For the best experience, open
https://m.punjabitribuneonline.com
on your mobile browser.
Advertisement

ਧਰਤੀ ਉੱਤੇ ਲੜਾਈ ਨਹੀਂ, ਸਾਂਝ ਪਾਓ...

04:58 AM May 16, 2025 IST
ਧਰਤੀ ਉੱਤੇ ਲੜਾਈ ਨਹੀਂ  ਸਾਂਝ ਪਾਓ
Advertisement
ਮਦਨਦੀਪ ਸਿੰਘ
Advertisement

21ਵੀਂ ਸਦੀ ਵਿਚ ਮਿਹਨਤਕਸ਼ਾਂ ਦੀ ਪੂੰਜੀ ਰਾਹੀਂ ਵਿਗਿਆਨ ਅਤੇ ਤਕਨਾਲੋਜੀ ’ਤੇ ਆਧਾਰਿਤ ਨਵਾਂ ਗਲੋਬਲ ਸੰਸਾਰ ਬਣਾਇਆ ਗਿਆ ਹੈ। ਇਸ ਨਵੇਂ ਸੰਸਾਰ ਵਿੱਚ ਅਜਿਹੀਆਂ ਤਾਕਤਾਂ ਨੇ ਵੀ ਜਨਮ ਲਿਆ ਹੈ, ਜੋ ਇਨਸਾਨੀ ਹੋਂਦ ਨੂੰ ਨਵੀਨ ਰੂਪ ਵਿੱਚ ਚੁਣੌਤੀਆਂ ਦੇ ਰਹੀਆਂ ਹਨ। ਇਹ ਚੁਣੌਤੀਆਂ ਭੂਗੋਲਕ ਹੱਦਾਂ ਦੀ ਗੱਲ ਨਹੀਂ ਕਰਦੀਆਂ, ਨਾ ਹੀ ਇਨ੍ਹਾਂ ਦੇ ਜਵਾਬ ਪੁਰਾਣੀਆਂ ਰਾਜਨੀਤਕ ਰਣਨੀਤੀਆਂ ਜਾਂ ਹਥਿਆਰਾਂ ਦੀ ਭਾਸ਼ਾ ਵਿੱਚ ਦਿੱਤੇ ਜਾ ਸਕਦੇ ਹਨ। ਸੰਸਾਰ ਦੀ ਰੂਪਰੇਖਾ ਹੁਣ ਆਉਣ ਵਾਲੇ ਯੁੱਗ ਦੀਆਂ ਰਣਨੀਤਕ ਲੋੜਾਂ ਅਨੁਸਾਰ ਤਿਆਰ ਹੋ ਰਹੀ ਹੈ ਜਿੱਥੇ ਪਾਣੀ, ਊਰਜਾ, ਖਾਦ, ਜੈਵ-ਟੈਕਨੋਲੋਜੀ ਅਤੇ ਸਾਈਬਰ ਤਕਨੀਕਾਂ ਆਧੁਨਿਕ ਜੰਗ ਦਾ ਕੇਂਦਰ ਬਣ ਰਹੀਆਂ ਹਨ। ਇਨ੍ਹਾਂ ਹਾਲਾਤ ਵਿਚ ਭਾਰਤ ਅਤੇ ਪਾਕਿਸਤਾਨ ਅਜੇ ਵੀ ਵੰਡ ਦੇ ਅਹਿਸਾਸ ਵਿਚ ਫਸੇ ਹੋਏ ਹਨ। ਇਸ ਕਰ ਕੇ ਇਹ ਖਿੱਤਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ।

