ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਦੇ ਪਤੀ ਨੇ ਆਵਾਜਾਈ ਠੱਪ ਰੋਕੀ

ਖੇਤਰੀ ਪ੍ਰਤੀਨਿਧ
ਧੂਰੀ, 20 ਸਤੰਬਰ

ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨਕਾਰੀ। – ਫ਼ੋਟੋ: ਸੋਢੀ

ਇਥੋਂ ਦੇ ਵਾਰਡ ਨੰਬਰ 13 ਦੀ ਬੱਸ ਸਟੈਂਡ ਸੜਕ ਉੱਪਰ ਨਗਰ ਕੌਂਸਲ ਵੱਲੋਂ ਵਿਕਾਸ ਕਾਰਜ ਪੂਰੇ ਨਾ ਕਰਨ ਖ਼ਿਲਾਫ਼ ਲੋਕਾਂ ਵੱਲੋਂ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਰਾਣੀ ਲੱਧੜ ਦੇ ਪਤੀ ਰਜਿੰਦਰ ਲੱਧੜ ਦੀ ਅਗਵਾਈ ਹੇਠ ਕੱਕੜਵਾਲ ਚੌਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਰਜਿੰਦਰ ਲੱਧੜ ਨੇ ਕਿਹਾ ਕਿ ਵਾਰਡ ਨੰਬਰ 13 ਅੰਦਰ ਨਗਰ ਕੌਂਸਲ ਵੱਲੋਂ ਅਧੂਰੇ ਵਿਕਾਸ ਕਾਰਜਾਂ ਦੇ ਠੇਕੇ ਦਿੱਤੇ ਗਏ ਸਨ ਪਰ ਵਿਕਾਸ ਕਾਰਜਾਂ ਨੂੰ ਜਾਣ-ਬੁੱਝ ਕੇ ਅਧੂਰਾ ਛੱਡ ਦਿੱਤਾ ਗਿਆ, ਜਿਸ ਕਾਰਨ ਦੁਕਾਨਦਾਰਾਂ ਅਤੇ ਇੱਥੋਂ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ‘ਆਪ’ ਆਗੂ ਡਾ. ਅਨਵਰ ਭਸੌੜ ਨੇ ਕਿਹਾ ਕਿ ਸ਼ਹਿਰ ਅੰਦਰ ਪੂਰਾ ਸ਼ਹਿਰ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮੁਸ਼ਕਲਾਂ ’ਚ ਹੈ। ਉਨ੍ਹਾਂ ਦੱਸਦਿਆਂ ਕਿਹਾ ਕਿ ਪਿੰਡਾਂ ਤੋਂ ਸ਼ਹਿਰ ਨੂੰ ਦਾਖਲ ਹੋਣ ਵਾਲੀਆਂ ਸਾਰੀਆਂ ਲਿੰਕ ਸੜਕਾਂ ਦਾ ਬੁਰਾ ਹਾਲ ਹੈ ਅਤੇ ਸ਼ਹਿਰ ਦੇ ਬਾਗੜੀਆਂ ਰੋਡ, ਮੂਲੋਵਾਲ ਸੜਕ ਦੀ ਹਾਲਤ ਤਾਂ ਇਸ ਕਦਰ ਖਸਤਾ ਹੈ ਕਿ ਕਿਸੇ ਵੀ ਸਮੇਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਮੌਕੇ ਮੰਡਲ ਪ੍ਰਧਾਨ ਵਿਕਾਸ ਜੈਨ ਨੇ ਕਿਹਾ ਕਿ ਸ਼ਹਿਰ ਅੰਦਰ ਅਧੂਰੇ ਵਿਕਾਸ ਕਾਰਜਾਂ ਸਬੰਧੀ ਨਗਰ ਕੌਂਸਲ ਨੂੰ ਵੀ ਜਾਣੂ ਕਰਵਾਇਆ ਹੈ। ਕਰੀਬ ਤਿੰਨ ਘੰਟੇ ਚੱਲੇ ਧਰਨੇ ਉਪਰੰਤ ਤਹਿਸੀਲਦਾਰ ਧੂਰੀ ਹਰਜੀਤ ਸਿੰਘ ਅਤੇ ਨਗਰ ਕੌਂਸਲ ਦੇ ਐੱਸਓ ਨਰਿੰਦਰ ਕੁਮਾਰ ਵੱਲੋਂ ਵਿਕਾਸ ਕਾਰਜ ਜਲਦ ਪੂਰੇ ਕਰਵਾਉਣ ਦਾ ਭਰੋਸਾ ਦੇਣ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਜਨਕ ਰਾਜ, ਵਿਕਾਸ ਕੁਮਾਰ ਵਿੱਕੀ, ਸੁਰਿੰਦਰ ਕੁਮਾਰ, ਰਾਮ ਗੋਪਾਲ, ਸੀਤਾ ਰਾਮ ਤੇ ਰਮੇਸ਼ ਕੁਮਾਰ ਹਾਜ਼ਰ ਸਨ।

Tags :