For the best experience, open
https://m.punjabitribuneonline.com
on your mobile browser.
Advertisement

ਧੀ ਦਾ ਦੁੱਖ

04:37 AM Jan 29, 2025 IST
ਧੀ ਦਾ ਦੁੱਖ
Advertisement

ਕਹਾਣੀ
ਤਰਸੇਮ ਸਿੰਘ ਕਰੀਰ
ਕੰਤੀ ਜਦੋਂ ਦੀ ਵਿਆਹੀ ਗਈ ਸੀ ਉਦੋਂ ਤੋਂ ਹੀ ਔਖੀ ਸੀ ਕਿਉਂਕਿ ਉਸ ਦੇ ਪਤੀ ਦੀ ਨੇੜਤਾ ਆਪਣੀ ਭਰਜਾਈ ਪ੍ਰਤੀ ਜ਼ਿਆਦਾ ਸੀ ਅਤੇ ਕੰਤੀ ਪ੍ਰਤੀ ਘੱਟ। ਇਸੇ ਕਰਕੇ ਕੰਤੀ ਦੇ ਮਾਂ-ਪਿਓ ਨੇ ਕੰਤੀ ਦੇ ਪਤੀ ਨੂੰ ਇੱਕ ਵਾਰ ਨਹੀਂ ਸਗੋਂ ਬਹੁਤ ਵਾਰ ਸਮਝਾਇਆ, ਪਰ ਉਹ ਨਹੀਂ ਸਮਝਿਆ। ਇੱਥੋਂ ਤੱਕ ਨੌਬਤ ਵੀ ਆਈ ਕਿ ਕੰਤੀ ਦੇ ਮਾਂ-ਪਿਓ ਨੇ ਇੱਕ ਦਿਨ ਸਵੇਰੇ 5 ਵਜੇ ਪੁਲੀਸ ਲਿਜਾ ਕੇ ਛਾਪਾ ਮਾਰਿਆ ਅਤੇ ਫਿਰ ਘਰ ਦੇ ਸਾਰੇ ਮੈਂਬਰ, ਸਣੇ ਜੱਗੇ ਦੀ ਮਾਂ ਅਤੇ ਭਰਜਾਈ ਕੰਧਾਂ ਟੱਪ ਕੇ ਕੋਠੇ ਉੱਤੋਂ ਦੀ ਆਪਣੇ ਗੁਆਂਢੀਆਂ ਦੇ ਘਰ ਚਲੇ ਗਏ, ਪਰ ਅਖੀਰ ਨੂੰ ਫੜ ਲਏ ਤੇ ਕੰਨ ਫੜ ਕੇ ਸਾਰੇ ਪਿੰਡ ਦੀ ਪੰਚਾਇਤ ਦੇ ਸਾਹਮਣੇ ਮੁਆਫ਼ੀ ਮੰਗੀ। ਉਸ ਤੋਂ ਬਾਅਦ ਜੱਗੇ ਨੂੰ ਕੁਝ ਸੁਰਤ ਆਈ ਅਤੇ ਉਹ ਸੰਭਲ ਗਿਆ। ਇਸ ਤਰ੍ਹਾਂ 15 ਸਾਲ ਤੱਕ ਕੰਤੀ ਦੇ ਮਾਂ-ਪਿਓ ਆਪਣੀ ਧੀ ਦਾ ਇਹ ਦੁੱਖ-ਸੰਤਾਪ ਭੋਗਦੇ ਰਹੇ। ਇੱਕ ਲੜਕੀ ਦੇ ਮਾਂ-ਪਿਓ ਹੋਣ ਦੇ ਨਾਤੇ ਉਹ ਸਿਰਫ਼ ਤੜਫ਼ ਹੀ ਸਕਦੇ ਸਨ ਜਾਂ ਜੋ ਉਹ ਕਰ ਸਕਦੇ ਸਨ, ਉਨ੍ਹਾਂ ਨੇ ਕੀਤਾ।
