ਧਰੁਵ ਰਾਠੀ ਦੀ ਵੀਡੀਓ ਅਤੇ ਸਿੱਖ ਸੰਸਥਾਵਾਂ
ਭਾਈ ਅਸ਼ੋਕ ਸਿੰਘ ਬਾਗੜੀਆਂ
ਧਰੁਵ ਰਾਠੀ ਵੱਲੋਂ ਐਨੀਮੇਸ਼ਨ ਦੀ ਮਦਦ ਨਾਲ ਸਿੱਖ ਧਰਮ ਬਾਰੇ ਬਣਾਈ ਗਈ ਵੀਡੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਹੋਰ ਕੱਟੜ ਸਿੱਖਾਂ ਦੇ ਵਿਰੋਧ ਕਾਰਨ ਯੂਟਿਊਬ ਤੋਂ ਹਟਾ ਦਿੱਤੀ ਗਈ ਹੈ। ਭਾਵੇਂ ਇਹ ਵੀਡੀਓ ਬਹੁਤ ਸਾਰੇ ਸਿੱਖਾਂ ਨੇ ਨਹੀਂ ਦੇਖੀ ਹੋਣੀ, ਪਰ ਕਿਉਂਕਿ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੀ ਕਿਸੇ ਵੀ ਤਰ੍ਹਾਂ ਦੀ ਤਸਵੀਰ (ਅਜੋਕੇ ਸਮੇਂ ਵਿੱਚ ਐਨੀਮੇਟਡ ਇਮੇਜ) ਬਣਾਉਣਾ ਮਨ੍ਹਾਂ ਹੈ ਤੇ ਇਸ ਨੂੰ ਮਨਮਤ ਮੰਨਿਆ ਜਾਂਦਾ ਹੈ। ਇੱਥੇ ਸਵਾਲ ਇਹ ਬਣਦਾ ਹੈ ਕਿ ਸਿੱਖ ਧਰਮ ਵਿੱਚ ਕੀ ਸਿਰਫ਼ ਇੱਕ ਇਹ ਹੀ ਮਨਮਤ ਹੋਈ ਹੈ, ਸਾਡੇ ਸਤਿਕਾਰਯੋਗ ਧਾਰਮਿਕ ਆਗੂਆਂ ਨੂੰ ਸਾਡੇ ਧਰਮ ਵਿੱਚ ਹੋ ਰਹੀਆਂ ਹੋਰ ਮਨਮਤੀ ਕਿਰਿਆਵਾਂ ਦਿਖਾਈ ਕਿਉਂ ਨਹੀਂ ਦਿੰਦੀਆਂ? ਹੇਮਕੁੰਟ ਸਾਹਿਬ ਨੂੰਗੁਰੂ ਸਾਹਿਬਾਨ ਦੇ ਪਿਛਲੇ ਜੀਵਨ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਹੈ, ਪਤਾਲਪੁਰੀ ਵਿੱਚ ਫੁੱਲ ਤਾਰਨੇ, ਅੰਗੀਠੇ ’ਤੇ ਗੁਰਦੁਆਰੇ ਬਣਾਉਣੇ, ਅਖੰਡ ਪਾਠ ਵੇਲੇ ਕੁੰਭ ਰੱਖਣਾ, ਜੋਤਾਂ ਜਗਾਉਣੀਆਂ, ਨਾਮਾਂ ਵਿੱਚ ‘ਸਿੰਘ’ ਨੂੰ ਹਟਾ ਕੇ ਗੋਤਾਂ ਨੂੰ ਤਰਜੀਹ ਦੇਣਾ, ਜਾਤਾਂ ਦੇ ਨਾਮ ’ਤੇ ਗੁਰਦੁਆਰੇ ਬਣਾਉਣੇ ਆਦਿ ਕੀ ਮਨਮਤ ਦੇ ਦਾਇਰੇ ਵਿੱਚ ਨਹੀਂ ਆਉਂਦੇ? ਗੁਰੂ ਸਾਹਿਬਾਨ ਦੇ ਜਨਮ ਦਿਹਾੜੇ ਜਾਂ ਹੋਰ ਕਿਸੇ ਦਿਹਾੜਿਆਂ ਮੌਕੇ ਸਰਕਾਰਾਂ ਵੱਲੋਂ ਅਖ਼ਬਾਰਾਂ ਵਿੱਚ ਜਾਂ ਸੜਕਾਂ ਕੰਢੇ ਵੱਡੇ ਵੱਡੇ ਫਲੈਕਸ ਲਗਾ ਕੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਹੱਥ ਜੋੜ ਕੇ ਤਸਵੀਰਾਂ ਛਪਵਾਉਣ ਜਾਂ ਲਗਾਉਣ ਸਮੇਂ ਸਾਡੇ ਧਾਰਮਿਕ ਅਦਾਰੇ ਅਤੇ ਲੀਡਰ ਕਿਉਂ ਸੌਂ ਜਾਂਦੇ ਹਨ?
