ਧੀਰਜ, ਠਹਿਰਾਓ ਤੇ ਸਬਰ ਨਾਲ ਪੜ੍ਹਨ ਵਾਲਾ ਨਾਵਲ ‘ਮਨੁ ਪੰਖੀ ਭਇਓ’
ਬਲਦੇਵ ਸਿੰਘ (ਸੜਕਨਾਮਾ)
ਪੁਸਤਕ ‘ਮਨੁ ਪੰਖੀ ਭਇਓ’ (ਪੰਨੇ: 318; ਕੀਮਤ: 475 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਮਨਮੋਹਨ ਦਾ ਤੀਜਾ ਨਾਵਲ ਹੈ। ਪਹਿਲੇ ਨਾਵਲ ‘ਨਿਰਵਾਣ’ ਅਤੇ ‘ਸਹਜ ਗੁਫਾ ਮਹਿ ਆਸਣੁ’ ਹਨ। ਇਸ ਨਾਵਲ ਵਿੱਚ ਵੀ ਲੇਖਕ ਨੇ ਆਪਣੇ ਰਵਾਇਤੀ ਬਿਰਤਾਂਤ ਨੂੰ ਹੋਰ ਵਿਸਥਾਰ ਦਿੱਤਾ ਹੈ। ਮਨਮੋਹਨ ਦੇ ਨਾਵਲ ਪੜ੍ਹਨਾ ਤੇ ਉਸ ਨੂੰ ਆਤਮਸਾਤ ਕਰਨਾ, ਪਾਠਕ ਲਈ ਇੱਕ ਵੰਗਾਰ ਹਨ। ਇੱਕ ਕਾਲ-ਖੰਡ ਦੇ ਸਾਧਾਰਨ ਲੋਕਾਂ ਦੀ ਵਿਥਿਆ, ਸਾਧਾਰਨ ਪਾਠਕਾਂ ਵਾਸਤੇ ਨਹੀਂ ਹੈ। ਸਿੱਧੇ ਸਾਦੇ ਲੋਕਾਂ ਦੀ ਜੀਵਨ ਸ਼ੈਲੀ ਦੇ ਅਰਥ ਬੜੇ ਡੂੰਘੇ ਹਨ। ਬਿਰਤਾਂਤ ਵਿੱਚ ਸ਼ਾਇਰੀ ਹੈ, ਗੁਰਬਾਣੀ ਹੈ, ਫ਼ਾਰਸੀ ਦੇ ਸਲੋਕ ਹਨ, ਦੋਹੇ ਹਨ, ਟੱਪੇ ਹਨ, ਕਾਫ਼ੀਆਂ ਹਨ ਤੇ ਇਨ੍ਹਾਂ ਵਿੱਚ ਅਨੇਕਾਂ ਵਾਰ ‘ਰਹਾਓ’ ਦਾ ਪੜਾਅ ਆਉਂਦਾ ਹੈ, ਜਿੱਥੇ ਪਾਠਕ ਨੂੰ ਠਹਿਰਨ, ਸੋਚਣ ਤੇ ਕਹੀ ਕਥਾ ਨੂੰ ਸਮਝ ਕੇ ਆਪਣੇ ਨਾਲ ਇਕ-ਮਿਕ ਕਰਨ ਦਾ ਸੰਕੇਤ ਹੈ।