ਖੈਰ! ਅੱਜ ਕੰਤੀ ਅਤੇ ਜੱਗੇ ਦੇ ਵਿਆਹ ਹੋਏ ਨੂੰ ਤਕਰੀਬਨ 45 ਸਾਲ ਹੋ ਗਏ ਸਨ। ਉਨ੍ਹਾਂ ਨੇ ਆਪਣੇ ਤਿੰਨੇ ਹੀ ਬੱਚੇ ਵਿਆਹ ਲਏ। ਕੁੜੀਆਂ ਆਪਣੇ ਘਰ ਚਲੀਆਂ ਗਈਆਂ ਅਤੇ ਸੁਖੀ ਸਨ। ਤਿੰਨੇ ਹੀ ਬੱਚੇ ਆਪਣੇ ਪਰਿਵਾਰਾਂ ਵਿੱਚ ਰੁੱਝੇ ਹੋਏ ਸਨ। ਕੰਤੀ ਦੇ ਬੇਟੇ ਨੇ ਆਪਣਾ ਘਰ ਆਪਣੇ ਪਿੰਡ ਤੋਂ ਦੂਰ, ਸ਼ਹਿਰ ਵਿਖੇ ਪਾ ਹੀ ਲਿਆ ਸੀ ਅਤੇ ਹੁਣ ਉਹ ਪਰਿਵਾਰ ਸਮੇਤ ਉੱਥੇ ਹੀ ਰਹਿਣ ਬਾਰੇ ਸੋਚ ਰਹੇ ਸਨ। ਜੱਗੇ ਨੇ ਆਪਣੀ ਦੇਖ ਰੇਖ ਵਿੱਚ ਸਾਰਾ ਘਰ ਤਿਆਰ ਕਰਵਾਇਆ, ਪਰ ਜਦੋਂ ਉਸ ਨੂੰ ਉਸ ਨਵੇਂ ਘਰ ਵਿੱਚ ਬੈਠਣ ਦਾ ਮੌਕਾ ਮਿਲਿਆ ਤਾਂ ਉਹ ਰੱਬ ਨੂੰ ਪਿਆਰਾ ਹੋ ਗਿਆ। ਜੱਗੇ ਦੀ ਮੌਤ ਤੋਂ ਬਾਅਦ ਇਕਲੌਤੇ ਬੇਟੇ ਉੱਪਰ ਘਰ ਦਾ ਸਾਰਾ ਬੋਝ ਇਸ ਤਰ੍ਹਾਂ ਆ ਡਿੱਗਿਆ ਜਿਸ ਤਰ੍ਹਾਂ ਕਿ ਕੋਈ ਅਸਮਾਨ ਤੋਂ ਪੱਥਰ ਡਿੱਗਿਆ ਹੋਵੇ। ਜ਼ਿੰਦਗੀ ਤਾਂ ਕੱਟਣੀ ਹੀ ਸੀ।
ਜੱਗੇ ਅਤੇ ਕੰਤੀ ਦੇ ਘਰ ਪਰਮਾਤਮਾ ਨੇ ਇੱਕ ਪੋਤਰਾ ਅਤੇ ਇੱਕ ਪੋਤੀ ਦੀ ਦਾਤ ਬਖ਼ਸ਼ੀ ਹੋਈ ਸੀ। ਕੰਤੀ ਉਨ੍ਹਾਂ ਵਿੱਚ ਰੁੱਝੀ ਰਹਿੰਦੀ ਸੀ। ਕਿਵੇਂ ਨਾ ਕਿਵੇਂ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ। ਜੱਗੇ ਦੇ ਆਖਰੀ ਸਮੇਂ ਜੱਗੇ ਦੀ ਬਿਮਾਰੀ ਉੱਪਰ ਜੱਗੇ ਦੇ ਬੇਟੇ ਨੇ ਬੇਹੱਦ ਪੈਸਾ, ਆਪਣੇ ਵਿੱਤ ਤੋਂ ਜ਼ਿਆਦਾ ਲਾਇਆ, ਰਿਸ਼ਤੇਦਾਰਾਂ ਨੇ ਵੀ ਮਦਦ ਬਹੁਤ ਕੀਤੀ, ਪਰ ਜੱਗਾ ਨਹੀਂ ਬਚਿਆ। ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਜੱਗੇ ਦੀ ਅਰਥੀ ਉਸ ਨਵੇਂ ਘਰ ’ਚੋਂ ਚੁੱਕਣੀ ਪਈ।