ਧਰੁਵ ਰਾਠੀ ਸੋਸ਼ਲ ਮੀਡੀਆ ਦਾ ਵੱਡਾ ਪ੍ਰਭਾਵਸ਼ਾਲੀ ਯੂਟਿਊਬਰ ਹੈ। ਇਹ ਠੀਕ ਹੈ ਕਿ ਉਸ ਨੂੰ ਸਿੱਖ ਗੁਰੂ ਸਾਹਿਬਾਨ ਦੀ ਇਮੇਜ ਨਹੀਂ ਸੀ ਬਣਾਉਣੀ ਚਾਹੀਦੀ ਪਰ ਉਸ ਨੇ ਆਪਣੀ ਵੀਡੀਓ ਰਾਹੀਂ ਸਿੱਖ ਧਰਮ ਦੇ ਸ਼ਾਨਦਾਰ ਅਤੇ ਮਾਣਮੱਤੇ ਇਤਿਹਾਸ ਬਾਰੇ ਆਮ ਲੋਕਾਂ, ਖ਼ਾਸਕਰ ਗ਼ੈਰ-ਸਿੱਖਾਂ ਨੂੰ, ਕਾਫ਼ੀ ਜਾਣਕਾਰੀ ਦਿੱਤੀ ਹੈ, ਜਿੱਥੋਂ ਤੱਕ ਤਾਂ ਸਾਡੀ ਸਤਿਕਾਰਯੋਗ ਐੱਸ.ਜੀ.ਪੀ.ਸੀ. ਜਾਂ ਧਰਮ ਪ੍ਰਚਾਰ ਕਮੇਟੀਆਂ ਸ਼ਾਇਦ ਸੋਚ ਵੀ ਨਹੀਂ ਸਕਦੀਆਂ। ਯੂਟਿਊਬ ਉੱਤੇ ਉਸ ਦੇ ਕਰੋੜਾਂ ਦੀ ਗਿਣਤੀ ਵਿੱਚ ਦੇਖਣ ਵਾਲੇ ਹਨ। ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਬਿਨਾਂ ਕੋਈ ਕੋਸ਼ਿਸ਼ ਕੀਤਿਆਂ ਸਿੱਖ ਧਰਮ ਬਾਰੇ ‘ਨਿੱਗਰ’ ਅਤੇ ‘ਪ੍ਰਮਾਣਿਕ ਸਮੱਗਰੀ’ ਗ਼ੈਰ-ਸਿੱਖਾਂ ਵਿੱਚ ਗਈ ਹੈ। ਕਈ ਅਜਿਹੇ ਸਿੱਖ ਵੀ ਰਾਠੀ ਦੇ ਖ਼ਿਲਾਫ਼ ਕੁਮੈਂਟ ਕਰ ਰਹੇ ਹਨ ਜਿਨ੍ਹਾਂ ਨੇ ਸ਼ਾਇਦ ਹੀ ਕਦੇ ਇਤਿਹਾਸ ਪੜ੍ਹਿਆ ਹੋਵੇ ਤੇ ਉਹ ਵੀ ਦੱਸ ਰਹੇ ਹਨ ਕਿ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਹਾਲਾਂਕਿ ਉਸ ਨੇ ਆਪਣੀ ਇਸ ਵੀਡੀਓ ਵਿੱਚ ਆਪਣੀ ਹਰ ਜਾਣਕਾਰੀ ਦਾ ਸਰੋਤ ਵੀ ਸਾਂਝਾ ਕੀਤਾ ਸੀ, ਜੋ ਕਿ ਜ਼ਿਆਦਾਤਰ ਸਿੱਖ ਵਿਦਵਾਨਾਂ ਵੱਲੋਂ ਲਿਖੀਆਂ ਕਿਤਾਬਾਂ ਵਿੱਚੋਂ ਹੀ ਲਈ ਗਈ ਹੈ। ਚਾਹੀਦਾ ਤਾਂ ਇਹ ਸੀ ਕਿ ਸਾਡੇ ਲੀਡਰ ਉਸ ਵਿਅਕਤੀ ਦੀ ਇਸ ਮਿਹਨਤ ਨੂੰ ਹੱਲਾਸ਼ੇਰੀ ਦਿੰਦੇ ਹੋਏ; ਜੇਕਰ ਉਸ ਤੋਂ ਗ਼ਲਤੀ ਹੋਈ ਤਾਂ ਉਸ ਨਾਲ ਰਾਬਤਾ ਕਰਕੇ ਉਸ ਵੀਡੀਓ ਵਿਚਲੀਆਂ ਕਮੀਆਂ ਨੂੰ ਦੂਰ ਕਰਵਾਉਂਦੇ।