ਹਥਲਾ ਨਾਵਲ ਦੇਸ਼ ਦੀ ਵੰਡ ਤੋਂ ਢੇਰ ਸਮਾਂ ਪਹਿਲਾਂ ਦੇ ਲੋਕ ਜੀਵਨ ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਾ ਦੋ ਕੌਮਾਂ ਦਾ ਕੋਈ ਰੌਲਾ ਸੀ, ਨਾ ਜਾਤ ਬਿਰਾਦਰੀ ਨੂੰ ਇੰਨੀ ਅਹਿਮੀਅਤ ਦਿੱਤੀ ਜਾਂਦੀ ਸੀ। ਕੁਦਰਤ ਦਾ ਜਲੌਅ ਸਭਨਾਂ ਲਈ ਇੱਕ ਸਮਾਨ ਸੀ। ‘‘ਲੌਢਾ ਵੇਲਾ। ਜੰਗਲ ਬੇਲਾ। ਰੁੱਖਾਂ ਦੀ ਸੰਘਣੀ ਝਿੜੀ। ਪੰਛੀਆਂ ਦੀ ਚਹਿਕਾਰ... ਡੁੱਬ ਰਹੇ ਸੂਰਜ ਦੀ ਕੇਸਰੀ ਨੁਹਾਰ।
ਉਦੋਂ ਨਾ ਸਰਹੱਦ ਦੀ ਸੀਮਾ ਸੀ, ਨਾ ਬਾਰਡਰ
ਉਸਾਰੇ ਸਨ’’ ਤੇ ਨਾਵਲ ਦਾ ਅੰਤ ਹੁੰਦਾ ਹੈ,
‘‘ਪੱਛਮ ਵੱਲ ਸੂਰਜ ਡੁੱਬ ਰਿਹਾ ਸੀ। ਅਸਮਾਨ ’ਚ
ਪੰਛੀ ਆਪਣੇ ਆਲ੍ਹਣਿਆਂ ਨੂੰ ਪਰਤਣੇ ਸ਼ੁਰੂ ਹੋ ਗਏ ਸਨ। ਅਸਮਾਨ ’ਚ ਬੰਦੇ ਦੀ ਬਣਾਈ ਕੋਈ ਸਰਹੱਦ
ਤੇ ਸੀਮਾ ਨਹੀਂ ਸੀ, ਪਰ ਸ਼ਾਮ ਪੰਜ ਵਜੇ
ਜ਼ਮੀਨ ’ਤੇ ਪਾਕਿਸਤਾਨ-ਭਾਰਤ ਦਰਮਿਆਨ ਉਸਾਰੇ ਗਏ ਬਾਰਡਰ ਨੇ ਬੰਦ ਹੋ ਜਾਣਾ ਸੀ।’’ ਉਦੋਂ ਜਦੋਂ ਸਰਹੱਦਾਂ ਨਹੀਂ ਸਨ ਤੇ ਹੁਣ ਜਦ ਸਰਹੱਦਾਂ ਉਸਰ ਗਈਆਂ ਤੇ ਸਮੇਂ ਦੌਰਾਨ ਸਦੀਆਂ ਦਾ ਸਮਾਜਿਕ ਅਤੇ ਰਾਜਨੀਤਕ ਇਤਿਹਾਸ ਹੈ ਤੇ ਇਨ੍ਹਾਂ ਦੇ ਨਾਲ-ਨਾਲ ਕਥਾ ਚਲਦੀ ਹੈ, ਬੋਧਾ, ਬੁਧ ਸਿੰਘ ਉਰਫ਼ ਭਾਈ ਬੁਧ ਸਿੰਘ ਦੀ ਤੇ ਉਸ ਦੇ ਸੰਗੀ ਸਾਥੀਆਂ ਦੀ। ਬੋਧਾ, ਬੁੱਧੂ ਨਹੀਂ ਹੈ, ਉਹ ਬੁੱਧੀਵਾਨ ਹੈ। ਗੁਰਬਾਣੀ ਦਾ ਗਿਆਤਾ ਹੈ, ਗ਼ਾਲਬ, ਆਮੀਰ, ਮੀਰ, ਬੁਲ੍ਹੇਸ਼ਾਹ, ਸ਼ਾਹ ਹੁਸੈਨ, ਬਹਾਦਰ ਸ਼ਾਹ ਜ਼ਫ਼ਰ ਦੀ ਸ਼ਾਇਰੀ ਤੋਂ ਤਾਂ ਭਲੀਭਾਂਤ ਵਾਕਫ਼ ਹੈ ਈ, ਉਹ ਫ਼ਾਰਸੀ ਦੀ ਵੀ ਪੂਰੀ ਸਮਝ ਰੱਖਦਾ ਹੈ। ਸਿਰਫ਼ ਬੋਧਾ ਹੀ ਨਹੀਂ, ਉਸ ਦਾ ਤਾਇਆ, ਸਕੂਲ ਦਾ ਮੁੱਖ ਅਧਿਆਪਕ, ਗੁਰਦੁਆਰੇ ਦਾ ਰਾਗੀ, ਗ੍ਰੰਥੀ ਸਭ ਸ਼ੇਅਰੋ-ਸ਼ਾਇਰੀ ਵਿੱਚ ਮਾਹਰ ਹਨ ਤੇ ਪਾਠਕਾਂ ਨੂੰ ਹੈਰਾਨ ਕਰਦੇ ਹਨ।
ਮਨਮੋਹਨ ਨੇ ਜੇ ‘ਸ਼ਬਦ’ ਦਾ ਜ਼ਿਕਰ ਕੀਤਾ ਹੈ ਤੇ ਉਸ ਦੀਆਂ ਜੜ੍ਹਾਂ ਤੱਕ ਜਾਣਕਾਰੀ ਦਿੱਤੀ ਹੈ। ਜੇ ਸੰਗੀਤ ਜਾਂ ਗੁਰਮਤਿ ਸੰਗੀਤ ਬਾਰੇ ਗੱਲ ਕੀਤੀ ਹੈ ਤਾਂ ਸੰਗੀਤ ਦੀਆਂ ਵੰਨਗੀਆਂ, ਧੁਨਾਂ, ਸੁਰਾਂ, ਗਾਇਨ ਸ਼ੈਲੀਆਂ ਤੱਕ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।
‘‘ਅਸ਼ਟਪਦੀ, ਇਸ ਦੇ ਚਾਰ ਭਾਗ ਹੁੰਦੇ ਹਨ, ਉਦਗ੍ਰਹ, ਧਰੁਵ, ਮੇਲਾਪਕ ਤੇ ਅਭੋਗ। ... ਹੋਰ ਵੀ ਲੋਕ ਅੰਗ ਵਾਲੀਆਂ ਸ਼ੈਲੀਆਂ ਹੁੰਦੀਆਂ ਨੇ ਜੀਕੁਰ ਛੰਤ, ਅਲਾਹੁਣੀ, ਮੁੰਦਾਵਣੀ, ਅੰਜੁਲੀ, ਘੋੜੀਆਂ, ਵਾਰਾਂ, ਆਰਤੀ ਆਦਿ।’’ (ਪੰਨਾ 99)
ਵਿਚਾਰ ਗੋਸ਼ਟੀਆਂ ਅਤੇ ਰਿਆਜ਼ ਨਾਲ ਬੋਧਾ ਹੌਲੀ-ਹੌਲੀ ਭਾਈ ਬੁਧ ਸਿੰਘ ਦੀ ਪਦਵੀ ਪਾ ਲੈਂਦਾ ਹੈ।
ਬਿਰਤਾਂਤ ਅੱਗੇ ਤੁਰਦਾ ਬਰਤਾਨੀਆ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਸਾਜ਼ਿਸ਼ਾਂ ਵਿੱਚੋਂ ਦੀ ਗੁਜ਼ਰਦਾ ਬਾਰਾਂ ਦੇ ਸਮਿਆਂ ’ਤੇ ਆ ਪੁੱਜਦਾ ਹੈ ਜਿਸ ਸਮੇਂ ਸ. ਅਜੀਤ ਸਿੰਘ ਨੇ ਕਿਸਾਨਾਂ ਮੁਜ਼ਾਰਿਆਂ ਨਾਲ ਹੁੰਦੇ ਜ਼ੁਲਮਾਂ ਵਿਰੁੱਧ ‘ਪਗੜੀ ਸੰਭਾਲ ਜੱਟਾ’ ਲਹਿਰ ਚਲਾਈ ਸੀ।
