ਨਿੱਜੀ ਪੱਤਰ ਪ੍ਰੇਰਕਧੂਰੀ, 9 ਜੂਨਥਾਣਾ ਸਿਟੀ ਧੂਰੀ ਦੀ ਪੁਲੀਸ ਨੇ ਬੀਤੀ ਰਾਤ ਸ਼ਹਿਰ ਦੇ ਇੱਕ ਮੁਹੱਲੇ ’ਚ ਵਾਪਰੀ ਲੱਖਾਂ ਰੁਪਏ ਦੇ ਜੇਵਰਾਤ ਦੀ ਚੋਰੀ ਨੂੰ ਮਹਿਜ਼ 12 ਘੰਟਿਆਂ ਅੰਦਰ ਟਰੇਸ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਸਰਵਣ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਸਰਤਾਰ ਸਿੰਘ ਚਹਿਲ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਉਪ ਕਪਤਾਨ ਪੁਲੀਸ ਦਮਨਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਧੂਰੀ ਦੀ ਪੁਲੀਸ ਵੱਲੋਂ 6-7 ਜੂਨ ਦੀ ਦਰਮਿਆਨੀ ਰਾਤ ਨੂੰ ਜਗਦੀਸ਼ ਰਾਏ ਪੁੱਤਰ ਕਰਮ ਚੰਦ ਦੇ ਘਰ ਕਿਸੇ ਵਿਅਕਤੀ ਵੱਲੋਂ ਸੋਨੇ-ਚਾਂਦੀ ਦੇ ਗਹਿਣਿਆਂ ਦੀ ਚੋਰੀ ਹੋਣ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਤਫ਼ਤੀਸ਼ ਅਮਲ ਵਿੱਚ ਲਿਆ ਕੇ 12 ਘੰਟਿਆਂ ’ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਸ ਵਿੱਚ ਮੁਲਜ਼ਮ ਗੋਬਿੰਦਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਚੋਰੀ ਦਾ ਮਾਲ 55 ਗ੍ਰਾਮ 900 ਮਿਲੀਗ੍ਰਾਮ ਸੋਨੇ ਦੇ ਗਹਿਣੇ, 732 ਗ੍ਰਾਮ ਚਾਂਦੀ ਦੇ ਗਹਿਣੇ ਅਤੇ 6266 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।