ਸਾਡੇ ਸਿੱਖ ਲੀਡਰ ਸਰਕਾਰ ਨੂੰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਧਰਮ ਦੀ ਰਹਿਤ ਮਰਿਆਦਾ ਅਪਣਾਉਣ ਲਈ ਵੀ ਸਿੱਖਾਂ ਨੂੰ ਕਹਿਣ। ਪੂਰੇ ਦੇਸ਼ ਵਿੱਚ, ਸਮੇਤ ਐੱਸ.ਜੀ.ਪੀ.ਸੀ. ਵੱਲੋਂ ਪ੍ਰਕਾਸ਼ਿਤ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਦੀਆਂ ਛਪਦੀਆਂ ਤਸਵੀਰਾਂ ’ਤੇ ਵੀ ਰੋਕ ਲੱਗਣੀ ਚਾਹੀਦੀ ਹੈ, ਜੋ ਦਹਾਕਿਆਂ ਤੋਂ ਧੜੱਲੇ ਨਾਲ ਛਪ ਰਹੀਆਂ ਹਨ। ਸ. ਸੋਭਾ ਸਿੰਘ ਵੱਲੋਂ ਬਣਾਏ ਗੁਰੂ ਸਾਹਿਬਾਨ ਦੇ ਚਿੱਤਰ ਲਗਾਤਾਰ ਛਪ ਰਹੇ ਹਨ। ਸਾਡੀ ਐੱਸ.ਜੀ.ਪੀ.ਸੀ., ਸ. ਸੋਭਾ ਸਿੰਘ ਜਾਂ ਹੋਰ ਤਸਵੀਰਸਾਜ਼ਾਂ ਖ਼ਿਲਾਫ਼ ਤਾਂ ਸਖ਼ਤ ਕਾਰਵਾਰਈ ਕਰਨ ਦੀ ਕਦੇ ਗੱਲ ਨਹੀਂ ਕਰਦੀ। ਜੇਕਰ ਕੋਈ ਚੰਗੀ ਚੀਜ਼ ਸਿੱਖ ਧਰਮ ਬਾਰੇ ਗ਼ੈਰ-ਸਿੱਖਾਂ ਦੀ ਸਮਝ ਵਿੱਚ ਵਾਧਾ ਕਰਦੀ ਹੈ ਤਾਂ ਸਿੱਖਾਂ ਲੀਡਰਾਂ ਨੂੰ ਲਗਦਾ ਹੈ ਕਿ ਇਹ ਗ਼ਲਤ ਹੋ ਗਿਆ ਹੈ।
ਸਾਡੇ ਲੀਡਰਾਂ ਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਦਾ ਹੋਵੇਗਾ। ਸਾਡੇ ਨਾ ਚਾਹੁਣ ’ਤੇ ਵੀ ਇਹ ਪੂਰੇ ਵਿਸ਼ਵ ਨੂੰ ਐਨੀਮੇਸ਼ਨ ਰਾਹੀਂ ਪ੍ਰਭਾਵਿਤ ਕਰੇਗੀ, ਸਿੱਖ ਨੌਜਵਾਨ ਤੇ ਮੁਟਿਆਰਾਂ ਵੀ ਇਸ ਤੋਂ ਅਭਿੱਜ ਨਹੀਂ ਰਹਿ ਸਕਣਗੇ। ਸਾਡੀਆਂ ਇਨ੍ਹਾਂ ਸੰਸਥਾਵਾਂ ਨੂੰ ਧਰਮ ਪ੍ਰਚਾਰ ਹਿੱਤ ਤਕਨੀਕ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਕੁਝ ਹਦਾਇਤਾਂ ਜਾਂ ਨਿਯਮ ਆਦਿ ਬਣਾਉਣ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਸਿੱਖ ਵਿਦਵਾਨਾਂ, ਟੈਕਨੋਲੋਜੀ ਦੇ ਜਾਣਕਾਰ ਸਿੱਖਾਂ ਅਤੇ ਹੋਰ ਸੰਸਥਾਵਾਂ ਨੂੰ ਬਿਠਾ ਕੇ ਇਸ ਬਾਰੇ ਖੁੱਲ੍ਹੇ ਦਿਲ ਅਤੇ ਗੰਭੀਰਤਾ ਨਾਲ ਵਿਚਾਰ ਕਰਕੇ ਸਮੇਂ ਦੇ ਹਾਣੀ ਬਣਨ ਦੀ ਬਹੁਤ ਲੋੜ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸੇ ਟੈਕਨੋਲੋਜੀ ਦੇ ਯੁੱਗ ਵਿੱਚ ਜਨਮ ਲੈਣਗੀਆਂ, ਉਹ ਸਾਡੇ ਬਾਰੇ ਕੀ ਸੋਚਣਗੀਆਂ ਕਿ ਅਸੀਂ ਸਮੇਂ ਦੀ ਹਾਣੀ ਨਹੀਂ ਬਣ ਸਕੇ? ਅੱਜ ਦੇ ਬੱਚਿਆਂ ਦੇ ਚਾਰੋਂ ਪਾਸੇ ਮਸਨੂਈ ਬੁੱਧੀ ਦਾ ਇੱਕ ਜਾਲ ਫੈਲਿਆ ਹੋਇਆ ਹੈ। ਬੱਚੇ ਦੀ ਪੜ੍ਹਾਈ ਇਸੇ ਨਾਲ ਸ਼ੁਰੂ ਹੁੰਦੀ ਹੈ, ਉਸ ਦਾ ਮਨੋਰੰਜਨ ਇਸੇ ਨਾਲ ਹੁੰਦਾ ਹੈ, ਉਸ ਦਾ ਕਿੱਤਾ ਵੀ ਐੈਨੀਮੇਸ਼ਨ ਬਣਦਾ ਜਾ ਰਿਹਾ ਹੈ। ਅਜਿਹੇ ਯੁੱਗ ਵਿੱਚ ਸਾਡੇ ਮਾਣਮੱਤੇ ਇਤਿਹਾਸ ਦੀਆਂ ਕਹਾਣੀਆਂ, ਜੋ ਸਾਡੀਆਂ ਦਾਦੀਆਂ, ਨਾਨੀਆਂ ਸਾਨੂੰ ਕਦੇ ਸੁਣਾਉਂਦੀਆਂ ਸਨ, ਨੂੰ ਐਨੀਮੇਸ਼ਨ ਦੀ ਸਹਾਇਤਾ ਨਾਲ ਦਿਖਾ ਦਿੱਤਾ ਜਾਵੇ ਤਾਂ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਧਰਮ ਅਤੇ ਇਤਿਹਾਸ ਬਾਰੇ ਬਿਹਤਰ ਅਤੇ ਸੌਖੇ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ।
ਸੰਪਰਕ: 98140-95308