ਧੂਰੀ ਦੇ ਹੁਸਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਆਇਆ ਸੁੱਖ ਦਾ ਸਾਹ
ਬੀਰਬਲ ਰਿਸ਼ੀ
ਧੂਰੀ, 4 ਜੂਨ
ਇੱਥੋਂ ਦੇ ਹੁਸਨਪ੍ਰੀਤ ਸਿੰਘ ਸਮੇਤ ਇਰਾਨ ’ਚ ਅਗਵਾ ਹੋਏ ਤਿੰਨ ਪੰਜਾਬੀ ਨੌਜਵਾਨਾਂ ਨੂੰ ਤਹਿਰਾਨ ਪੁਲੀਸ ਵੱਲੋਂ ਲੱਭ ਲੈਣ ਦੀ ਖ਼ਬਰ ਨੇ ਪੀੜਤ ਪਰਿਵਾਰਾਂ ਦੇ ਕਾਲਜੇ ਠੰਢ ਪਾਈ ਹੈ। ਉਨ੍ਹਾਂ ਕੇਂਦਰ, ਪੰਜਾਬ ਸਰਕਾਰ ਅਤੇ ਲੋਕਾਂ ਦੇ ਸੁਹਿਰਦ ਯਤਨਾਂ ਲਈ ਧੰਨਵਾਦ ਕੀਤਾ ਹੈ। ਲੰਘੀ 1 ਮਈ ਨੂੰ ਸੰਗਰੂਰ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਨਾਲ ਸਬੰਧਤ ਤਿੰਨ ਪੰਜਾਬੀ ਨੌਜਵਾਨਾਂ ਨੂੰ ਦੁਆਬੇ ਦੋ ਦੋ ਏਜੰਟ ਭਰਾਵਾਂ ਵੱਲੋਂ ਵਰਕ ਪਰਮਿਟ ’ਤੇ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਇਰਾਨ ਭੇਜਣ ਤੇ ਉੱਥੋਂ ਤਿੰਨਾਂ ਦੇ ਅਗਵਾ ਹੋਣ ’ਤੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਵਾਪਰੇ ਘਟਨਾਕ੍ਰਮ ਨਾਲ ਪਿਛਲੇ ਮਹੀਨੇ ਤੋਂ ਪਰਿਵਾਰ ਭਾਰੀ ਮਾਨਸਿਕ ਪੀੜਾ ਵਿੱਚੋਂ ਲੰਘ ਰਹੇ ਸਨ। ਸੰਗਤਪੁਰਾ ਮੁਹੱਲੇ ਦੇ ਵਸਨੀਕ ਹੁਸਨਪ੍ਰੀਤ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਪੁੱਤਰ ਹੁਸਨਪ੍ਰੀਤ ਸਿੰਘ ਨੇ ਲਗਭਗ ਸਤਾਰਾਂ ਦਿਨਾਂ ਬਾਅਦ ਕਿਸੇ ਦੇ ਫੋਨ ਤੋਂ ਮਹਿਜ਼ ਇੱਕ ਮਿੰਟ ਦੀ ਗੱਲਬਾਤ ’ਚ ਜਾਣਕਾਰੀ ਦਿੱਤੀ ਕਿ ਉਹ ਸਹੀ-ਸਲਾਮਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਬੰਧਤ ਦੇ ਪਾਸਪੋਰਟ ਮੁੜ ਬਣਾ ਕੇ ਉਨ੍ਹਾਂ ਦੀ ਵਾਪਸੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉੱਧਰ, ਇਸ ਪਰਿਵਾਰ ਨਾਲ ਪਹਿਲੇ ਦਿਨ ਤੋਂ ਨਾਲ ਡਟਕੇ ਖੜ੍ਹੇ ਬੀਜੇਪੀ ਆਗੂ ਰਣਦੀਪ ਦਿਓਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਕੈਬਨਿਟ ਮੰਤਰੀ ਧਾਲੀਵਾਲ ਨੇ ਤਸੱਲੀ ਪ੍ਰਗਟਾਈ
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਪ੍ਰਤੀਨਿਧ ਕੋਲ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਇਰਾਨ ’ਚ ਭਾਰਤੀ ਦੂਤਾਵਾਸ ਤੇ ਹੋਰਨਾਂ ਦੇ ਸੰਪਰਕ ਵਿੱਚ ਸਨ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਸਬੰਧਤ ਨੌਜਵਾਨ ਲੱਭ ਲਏ ਹਨ ਅਤੇ ਉਨ੍ਹਾਂ ਦੀ ਘਰ ਵਾਪਸੀ ਬਹੁਤ ਛੇਤੀ ਹੋਵੇਗੀ।