ਧੂਰੀ ’ਚ ਖੁੱਲ੍ਹਿਆ ਸਹਾਇਤਾ ਕੇਂਦਰ ਲੋਕਾਂ ਲਈ ਵਰਦਾਨ ਬਣਿਆ
ਹਰਦੀਪ ਸਿੰਘ ਸੋਢੀ
ਧੂਰੀ, 4 ਜੂਨ
ਪੰਜਾਬ ਦੇ ਲੋਕਾਂ ਨੂੰ ਵੱਧ ਸਹੂਲਤਾਂ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਜੱਦੀ ਹਲਕੇ ਧੂਰੀ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਹੈ ਜੋ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਨੂੰ ਘਟਾਉਣ ਦੇ ਯਤਨ ਕਰ ਰਿਹਾ ਹੈ। ਇਸ ਦਫ਼ਤਰ ਵਿੱਚ ਅਧਿਕਾਰੀ ਕਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਸਰਕਾਰੀ ਵਿਕਾਸ ਕਾਰਜਾਂ ਦੇ ਕੰਮਾਂ ਦੀ ਨਿਗਰਾਨੀ ਕਰਨਗੇ। ਇਸ ਸਬੰਧੀ ਪੰਜਾਬੀ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਧੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਇੰਚਾਰਜ ਦਲਵੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਇਸ ਸਹਾਇਤਾ ਕੇਂਦਰ ਵਿੱਚ ਆਸ਼ੀਰਵਾਦ ਸਕੀਮ, ਪੈਨਸ਼ਨ ਸਕੀਮਾਂ, ਲੇਬਰ ਕਾਰਡ, ਆਧਾਰ ਕਾਰਡ ਅੱਪਡੇਟ ਕਰਨ, ਬੁਢਾਪਾ, ਵਿਧਵਾ, ਅੰਗਹੀਣ ਆਦਿ ਦੇ ਫਾਰਮ ਭਰਨ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਤੇ ਇਸ ਦਫ਼ਤਰ ਦੀ ਇਹ ਖਾਸੀਅਤ ਹੋਵੇਗੀ ਕਿ ਲੋਕਾਂ ਵੱਲੋਂ ਫਾਰਮ ਭਰਨ ਉਪਰੰਤ ਉਨ੍ਹਾਂ ਨੂੰ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਸਗੋਂ ਉਨ੍ਹਾਂ ਦੇ ਇਨ੍ਹਾਂ ਦੇ ਕੰਮਾਂ ਦੀ ਪੈਰਵੀ ਇਸ ਕੇਂਦਰ ਵਿੱਚ ਬੈਠੇ ਕਰਮਚਾਰੀ ਤੇ ਅਧਿਕਾਰੀ ਖੁਦ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਦਫ਼ਤਰ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਦੇ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਰਹਿਣਗੇ। ਇਸ ਦੌਰਾਨ ਧੂਰੀ ਵਾਸੀ ਦੀਪ ਕੋਰ ਨੇ ਦੱਸਿਆ ਉਸ ਨੇ ਕੁਝ ਦਿਨ ਪਹਿਲਾਂ ਪੈਨਸ਼ਨ ਸਬੰਧੀ ਇਸ ਸਹਾਇਤਾ ਕੇਂਦਰ ਵਿੱਚ ਫਾਰਮ ਭਰੇ ਸਨ ਤੇ ਉਸ ਦੀ ਚੌਥੇ ਦਿਨ ਪੈਨਸ਼ਨ ਲੱਗ ਗਈ ਹੈ। ਉਸ ਨੂੰ ਕਿਸੇ ਦਫ਼ਤਰ ਵਿੱਚ ਨਹੀਂ ਜਾਣਾ ਪਿਆ।