ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 13 ਮਾਰਚਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਜਾਰੀ ਰੱਖਦਿਆਂ ਅੱਜ ਨਗਰ ਨਿਗਮ ਨੇ ਲੋਹਾਰਾ ਸੜਕ ’ਤੇ ਛੇ ਗ਼ੈਰ-ਕਾਨੂੰਨੀ ਉਸਾਰੀਆਂ ਢਾਹ ਦਿੱਤੀਆਂ ਹਨ ਜਿਸ ਵਿੱਚ ਲੋਹ-ਲੰਗਰ ਜ਼ਮੀਨ ’ਤੇ ਉਸਾਰੀ ਅਧੀਨ ਇੱਕ ਇਮਾਰਤ ਵੀ ਸ਼ਾਮਲ ਹੈ। ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਨਗਰ ਨਿਗਮ ਜ਼ੋਨ-ਸੀ ਦੀ ਇਮਾਰਤ ਸ਼ਾਖਾ ਵੱਲੋਂ ਕੀਤੀ ਗਈ।ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਕ ਵਿਅਕਤੀ ਲੋਹ ਲੰਗਰ ਦੀ ਜ਼ਮੀਨ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਸ਼ੈੱਡ ਬਣਾ ਰਿਹਾ ਸੀ। ਉਨ੍ਹਾਂ ਨੂੰ ਨਿਯਮਤ ਨਿਰੀਖਣ ਦੌਰਾਨ ਗ਼ੈਰ-ਕਾਨੂੰਨੀ ਉਸਾਰੀ ਬਾਰੇ ਪਤਾ ਲੱਗਾ ਅਤੇ ਵੀਰਵਾਰ ਨੂੰ ਇਸ ਵਿਰੁੱਧ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਲੋਹਾਰਾ ਰੋਡ ’ਤੇ ਕ੍ਰਿਸ਼ਨਾ ਕਲੋਨੀ ਵਿੱਚ ਪੰਜ ਰਿਹਾਇਸ਼ੀ ਇਮਾਰਤਾਂ ਗ਼ੈਰ-ਕਾਨੂੰਨੀ ਤੌਰ ’ਤੇ ਬਣਾਈਆਂ ਜਾ ਰਹੀਆਂ ਸਨ ਤੇ ਉਨ੍ਹਾਂ ਗ਼ੈਰ-ਕਾਨੂੰਨੀ ਉਸਾਰੀਆਂ ਨੂੰ ਵੀ ਢਾਹ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਨਿਯਮਤ ਤੌਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰਨ, ਨਹੀਂ ਤਾਂ ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।