ਧਰਮਸੋਤ ਵੱਲੋਂ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਦੇ ਹੋਏ। -ਫੋਟੋ:ਸੂਦ

ਗੌਰਵਪਾਲ ਸੂਦ
ਭਾਦਸੋਂ, 18 ਅਗਸਤ
ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਤੇ ਅਧਿਕਾਰਤਾ ਮਾਮਲਿਆਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਤ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਸਰਹਿੰਦ ਚੋਅ ‘ਚ ਵੱਧ ਪਾਣੀ ਆਉਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ‘ਚ ਭਰੇ ਪਾਣੀ ਕਰਕੇ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਕੈਬਨਿਟ ਮੰਤਰੀ ਨੇ ਜਿੱਥੇ ਪਿੰਡ ਰਾਮਗੜ੍ਹ, ਮਾਂਗੇਵਾਲ, ਲੋਪੇ, ਭੋੜੇ, ਘਣੀਵਾਲ, ਮੱਲੇਵਾਲ, ਢੀਂਗੀ, ਸੁੱਖੇਵਾਲ, ਸਾਲੂਵਾਲ, ਕੌਲ, ਗਲਵੱਟੀ, ਭੀਲੋਵਾਲ, ਤੁੰਗਾਂ, ਹਿੰਮਤਪੁਰਾ ਤੇ ਛੀਂਟਾਂਵਾਲਾ ਆਦਿ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਉਥੇ ਹੀ ਪਾਣੀ ਦੇ ਕੁਦਰਤੀ ਵਹਾਅ ‘ਚ ਅੜਿੱਕੇ ਤੁਰੰਤ ਦੂਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਧਰਮਸੋਤ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਪੰਜਾਬ ਸਰਕਾਰ ਤੇ ਸਮੁੱਚਾ ਪ੍ਰਸ਼ਾਸਨ ਪੂਰੀ ਚੌਕਸੀ ਨਾਲ ਨਾਗਰਿਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਨਿਭਾਉਂਦਿਆਂ ਕਿਸੇ ਵੀ ਸੰਭਾਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਮੁਸ਼ਕਿਲ ਘੜੀ ‘ਚ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ, ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਢੁਕਵਾ ਮੁਆਵਜ਼ਾ ਦਿੱਤਾ ਜਾਵੇਗਾ। ਸ੍ਰੀ ਧਰਮਸੋਤ ਨੇ ਸਥਾਨਕ ਲੋਕਾਂ ਦੀ ਮੰਗ ‘ਤੇ ਪਿੰਡ ਮਾਂਗੇਵਾਲ ਅਤੇ ਝੰਬਾਲੀ ਦੇ ਪੁਲਾਂ ਦੇ ਨਿਰਮਾਣ ਕਾਰਜ ਤੁਰੰਤ ਸ਼ੁਰੂ ਕਰਵਾਉਣ ਲਈ ਸਬੰਧਤ ਵਿਭਾਗ ਨੂੰ ਮੌਕੇ ‘ਤੇ ਹੀ ਹਦਾਇਤਾਂ ਜਾਰੀ ਕੀਤੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਕਾਲਾ ਰਾਮ ਕਾਂਸਲ, ਡੀ.ਐਸ.ਪੀ. ਨਾਭਾ ਵਰਿੰਦਰਜੀਤ ਸਿੰਘ ਥਿੰਦ, ਸਮੇਤ ਵੱਡੀ ਗਿਣਤੀ ’ਚ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਡੀਸੀ ਵੱਲੋਂ ਟਾਂਗਰੀ, ਮਾਰਕੰਡਾ ਤੇ ਘੱਗਰ ਦਰਿਆ ਦਾ ਦੌਰਾ
ਦੇਵੀਗੜ੍ਹ (ਪੱਤਰ ਪ੍ਰੇਰਕ): ਬੀਤੇ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿਚ ਪੈ ਰਹੀ ਜ਼ੋਰਦਾਰ ਬਰਸਾਤ ਦੇ ਮੰਦੇਨਜ਼ਰ ਦਰਿਆਵਾਂ ਵਿਚ ਛੱਡੇ ਜਾ ਰਹੇ ਪਾਣੀ ਤੋਂ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਹਲਕਾ ਸਨੌਰ ਦੇ ਦੇਵੀਗੜ੍ਹ ਇਲਾਕੇ ਦੇ ਘੱਗਰ, ਟਾਂਗਰੀ, ਮਾਰਕੰਡਾ ਦਰਿਆ ਅਤੇ ਮੀਰਾਂਪੁਰ ਚੋਅ ਦਾ ਦੌਰਾ ਕਰਕੇ ਹੜ੍ਹ ਦੇ ਪਾਣੀ ਦਾ ਜਾਇਜ਼ਾ ਲਿਆ ਅਤੇ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਸਥਿਤੀ ਤੋਂ ਬਚਣ ਲਈ ਚੌਕਸੀ ਵਰਤਣ ਲਈ ਆਖਿਆ।