ਕੰਤੀ ਦਾ ਅਜੇ ਆਪਣੀ ਜਵਾਨੀ ਵੇਲੇ ਦਾ ਦੁੱਖ ਭੁੱਲਿਆ ਨਹੀਂ ਸੀ ਕਿ ਹੁਣ ਉਸ ਨੂੰ ਆਪਣੇ ਪਤੀ ਦਾ ਵਿਛੋੜਾ ਵੀ ਝੱਲਣਾ ਪੈ ਗਿਆ ਜਿਸ ਕਾਰਨ ਉਹ ਕੁਝ ਪਰੇਸ਼ਾਨ ਰਹਿਣ ਲੱਗ ਪਈ, ਪਰ ਆਪਣੇ ਪਰਿਵਾਰ ਵਿੱਚ ਉਹ ਖ਼ੁਸ਼ ਸੀ। ਉਸ ਨੇ ਆਪਣੇ ਮਨ ਨੂੰ ਸਮਝਾ ਲਿਆ ਸੀ ਕਿ ਇਹ ਜੋ ਕੁਝ ਹੋ ਰਿਹਾ ਹੈ, ਸਭ ਕੁਝ ਰੱਬ ਦਾ ਭਾਣਾ ਹੈ ਅਤੇ ਰੱਬ ਦਾ ਭਾਣਾ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਬਿਹਤਰੀ ਹੁੰਦੀ ਹੈ। ਸਾਰੀ ਜ਼ਿੰਦਗੀ ਉਸ ਨੇ ਆਪਣੇ ਪਤੀ ਨਾਲ ਵੀ ਰੱਬ ਦਾ ਭਾਣਾ ਮੰਨ ਕੇ ਹੀ ਕੱਟੀ, ਇਸੇ ਕਰਕੇ ਉਸ ਵਿੱਚ ਸਬਰ ਬਹੁਤ ਆ ਗਿਆ ਸੀ।
ਇੱਕ ਦਿਨ ਅਚਾਨਕ ਉਸ ਦੀ ਵੱਡੀ ਬੇਟੀ ਦਾ ਫੋਨ ਆਇਆ ਜਿਸ ਵਿੱਚ ਉਸ ਨੇ ਆਪਣੇ ਪਤੀ ਦੀ ਬਿਮਾਰੀ ਬਾਰੇ ਕੰਤੀ ਨੂੰ ਦੱਸ ਦਿੱਤਾ, ਜਿਹੜਾ ਕਿ ਘਰਵਾਲਿਆਂ ਨੇ ਉਸ ਨੂੰ ਪਹਿਲਾਂ ਨਹੀਂ ਸੀ ਦੱਸਿਆ। ਜੇਕਰ ਦੱਸਿਆ ਸੀ ਤਾਂ ਬਹੁਤ ਥੋੜ੍ਹਾ ਦੱਸਿਆ ਸੀ, ਪਰ ਉਸ ਦੀ ਬੇਟੀ ਨੇ ਉਸ ਨੂੰ ਸਾਰਾ ਕੁਝ ਹੀ ਦੱਸ ਦਿੱਤਾ। ਉਸ ਦੀ ਬਿਮਾਰੀ ਬਾਰੇ ਸੁਣਦੇ ਸਾਰ ਹੀ ਕੰਤੀ ਨੂੰ ਦਿਮਾਗ਼ੀ ਅਟੈਕ ਹੋਇਆ ਅਤੇ ਦਿਮਾਗ਼ ਦੀ ਇੱਕ ਨਾੜੀ ਫਟ ਗਈ। ਉਸ ਨੂੰ ਕੁਝ ਦਿਨ ਲਈ ਚੰਡੀਗੜ੍ਹ ਦਾਖਲ ਰੱਖਣਾ ਪਿਆ। ਇਸ ਤਰ੍ਹਾਂ ਉਸ ਦੇ ਬੇਟੇ ਉੱਪਰ ਆਪਣੀ ਮਾਂ ਦੀ ਬਿਮਾਰੀ ਦਾ ਖ਼ਰਚਾ ਹੋਰ ਪੈ ਗਿਆ, ਪਰ ਰੱਬ ਦੀ ਕਰਨੀ ਜਾਨ ਬਚ ਗਈ।