ਸਮੇਂ ਦੇ ਨਾਲ ਬੋਧੇ ਵਿੱਚ ਵਿਚੇਤਨਾ ਆਉਂਦੀ ਹੈ। ਉਹ ਅਖ਼ਬਾਰ ਵੀ ਪੜ੍ਹਦਾ ਹੈ ਤੇ ਰੇਡੀਓ ਵੀ ਸੁਣਦਾ ਹੈ ਜਿਸ ਨਾਲ ਉਸ ਨੂੰ ਦੇਸ਼ ਵਿੱਚ ਹੁੰਦੀ ਰਾਜਨੀਤਕ ਉਥਲ-ਪੁਥਲ ਤੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਬਾਰੇ ਪਤਾ ਲਗਦਾ ਰਹਿੰਦਾ ਹੈ। ਚੰਗੇ ਵਿਚਾਰ ਉਹ ਡਾਇਰੀ ਵਿੱਚ ਵੀ ਲਿਖਦਾ ਹੈ। ਲੜਕੀ ਕੰਮੋ ਨਾਲ ਵੀ ਉਸ ਦਾ ਲਗਾਓ ਹੈ। ਉਸ ਦੀ ਛੋਹ ਨਾਲ ਇੱਕ ਸਾਧਾਰਨ ਜਿਹਾ ਬੰਦਾ ਕਵੀ ਬਣ ਜਾਂਦਾ ਹੈ, ਆਪਣੀ ਡਾਇਰੀ ਵਿੱਚ ਲਿਖਦਾ ਹੈ: ‘‘ਆਪਣੀਆਂ ਉਂਗਲਾਂ ਸੰਗ ਚੁੰਨੀ ਲਪੇਟਦੀ ਤੂੰ ਖੋਲ੍ਹੇਂ ਸ਼੍ਰਿਸ਼ਟੀ ਦੇ ਵਲਾਂ ਨੂੰ... ਨਿਹਾਰਦਾ ਮੈਂ ਸਮਾਅ ਜਾਵਾਂ ਪ੍ਰਕਿਰਤੀ ਵਿੱਚ ਦ੍ਰਿਸ਼ਟੀ ਵਾਂਗ..., ਪਾਣੀ ’ਤੇ ਨਹੀਂ ਠਹਿਰਦਾ ਤੇਰਾ ਚਿਹਰਾ... ਝੀਲ ਦੀ ਸਤਹ ਉੱਤੇ ਨ੍ਰਿਤ ਕਰਦਾ ਪਾਣੀ ਦਾ ਉਤਸਵ।’’
ਮਨਮੋਹਨ ਜੇ ਸੁਪਨਿਆਂ ਦੀ ਗੱਲ ਕਰਦਾ ਹੈ, ਦੱਸਦਾ ਹੈ, ਸੁਪਨੇ ਤਿੰਨ ਤਰ੍ਹਾਂ ਦੇ ਹੁੰਦੇ ਹਨ। ਖ਼ੁਆਬ-ਏ-ਰਹਿਮਾਨੀ, ਖ਼ੁਆਬ-ਏ-ਸ਼ੈਤਾਨੀ ਤੇ ਖ਼ੁਆਬ-ਏ-ਨਫ਼ਸਾਨੀ।
