ਧਾਲੀਵਾਲ ਤੇ ਭਗਤ ਵੱਲੋਂ ਪਾਕਿ ਹਮਲੇ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਮਈ
ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਬੀਤੀ ਰਾਤ ਪਾਕਿਸਤਾਨ ਵੱਲੋਂ ਕਸਬਾ ਰਾਜਾਸਾਂਸੀ ਨੇੜਲੇ ਪਿੰਡ ਰਾਣੇਵਾਲੀ-ਮੁਗਲਾਨੀਕੋਟ ਤੇ ਸ੍ਰੀ ਰਾਮ ਤੀਰਥ ਨੇੜਲੇ ਪਿੰਡ ਵਡਾਲਾ ਭਿੱਟੇਵੱਢ ਵਿੱਚ ਡੇਗੇ ਡਰੋਨਾਂ ਨਾਲ ਪੈਦਾ ਹੋਏ ਹਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਘਟਨਾ ਸਥਾਨ ’ਤੇ ਜੁੜੇ ਲੋਕਾਂ ਨੂੰ ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਨੇ ਕਿਹਾ ਕਿ ਰਾਤ ਦੇ ਸਮੇਂ ਪਾਕਿਸਤਾਨ ਵੱਲੋਂ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਹਿੱਤ ਭੇਜੇ ਜਾ ਰਹੇ ਡਰੋਨਾਂ/ਮਿਜ਼ਾਈਲਾਂ ਨੂੰ ਭਾਰਤੀ ਫੌਜ ਵੱਲੋਂ ਹਵਾ ’ਚ ਹੀ ਨਕਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਲਬੇ ਨੂੰ ਵੇਖਣ ਲਈ ਪਿੰਡ ਵਾਸੀ ਮੌਕੇ ਵਾਲੀ ਥਾਂ ’ਤੇ ਨਾ ਪੁੱਜਣ ਕਿਉਂਕਿ ਡਿੱਗੇ ਮਲਬੇ ’ਚੋਂ ਕੁੱਝ ਅੰਸ਼ ਧਮਾਕਾਖੇਜ਼ ਵੀ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀ ਹੈ। ਧਮਾਕਾਖੇਜ਼ ਸਮੱਗਰੀ ਦੇ ਫਟਣ ਨਾਲ ਮੌਕੇ ’ਤੇ ਮੌਜੂਦ ਲੋਕਾਂ ਦਾ ਜਾਨੀ ਨੁਕਸਾਨ ਹੋਣ ਦਾ ਖਤਰਾ ਮੌਜੂਦ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਥਾਂ ਡਰੋਨ ਜਾਂ ਮਿਜ਼ਾਈਲ ਡਿੱਗਣ ਦੀ ਸੂਰਤ ’ਚ ਪੁਲੀਸ ਜਾਂ ਸੈਨਾ ਨੂੰ ਸੂਚਨਾ ਦਿੱਤੀ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਕੇ ਪੰਜਾਬ ’ਚ ਸਿਵਲ ਨਾਗਰਿਕਾਂ ਨੂੰ ਡਰੋਨ ਜਾ ਮਿਜ਼ਾਈਲ ਹਮਲਿਆਂ ਦਾ ਸ਼ਿਕਾਰ ਬਣਾਏ ਜਾਣ ਦੀਆਂ ਮੰਦਭਾਗੀਆਂ ਘਟਨਾਵਾਂ ਅਤੀ ਨਿੰਦਣ ਯੋਗ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੂਬਾ ਸਰਕਾਰ ਦਾ ਭਰੋਸਾ ਦੁਹਰਾਇਆ ਕਿ ਇਸ ਜੰਗੀ ਤਣਾਅ ਦੌਰਾਨ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਚਟਾਨ ਵਾਂਗ ਪੰਜਾਬ ਵਾਸੀਆਂ ਅਤੇ ਭਾਰਤੀ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।
ਸਾਰੰਗਦੇਵ ਤੇ ਬਲੜਵਾਲ ’ਚ ਵੀ ਸਥਿਤੀ ਦਾ ਜਾਇਜ਼ਾ ਲਿਆ
ਅਜਨਾਲਾ (ਪੱਤਰ ਪ੍ਰੇਰਕ): ਕੈਬਨਿਟ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਅਤੇ ਮੋਹਿੰਦਰ ਭਗਤ ਨੇ ਸਿਵਲ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਪੁਲੀਸ ਥਾਣਾ ਆਜਨਾਲਾ ਤਹਿਤ ਪੈਂਦੇ ਕੌਮਾਂਤਰੀ ਸਰਹੱਦੀ ਪਿੰਡ ਸਾਰੰਗਦੇਵ ਤੇ ਬਲੜਵਾਲ ’ਚ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸ਼ਹਿਰ ’ਚ ਅਮਰਜੈਂਸੀ ਹਲਾਤਾਂ ’ਤੇ ਫੌਰੀ ਤੌਰ ’ਤੇ ਕਾਬੂ ਪਾਉਣ ਲਈ ਸਥਿਤ ਫਾਇਰ ਬ੍ਰਿਗੇਡ ਸਟੇਸ਼ਨ ਅਤੇ ਬਾਜ਼ਾਰਾਂ ’ਚ ਦੁਕਾਨਾਂ ’ਤੇ ਦੁਕਾਨਦਾਰਾਂ ਕੋਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਤੇ ਜਮ੍ਹਾਂਖੋਰਾਂ ਤੇ ਕਾਲਾਬਜ਼ਾਰੀ ਦਾ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸੇ ਤਰ੍ਹਾਂ ਦੋਹਾਂ ਮੰਤਰੀਆਂ ਨੇ ਸਬਡਵੀਜਨ ਦੇ ਸਰਹੱਦੀ ਕਸਬਾ ਚੋਗਾਵਾਂ ਵਿੱਚ ਵੀ ਜਰੂਰੀ ਵਸਤਾਂ ਦੀ ਸਪਲਾਈ ਲਾਈਨ ਦਾ ਦੁਕਾਨਦਾਰਾਂ ਨਾਲ ਮੀਟਿੰਗਾਂ ਕਰ ਕੇ ਜਾਇਜ਼ਾ ਲਿਆ।
ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਮਿਲੇ ਈਟੀਓ ਤੇ ਭੁੱਲਰ
ਤਰਨ ਤਾਰਨ (ਗੁਰਬਖਸ਼ਪੁਰੀ): ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਲਾਲਜੀਤ ਸਿੰਘ ਭੁੱਲਰ ਵੱਲੋਂ ਸਰਹੱਦੀ ਖੇਤਰ ਦੇ ਪਿੰਡ ਡੱਲ, ਵਾਂ ਤਾਰਾਸਿੰਘ ਅਤੇ ਠੱਠੀ ਜੈਮਲ ਸਿੰਘ ਦਾ ਦੌਰਾ ਕਰਕੇ ਲੋਕਾਂ ਦਾ ਹੌਸਲਾ ਵਧਾਇਆ ਗਿਆ। ਮੰਤਰੀ ਖੇਮਕਰਨ ਦੇ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਸਰਹੱਦੀ ਇਲਾਕੇ ਦੇ ਲੋਕਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਸਰਕਾਰ ਵੱਲੋਂ ਸਾਡੀਆਂ ਸੈਨਾਵਾਂ ਨੂੰ ਵੀ ਹਰ ਪ੍ਰਕਾਰ ਦੀ ਮੱਦਦ ਦਿੱਤੀ ਜਾ ਰਹੀ ਹੈ।