ਨਕਲੀ ਪਨੀਰ ਦਾ ਪਰੌਂਠਾ ਖਾਣ ਕਾਰਨ ਮਹਿਲਾ ਪੁਲੀਸ ਮੁਲਾਜ਼ਮ ਦੀ ਮੌਤ

ਮੁਕੰਦ ਸਿੰਘ ਚੀਮਾ
ਸੰਦੌੜ, 12 ਅਗਸਤ

ਮ੍ਰਿਤਕ ਸੰਦੀਪ ਕੌਰ ਦੀ ਫਾਈਲ ਫੋਟੋ।

ਅੰਮ੍ਰਿਤਧਾਰੀ ਮਹਿਲਾ ਪੁਲੀਸ ਮੁਲਾਜ਼ਮ ਨੂੰ ਪਨੀਰ ਦਾ ਬਣਿਆ ਪਰੌਂਠਾ ਖਾਣਾ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਪੰਜਾਬ ਪੁਲੀਸ ’ਚ ਬਤੌਰ ਸਿਪਾਹੀ ਪਿੰਡ ਮਾਣਕੀ ਦੀ ਮਹਿਲਾ ਪੁਲੀਸ ਮੁਲਾਜ਼ਮ ਸੰਦੀਪ ਕੌਰ ਸੋਨੀ ਪੁੱਤਰੀ ਮੇਜਰ ਸਿੰਘ ਚੀਮਾ ਦੀ ਮੌਤ ਨਕਲੀ ਪਨੀਰ ਦਾ ਪਰੌਂਠਾ ਖਾਣ ਨਾਲ ਹੋਈ ਹੈ।
ਪੁਲੀਸ ਸਾਂਝ ਕੇਂਦਰ ਅਹਿਮਦਗੜ੍ਹ ’ਚ ਤਾਇਨਾਤ ਸੰਦੀਪ ਕੌਰ ਦਾ ਹਾਲੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਆਪਣੇ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਗਈ ਸੰਦੀਪ ਕੌਰ ਨੇ ਰਸਤੇ ਵਿਚ ਇਕ ਢਾਬੇ ਤੋਂ ਪਰੌਂਠਾ ਲੈ ਕੇ ਖਾ ਲਿਆ। ਘਰ ਆ ਕੇ ਉਸਦੀ ਤਬੀਅਤ ਵਿਗੜ ਗਈ ਤੇ ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ 19 ਦਿਨ ਤੱਕ ਜ਼ਿੰਦਗੀ ਨਾਲ ਜੂਝਦੀ ਰਹੀ ਪਰ ਆਖਰਕਾਰ ਮੌਤ ਅੱਗੇ ਹਾਰ ਗਈ।