Advertisement
Advertisement

ਭਾਰਤ ਅਤੇ ਪਾਕਿਸਤਾਨ ਦੋਵੇਂ ਪਰਮਾਣੂ ਤਾਕਤਾਂ ਹਨ, ਦੋਵਾਂ ਕੋਲ ਅਜਿਹੀ ਜਨਸੰਖਿਆ, ਭੂਗੋਲਕ ਵੰਨ-ਸਵੰਨਤਾ ਅਤੇ ਇਤਿਹਾਸਕ ਸੰਸਕ੍ਰਿਤੀਆਂ ਹਨ ਜੋ ਉਨ੍ਹਾਂ ਨੂੰ ਦੁਨੀਆ ਦੀ ਰਣਨੀਤਕ ਅਤੇ ਆਰਥਿਕ ਦਿਸ਼ਾ ਦੀ ਅਗਵਾਈ ਕਰਨ ਯੋਗ ਬਣਾਉਂਦੀਆਂ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਦੋਵੇਂ ਮੁਲਕ ਸੰਸਾਰ ਪੱਧਰ ਉੱਤੇ ਆਪਣੀ ਸੰਭਾਵੀ ਭੂਮਿਕਾ ਨਿਭਾਉਣ ਦੀ ਥਾਂ ਅਜੇ ਵੀ ਅਤੀਤ ਦੇ ਦੁੱਖ ਵਿੱਚ ਬੱਝੇ ਜਾਤ, ਧਰਮ ਦੇ ਭਰਮ ਦੀ ਸਰਹੱਦੀ ਰਾਜਨੀਤਕ ਸਾਜ਼ਿਸ਼ ਦੇ ਸ਼ਿਕਾਰ ਹਨ। ਦੱਖਣੀ ਏਸ਼ੀਆ ਦਾ ਤਣਾਅ ਹਥਿਆਰਾਂ ਦੇ ਵਪਾਰੀ ਮੁਲਕਾਂ ਲਈ ਤਾਂ ਲਾਭਕਾਰੀ ਸਿੱਧ ਹੋ ਰਿਹਾ ਹੈ ਪਰ ਭਾਰਤ ਅਤੇ ਪਾਕਿਸਤਾਨ ਲਈ ਇਹ ਲੜਾਈ ਭਵਿੱਖ ਦੀਆਂ ਪੀੜ੍ਹੀਆਂ ਲਈ ਸਜ਼ਾ ਬਣ ਚੁੱਕੀ ਹੈ।

ਇਹ ਕੋਈ ਰਾਜਨੀਤਕ ਨਾਅਰਾ ਨਹੀਂ ਕਿ ਜੰਗਾਂ ਨੇ ਕਦੇ ਵੀ ਕਿਸੇ ਮੁਲਕ ਨੂੰ ਅੱਗੇ ਨਹੀਂ ਵਧਣ ਦਿੱਤਾ, ਇਹ ਇਤਿਹਾਸਕ ਸਚਾਈ ਹੈ ਜਿਸ ਨੂੰ ਸਮਝੇ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾ। ਇਹ ਸਮਝਣਾ ਪਵੇਗਾ ਕਿ ਜਿੱਥੇ ਜੰਗਾਂ ਨੇ ਤਬਾਹੀ ਲਿਆਂਦੀ ਹੈ, ਉਥੇ ਸਾਂਝ ਅਤੇ ਪਿਆਰ ਨੇ ਮਨੁੱਖ ਨੂੰ ਉੱਜਲ ਭਵਿੱਖ ਬਣਾਉਣ ਅਤੇ ਜੀਵਨ ਦੀ ਰਾਹ ਦਿਖਾਈ ਹੈ। ਜੇਕਰ ਅਮਰੀਕਾ ਅਤੇ ਜਰਮਨੀ ਵਰਗੇ ਦੇਸ਼, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿਗਿਆਨਕ ਤਕਨੀਕ ਰਾਹੀਂ ਗਲੋਬਲ ਸਿਸਟਮ ਬਣਾਉਣ ਵਿੱਚ ਲੱਗ ਗਏ ਤਾਂ ਭਾਰਤ ਅਤੇ ਪਾਕਿਸਤਾਨ ਵੀ ਆਪਣੀ ਧਰਤੀ ਉੱਤੇ ਨਵੀਨ ਉਮੀਦਾਂ ਦੇ ਬੀਜ ਬੀਜ ਸਕਦੇ ਹਨ।

ਭਾਰਤ ਅਤੇ ਪਾਕਿਸਤਾਨ ਸੰਸਾਰ ਦੀ ਰਣਨੀਤੀ ਤੋਂ ਅਲੱਗ ਨਹੀਂ ਰਹਿ ਸਕਦੇ। ਭਾਰਤ ਉੱਭਰਦੀ ਵਿਸ਼ਵ ਤਾਕਤ ਹੈ ਅਤੇ ਪਾਕਿਸਤਾਨ ਦੀ ਭੂ-ਸਥਿਤੀ, ਜਨਸੰਖਿਆ ਸੰਭਾਵਨਾਵਾਂ ਅਤੇ ਆਉਂਦੇ ਯੁੱਗ ਲਈ ਲੋੜੀਂਦੇ ਭੂਗੋਲਕ ਦਰਵਾਜ਼ੇ ਭਵਿੱਖ ਵੱਲ ਖੁੱਲ੍ਹਦੇ ਹਨ। ਦੋਵੇਂ ਦੇਸ਼ ਜੇਕਰ ਆਪਣੀਆਂ ਰਣਨੀਤੀਆਂ ਨੂੰ ਮੁੱਢ ਤੋਂ ਚੱਲਦੀਆਂ ਟਕਰਾਵੀਂ ਲਕੀਰਾਂ ਤੋਂ ਹਟਾ ਕੇ ਨਵੇਂ ਵਸੀਲਿਆਂ, ਉੱਦਮ ਅਤੇ ਵਿਗਿਆਨਕ ਸਾਂਝਾਂ ਵੱਲ ਮੋੜਨ ਤਾਂ ਇਹ ਖੇਤਰ ਦੁਨੀਆ ਦੇ ਨਕਸ਼ੇ ’ਤੇ ਨਵਾਂ ਅਧਿਆਇ ਲਿਖ ਸਕਦਾ ਹੈ।