ਨਾਵਲੀ ਬਿਰਤਾਂਤ ਵਿੱਚ ਹੋਰ ਵੀ ਬੜਾ ਕੁਝ ਹੈ, ਜੰਨਤ ਬਾਰੇ ਦੋਜ਼ਖ਼ ਬਾਰੇ, ਦੇਵਤਿਆਂ ਬਾਰੇ, ਪੀਰਾਂ ਪੈਗੰਬਰਾਂ ਬਾਰੇ। ਪੂਰੇ ਬਿਰਤਾਂਤ ਵਿੱਚ ਸ਼ਾਇਰੀ ਤਾਂ ਹੈ ਹੀ। ਕਦੇ ਮਹਿਸੂਸ ਹੁੰਦਾ ਹੈ ਲੇਖਕ ਪ੍ਰਸੰਗ ਅਨੁਸਾਰ ਸ਼ੇਅਰ/ ਬੈਂਤ/ ਕਾਫ਼ੀ ਖੋਜਦਾ ਹੈ, ਕਦੇ ਲਗਦਾ ਹੈ ਲੇਖਕ ਸ਼ੇਅਰ ਮੁਤਾਬਿਕ ਪ੍ਰਸੰਗ ਸਿਰਜਦਾ ਹੈ। ਨਾਲ-ਨਾਲ ਜੀਵਨ ਫਲਸਫ਼ਾ ਵੀ ਤੁਰਦਾ ਹੈ।
ਨਾਵਲ ਆਪਣੇ ਸਮੇਂ ਦੇ ਸਮੁੱਚੇ ਸੱਭਿਆਚਾਰ ਨੂੰ ਕਲਾਵੇ ਵਿੱਚ ਲੈਂਦਾ ਹੈ। ਨਾਵਲ ਦੀ ਤੋਰ ਬੜੀ ਸਹਿਜ ਅਤੇ ਮਟਕ ਨਾਲ ਤੁਰਦੀ ਹੈ, ਕੋਈ ਕਾਹਲ ਨਹੀਂ। ਬੁਧ ਸਿੰਘ ਦਾ ਕੰਮੋ ਨਾਲ ਵਿਆਹ, ਬੱਚੇ, ਦੇਸ਼ ਦੀ ਵੰਡ ਵੇਲੇ ਬੱਚਿਆਂ ਦਾ ਵਿਛੜਨਾ; ਹਿੰਦੂ, ਸਿੱਖ, ਮੁਸਲਮਾਨ ਭਰਾਵਾਂ ਵਾਂਗ ਰਹਿੰਦੇ-ਵਰਤਦੇ ਅਚਾਨਕ ਦੁਸ਼ਮਣ ਬਣ ਜਾਣਾ। ਉਧਰੋਂ ਬਚ-ਬਚਾ ਕੇ ਸਭ ਕੁਝ ਲੁਟਾ ਕੇ ਅੰਮ੍ਰਿਤਸਰ ਆ ਜਾਣਾ ਤੇ ਇਧਰ ਕਤਲ ਹੋ ਜਾਣਾ, ਫਿਰ ਵਰ੍ਹਿਆਂ ਬਾਅਦ ਬੁਧ ਸਿੰਘ ਤੇ ਕੰਮੋ ਦੇ ਬੱਚਿਆਂ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ’ਤੇ ਮਿਲਣਾ, ਇਹ ਸਭ ਦੱਸਣ ਨਾਲ ਨਹੀਂ ਪੜ੍ਹਨ ਨਾਲ ਹੀ ਪਤਾ ਲੱਗੇਗਾ ਕਿ ਸਿਆਸੀ ਚੌਧਰੀਆਂ ਦੀਆਂ ਨੀਤੀਆਂ ਕਾਰਨ ਆਮ ਲੋਕਾਂ ਨੇ ਕਿੰਨਾ ਸੰਤਾਪ ਭੋਗਿਆ। ਬੱਸ ਥੋੜ੍ਹਾ ਜਿਹਾ ਸਬਰ ਰੱਖ ਕੇ ਸਹਿਜ ਨਾਲ ਇਹ ਨਾਵਲ ਪੜ੍ਹਨਾ ਚਾਹੀਦਾ ਹੈ। ਮਨਮੋਹਨ ਦੇ ਮਨ ਨੇ ਪੰਖੀ ਵਾਂਗ ਹੀ ਉਡਾਣ ਭਰੀ ਹੈ।
ਸੰਪਰਕ: 98147-83069