਵੇ, ਦੋ ਨਗਰ ਨਿਗਮ ਅਧਿਕਾਰੀਆਂ ਦੀ ਬਦਲੀ ਕੀਤੀ ਜਾਵੇ, ਮਿਊਂਸਿਪਲ ਸਫ਼ਾਈ ਕਰਮਚਾਰੀ ਯੂਨੀਅਨ ਦਾ ਦਫ਼ਤਰ ਦਿੱਤਾ ਜਾਵੇ, ਵਾਲਮੀਕੀ ਸਮਾਜ ’ਚ ਸ਼ਹਿਰ ਦੇ ਕਿਸੇ ਵੀ ਮੁਹੱਲੇ ’ਚ ਮੌਤ ਹੋਵੇ ਉਸ ਦਾ ਸੰਸਕਾਰ ਕਰਨ ਵਾਸਤੇ ਛੁੱਟੀ ਦਿੱਤੀ ਜਾਵੇ ਭਾਵੇਂ ਉਹ ਕੱਚੇ ਜਾਂ ਪੱਕੇ ਮੁਲਾਜ਼ਮ ਹੋਣ, ਸ਼ਨਿਚਰਵਾਰ ਦੀ ਛੁੱਟੀ ਪੂਰੀ ਦਿੱਤੀ ਜਾਵੇ।
ਪਠਾਨਕੋਟ (ਐਨ.ਪੀ.ਧਵਨ): ਨਗਰ ਕੌਂਸਲ ਸੁਜਾਨਪੁਰ ਦੇ ਲੱਗਭੱਗ 60 ਸਫਾਈ ਮੁਲਾਜ਼ਮ, ਸਟਰੀਟ ਲਾਈਟ ਮੁਲਾਜ਼ਮ ਅਤੇ ਪਾਰਕ ਦੇ ਮਾਲੀਆਂ ਨੂੰ ਦੋ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਪਿਛਲੇ 5 ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਹਨ ਜਿਸ ਕਾਰਨ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ।ਮੁਲਾਜ਼ਮ ਪਿਛਲੇ ਦੋ ਮਹੀਨੇ ਤੋਂ ਕੰਮ ਉਪਰ ਨਹੀਂ ਆ ਰਹੇ । ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਨਗਰ, ਸੁਜਾਨਪੁਰ ਸਟੇਡੀਅਮ ਦੇ ਬਾਹਰ ਸ਼ਾਹਪੁਰੀਗੇਟ ਮੁਹੱਲਾ ਅਤੇ ਹੋਰ ਕਈ ਮੁਹੱਲਿਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਬਰਸਾਤ ਦਾ ਮੌਸਮ ਹੋਣ ਕਾਰਨ ਕੂੜਾ ਪਾਣੀ ਵਿੱਚ ਰੁੜ ਕੇ ਨਾਲਿਆਂ ਵਿੱਚ ਜਾ ਰਿਹਾ ਹੈ। ਜੋ ਰੇਹੜੀਆਂ ਵਾਲੇ ਮੁਹੱਲਿਆਂ ਵਿੱਚ ਜਾਂਦੇ ਸਨ ਉਹ ਵੀ ਪਿਛਲੇ 5 ਦਿਨ ਤੋਂ ਕੂੜਾ ਲੋਕਾਂ ਦੇ ਘਰਾਂ ਵਿੱਚ ਚੁੱਕਣ ਨਹੀਂ ਜਾ ਰੈ। ਪਤਾ ਲੱਗਾ ਹੈ ਕਿ ਨਗਰ ਕੌਂਸਲ ਦੇ ਈਓ ਅਰੁਣ ਕੁਮਾਰ ਦਾ ਤਬਾਦਲਾ ਸੁਜਾਨਪੁਰ ਤੋਂ ਨਰੋਟ ਜੈਮਲ ਸਿੰਘ ਹੋਣ ਕਾਰਨ ਉਸ ਸਮੇਂ ਦੀ ਤਨਖਾਹ ਦਾ ਵਾਊਚਰ ਦਸਤਖਤ ਨਾ ਹੋਣ ਕਾਰਨ ਠੇਕੇਦਾਰ ਦਾ ਚੈੱਕ ਨਹੀਂ ਕੱਟਿਆ ਜਾ ਸਕਿਆ।
ਕੌਂਸਲ ਦੇ ਕਾਰਜਕਾਰੀ ਅਧਿਕਾਰੀ ਵਿਜੇ ਸਾਗਰ ਮਹਿਤਾ ਨੇ ਕਿਹਾ ਕਿ ਭਲਕੇ ਮੰਗਲਵਾਰ ਨੂੰ ਸਫਾਈ ਮੁਲਾਜ਼ਮਾਂ ਦੀ ਤਨਖਾਹ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ । ਨਗਰ ਕੌਂਸਲ ਦੇ ਪ੍ਰਧਾਨ ਰੂਪ ਲਾਲ ਨੇ ਕਿਹਾ ਕਿ ਉਨ੍ਹਾਂ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਧਿਆਨ ਵਿੱਚ ਦਿੱਤਾ ਹੈ ਅਤੇ ਉਨ੍ਹਾਂ ਨੇ ਇਸ ਸਮੱਸਿਆ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਸ਼ਹਿਰ ’ਚ ਫ਼ੈਲੀ ਗੰਦਗੀ

ਨਗਰ ਨਿਗਮ ਦੇ ਸਫ਼ਾਈ ਕਰਮੀਆਂ ਵੱਲੋਂ ਕੀਤੀ ਹੜਤਾਲ ਦੇ ਅੱਜ ਛੇਵੇਂ ਦਿਨ ਚੱਲਦਿਆਂ ਸ਼ਹਿਰ ਦੇ ਕੂੜੇ ਦੇ ਡੰਪਾਂ ’ਤੇ ਬਹੁਤ ਗੰਦਗੀ ਫ਼ੈਲ ਚੁੱਕੀ ਹੈ ਅਤੇ ਕੂੜਾ ਲੋਕਾਂ ਦਾ ਸੜਕ ਵਿਚਕਾਰ ਆ ਚੁੱਕਾ ਹੈ। ਇੱਥੋਂ ਦੇ ਡਾਕਖਾਨਾ ਰੋਡ ਤੇ ਹੁਸ਼ਿਆਰਪੁਰ ਰੋਡ ’ਤੇ ਕੂੜੇ ਦੇ ਢੇਰ ਸੜਕ ਵਿਚਕਾਰ ਆ ਚੁੱਕੇ ਹਨ।