ਸਵਾਲ ਇਹ ਨਹੀਂ ਕਿ ਕੌਣ ਕਿੰਨਾ ਸ਼ਕਤੀਸ਼ਾਲੀ ਹੈ, ਸਵਾਲ ਇਹ ਹੈ ਕਿ ਕੌਣ ਭਵਿੱਖ ਨੂੰ ਸਿਆਣਪ ਨਾਲ ਪੜ੍ਹ ਸਕਦਾ ਹੈ।

ਜਦ ਭਾਰਤ ਆਪਣੇ ਵਿਗਿਆਨਕ ਮਿਸ਼ਨਾਂ ਨਾਲ ਨਵੀਆਂ ਉਚਾਈਆਂ ਛੂਹ ਰਿਹਾ ਹੈ ਤਾਂ ਪਾਕਿਸਤਾਨ ਵੀ ਆਪਣੀ ਨੌਜਵਾਨ ਆਬਾਦੀ ਦੀ ਦਿਮਾਗ਼ੀ ਤਾਕਤ ਨਾਲ ਨਵੀਆਂ ਉਮੀਦਾਂ ਦੇ ਰਾਹ ਬਣਾ ਸਕਦਾ ਹੈ। ਦੋਵੇਂ ਦੇਸ਼ ਆਪਣੀ ਆਤਮ-ਨਿਰਭਰਤਾ ਅਤੇ ਗਲੋਬਲ ਪੱਧਰ ’ਤੇ ਸਥਾਪਤ ਹੋਣ ਦੀ ਇੱਛਾ ਰੱਖਦੇ ਹਨ ਪਰ ਸਿਰਫ਼ ਤਣਾਅ ਅਤੇ ਹਥਿਆਰਾਂ ਰਾਹੀਂ ਤਾਂ ਇਹ ਸੰਭਵ ਨਹੀਂ ਹੋ ਸਕਦਾ।

