ਧੋਖਾਧੜੀ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
ਸੁਭਾਸ਼ ਚੰਦਰ
ਸਮਾਣਾ, 4 ਫਰਵਰੀ
ਥਾਣਾ ਸਦਰ ਪੁਲੀਸ ਨੇ ਜਸਵਿੰਦਰ ਸਿੰਘ ਵਾਸੀ ਪਿੰਡ ਟੋਡਰਪੁਰ ਦੀ ਸ਼ਿਕਾਇਤ ’ਤੇ ਤਿੰਨ ਜਣਿਆਂ ਖ਼ਿਲਾਫ਼ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਸ਼ਿਕਾਇਤਕਰਤਾ ਦੀ ਸੱਸ ਮਲਕੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਇਕ ਰੋਜ਼ਾ ਪੁਲੀਸ ਰਿਮਾਂਡ ਹਾਸਲ ਕਰ ਲਿਆ। ਥਾਣਾ ਸਦਰ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਵਿਆਹ 2012 ਵਿੱਚ ਹਰਪ੍ਰੀਤ ਕੌਰ ਵਾਸੀ ਪਿੰਡ ਚੁਨਾਗਰਾਂ ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦੀ ਪਤਨੀ ਆਸਟਰੇਲੀਆ ਰਹਿੰਦੇ ਉਸ ਦੇ ਸਾਲੇ ਗੁਰਵਿੰਦਰ ਸਿੰਘ ਕਲੇਰ ਕੋਲ ਬੱਚੇ ਸਣੇ ਚਲੀ ਗਈ। ਕੁਝ ਮਹੀਨੇ ਬਾਅਦ ਪਤਨੀ ਨੇ ਉਸ ਦਾ ਮੋਬਾਈਲ ਨੰਬਰ ਬਲੌਕ ਕਰਕੇ ਗੱਲ ਕਰਨੀ ਬੰਦ ਕਰ ਦਿੱਤੀ ਤੇ ਨਾ ਹੀ ਬੱਚੇ ਨਾਲ ਗੱਲ ਕਰਵਾਈ। ਇਸ ਮਗਰੋਂ ਸਾਲੇ ਗੁਰਵਿੰਦਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਵੱਡੇ ਭਰਾ ਨਾਲ ਗੱਲ ਕਰ ਲਓ। ਉਸ ਨੇ ਅੱਗੇ ਦੱਸਿਆ ਕਿ ਜਦੋਂ ਵੱਡੇ ਸਾਲੇ ਸੁਖਜਿੰਦਰ ਨਾਲ ਗੱਲ ਕੀਤੀ ਤਾਂ ਉਸ ਨੇ ਹਰਪ੍ਰੀਤ ਕੌਰ ਨੂੰ ਤਲਾਕ ਦੇਣ ਦੀ ਗੱਲ ਕੀਤੀ। ਪੀੜਤ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਪੀੜਤ ਨੇ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਤੋਂ ਲਗਪਗ 14 ਲੱਖ ਰੁਪਏ ਨਕਦ, 5 ਲੱਖ ਰੁਪਏ ਆਰ.ਟੀ.ਜੀ.ਐਸ ਰਾਹੀਂ ਤੇ 13 ਤੋਲੇ ਸੋਨਾ ਵਾਪਸ ਨਾ ਕਰ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਪੁਲੀਸ ਅਨੁਸਾਰ ਪੀੜਤ ਦੀ ਸੱਸ ਮਲਕੀਤ ਕੌਰ, ਪਤਨੀ ਹਰਪ੍ਰੀਤ ਕੌਰ ਤੇ ਸਾਲੇ ਸੁਖਜਿੰਦਰ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।