ਅੱਜ, ਤਕਰੀਬਨ ਦੋ ਮਹੀਨੇ ਬਾਅਦ, ਉਸ ਦੀ ਧੀ ਦੇ ਪਤੀ ਦੀ ਭਾਵ ਉਸ ਤੇ ਜਵਾਈ ਦੀ ਭਰ ਜਵਾਨੀ ਵਿੱਚ ਹੀ ਮੌਤ ਹੋ ਗਈ ਅਤੇ ਇਸ ਮੌਤ ਬਾਰੇ ਕੰਤੀ ਨੂੰ ਘਰਵਾਲਿਆਂ ਨੇ ਬਿਲਕੁਲ ਹੀ ਨਹੀਂ ਦੱਸਿਆ। ਉਨ੍ਹਾਂ ਦਾ ਮੰਨਣਾ ਸੀ ਕਿ ਪਹਿਲਾਂ ਸਿਰਫ਼ ਬਿਮਾਰ ਹੋਣ ਦੀ ਖ਼ਬਰ ਮਿਲਣ ’ਤੇ ਹੀ ਉਸ ਨੂੰ ਐਨੀ ਵੱਡੀ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਸੀ, ਜੇਕਰ ਹੁਣ ਉਸ ਨੂੰ ਮੌਤ ਬਾਰੇ ਦੱਸ ਦਿੱਤਾ ਤਾਂ ਇਹ ਪੱਕਾ ਸੀ ਕਿ ਉਸ ਦੀ ਮੌਤ ਵੀ ਹੋ ਸਕਦੀ ਹੈ। ਪਰਿਵਾਰ ਦੇ ਬਾਕੀ ਮੈਂਬਰ ਜਵਾਈ ਦੇ ਸਸਕਾਰ, ਫੁੱਲ ਚੁਗਣ, ਭੋਗ ਆਦਿ ਸਭ ਰਸਮਾਂ ’ਤੇ ਆਪਣੇ ਆਪ ਹੀ ਜਾਂਦੇ ਰਹੇ ਅਤੇ ਕੰਤੀ ਨੂੰ ਇਸ ਬਾਰੇ ਕੋਈ ਭਿਣਕ ਵੀ ਨਹੀਂ ਪੈਣ ਦਿੱਤੀ। ਸਾਰੇ ਪਰਿਵਾਰ ਨੇ ਇਹ ਮਤਾ ਪਾਸ ਕੀਤਾ ਹੋਇਆ ਸੀ ਕਿ ਕੰਤੀ ਨੂੰ ਉਸ ਦੇ ਜਵਾਈ ਦੀ ਮੌਤ ਬਾਰੇ ਬਿਲਕੁਲ ਹੀ ਨਹੀਂ ਦੱਸਣਾ।
ਅੱਜ ਉਸ ਦੇ ਜਵਾਈ ਦੀ ਮੌਤ ਹੋਈ ਨੂੰ ਤਕਰੀਬਨ ਦੋ ਮਹੀਨੇ ਹੋ ਗਏ ਅਤੇ ਉਸ ਦੀ ਧੀ ਦਾ ਫੋਨ ਆਇਆ। ਜਿਉਂ ਹੀ ਆਪਣੀ ਧੀ ਨਾਲ ਗੱਲ ਸ਼ੁਰੂ ਕਰਨ ਲੱਗੀ ਤਾਂ ਧੀ ਆਪਣੇ ਆਪ ਉੱਪਰ ਕਾਬੂ ਨਾ ਰੱਖ ਸਕੀ ਅਤੇ ਗੱਲਾਂ ਕਰਦੇ ਕਰਦੇ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ ਜਿਸ ’ਤੇ ਕੰਤੀ ਨੇ ਉਸ ਦੇ ਇਸ ਤਰ੍ਹਾਂ ਰੋਣ ਦਾ ਕਾਰਨ ਪੁੱਛਿਆ ਤਾਂ ਧੀ ਨੇ ਫੋਨ ਬੰਦ ਕਰ ਦਿੱਤਾ। ਸ਼ਾਮ ਨੂੰ ਜਦੋਂ ਪਰਿਵਾਰ ਦੇ ਮੈਂਬਰ ਘਰ ਆਏ ਤਾਂ ਕੰਤੀ ਨੇ ਉਨ੍ਹਾਂ ਤੋਂ ਆਪਣੇ ਜਵਾਈ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਸਾਰੇ ਹੀ ਟਾਲਮਟੋਲ ਕਰਦੇ ਰਹੇ, ਪਰ ਅਖੀਰ ਕੰਤੀ ਨੂੰ ਉਸ ਦੇ ਜਵਾਈ ਦੀ ਮੌਤ ਬਾਰੇ ਸਭ ਕੁਝ ਦੱਸਣਾ ਪਿਆ।
ਸਾਰੇ ਪਰਿਵਾਰ ਦੇ ਮੈਂਬਰ ਰਾਤ ਨੂੰ ਖਾਣ ਪੀਣ ਤੋਂ ਬਾਅਦ ਸੌਂ ਗਏ। ਸਵੇਰੇ ਜਿਉਂ ਹੀ ਪਰਿਵਾਰਕ ਮੈਂਬਰ ਆਪੋ ਆਪਣੇ ਕੰਮਾਂ ਨੂੰ ਜਾਣ ਲੱਗੇ ਤਾਂ ਉਨ੍ਹਾਂ ਨੇ ਆਪਣੀ ਮੰਮੀ ਨੂੰ ਆਵਾਜ਼ ਮਾਰੀ, ਪਰ ਉਹ ਨਹੀਂ ਬੋਲੀ, ਫਿਰ ਉਨ੍ਹਾਂ ਨੇ ਦੁਬਾਰਾ ਆਵਾਜ਼ ਮਾਰੀ, ਉਹ ਫਿਰ ਵੀ ਨਹੀਂ ਬੋਲੀ। ਜਦੋਂ ਉਨ੍ਹਾਂ ਨੇ ਬੂਹੇ ਖੋਲ੍ਹ ਕੇ ਅੰਦਰ ਦੇਖਿਆ ਤਾਂ ਕੰਤੀ ਕਦੋਂ ਦੀ ਪੱਕੀ ਨੀਂਦਰ ਸੁੱਤੀ ਪਈ ਸੀ।
ਪਹਿਲਾਂ ਤਾਂ ਸਾਰੀ ਉਮਰ ਕੰਤੀ ਦੇ ਮਾਂ-ਪਿਓ ਕੰਤੀ ਵੱਲੋਂ ਦੁਖੀ ਰਹੇ, ਉਸ ਤੋਂ ਬਾਅਦ ਕੰਤੀ ਜਿਉਂ ਹੀ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕਰਦੀ ਹੈ ਤਾਂ ਉਹ ਆਪਣੇ ਪਤੀ ਦੇ ਵਤੀਰੇ ਕਾਰਨ ਦੁਖੀ ਰਹਿੰਦੀ ਹੈ। ਉਸ ਦੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਨੇ ਸਬਰ ਦਾ ਘੁੱਟ ਭਰ ਲਿਆ, ਪਰ ਦਰਦ ਤਾਂ ਅੰਦਰ ਸਮਾਇਆ ਹੋਇਆ ਸੀ। ਅੱਜ ਉਸ ਦੀ ਆਪਣੀ ਧੀ ਦਾ ਅਕਹਿ ਅਤੇ ਅਸਹਿ ਦੁੱਖ ਉਸ ਦੀ ਜਾਨ ਦਾ ਖੌਅ ਬਣਿਆ ਅਤੇ ਉਹ ਸਦਾ ਦੀ ਨੀਂਦ ਸੌਂ ਗਈ ਕਿਉਂਕਿ ਧੀਆਂ ਦੇ ਦੁੱਖ ਝੱਲਣੇ ਬਹੁਤ ਔਖੇ ਹਨ। ਇਸ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦੀ।
ਸੰਪਰਕ: +61447738291

Advertisement

Advertisement
Advertisement
Author Image

Balwinder Kaur

View all posts

Advertisement