ਸੰਸਾਰ ਦੇ ਨਵੇਂ ਨਕਸ਼ੇ ਉੱਤੇ ਉਹੀ ਦੇਸ਼ ਟਿਕ ਸਕਣਗੇ ਜੋ ਸਿਰਫ਼ ਜਿਊਂਦੇ ਨਹੀਂ ਸਗੋਂ ਹੋਰਾਂ ਨੂੰ ਵੀ ਜਿਊਣ ਦੇਣ ਲਈ ਯੋਜਨਾ ਬਣਾਉਣਗੇ। ਭਾਰਤ ਅਤੇ ਪਾਕਿਸਤਾਨ ਜੇਕਰ ਆਉਣ ਵਾਲੀਆਂ ਸਾਂਝੀਆਂ ਚੁਣੌਤੀਆਂ, ਜਿਵੇਂ ਜਲਵਾਯੂ ਤਬਦੀਲੀ, ਭੋਜਨ ਸੁਰੱਖਿਆ, ਪਾਣੀ ਦੀ ਕਮੀ, ਰੋਬੋਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲ ਇਕੱਠੇ ਸੋਚਣ ਤਾਂ ਇਹ ਸਿਰਫ਼ ਰਾਜਨੀਤਕ ਪਲਟਾਅ ਨਹੀਂ ਹੋਵੇਗਾ ਸਗੋਂ ਇਤਿਹਾਸਕ ਬਦਲਾਅ ਹੋਵੇਗਾ। ਦੋਹਾਂ ਦੇਸ਼ਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਪਿਛਲੇ ਕੁਝ ਦਹਾਕਿਆਂ ਵਿਚ ਸੰਸਾਰ ਨੇ ਸਰੋਤਾਂ ਉੱਤੇ ਕਬਜ਼ੇ ਲਈ ਯੁੱਧ ਦੀ ਨਵੀਂ ਪਰਿਭਾਸ਼ਾ ਅਪਣਾਈ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਇਹ ਦੋ ਹਮਸਾਏ ਇਕ ਦੂਜੇ ਨੂੰ ਦੁਸ਼ਮਣ ਸਮਝਣ ਦੀ ਥਾਂ ਭਾਈ ਸਮਝਣ ਲੱਗਣ ਤਾਂ ਦੁਨੀਆ ਦੀ ਰਣਨੀਤਕ ਪੱਧਰੀ ਤਸਵੀਰ ਅਜਿਹੀ ਹੋਵੇਗੀ ਜਿਸ ਵਿੱਚ ਹਮਸਾਏ ਸਿਰਫ਼ ਸਰਹੱਦਾਂ ਨਾਲ ਨਹੀਂ ਸਗੋਂ ਨੈਤਿਕਤਾ, ਚੇਤਨਾ ਅਤੇ ਉਮੀਦਾਂ ਨਾਲ ਜੁੜੇ ਹੋਣਗੇ। ਸੰਸਾਰ ਦੀਆਂ ਸਰਹੱਦਾਂ ਬਣਦੀਆਂ ਤੇ ਮਿਟਦੀਆਂ ਰਹਿੰਦੀਆਂ ਹਨ ਪਰ ਜੋ ਮੁਲਕ ਸਾਂਝ ਪੈਦਾ ਕਰਦੇ ਹਨ, ਉਹ ਮਿਟਦੇ ਨਹੀਂ, ਬਣਦੇ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖਤਾ ਦਾ ਇਤਿਹਾਸ ਸਦਾ ਹੀ ਸੰਘਰਸ਼ਾਂ, ਸਰਹੱਦਾਂ ਅਤੇ ਤਾਕਤਾਂ ਦੀ ਲੜਾਈ ਵਿੱਚ ਲਿਖਿਆ ਗਿਆ ਪਰ ਅੱਜ ਦਾ ਸੰਸਾਰ ਨਵੇਂ ਦੌਰ ਵਿੱਚ ਦਾਖ਼ਲ ਹੋ ਚੁੱਕਾ ਹੈ। ਇਹ ਅਜਿਹਾ ਦੌਰ ਹੈ ਜਿੱਥੇ ਲੜਾਈਆਂ ਹੁਣ ਸਿਰਫ਼ ਹਥਿਆਰਾਂ ਦੀਆਂ ਨਹੀਂ ਸਗੋਂ ਭਵਿੱਖ ਦੇ ਊਰਜਾ ਸਰੋਤਾਂ ਅਤੇ ਵਾਤਾਵਰਨਕ ਸਰੋਤਾਂ ਦੀ ਲੜਾਈ ਬਣ ਗਈ ਹੈ। ਅਮਰੀਕਾ ਵਰਗੀਆਂ ਮਹਾਂ ਤਾਕਤਾਂ ਨੇ ਅਤੀਤ ਵਿਚ ਜਿਵੇਂ ਤੇਲ ਉੱਤੇ ਕਬਜ਼ਾ ਕਰਨ ਲਈ ਮੱਧ ਪੂਰਬ ਨੂੰ ਰਣਭੂਮੀ ਬਣਾਇਆ, ਅੱਜ ਉਹੀ ਰਣਨੀਤੀਆਂ ਦੁਰਲੱਭ ਧਾਤਾਂ, ਕੁਦਰਤੀ ਗੈਸ ਅਤੇ ਪਾਣੀ ਵਰਗੇ ਸਾਧਨਾਂ ਦੇ ਲਾਲਚ ਵਜੋਂ ਦੁਹਰਾਈਆਂ ਜਾ ਰਹੀਆਂ ਹਨ।

ਯੂਕਰੇਨ ਦਾ ਸੰਘਰਸ਼ ਸਿਰਫ਼ ਰੂਸ ਅਤੇ ਨਾਟੋ ਵਿਚਕਾਰ ਨਹੀਂ ਬਲਕਿ ਵਿਸ਼ਾਲ ਰਣਨੀਤਕ ਖੇਡ ਦਾ ਹਿੱਸਾ ਹੈ ਜਿਸ ਦਾ ਕੇਂਦਰ ਭਵਿੱਖ ਵਿੱਚ ਸੰਸਾਰ ਉੱਤੇ ਰਾਜ ਕਰਨ ਦੀ ਦੌੜ ਹੈ। ਇਹ ਤਾਕਤਾਂ ਆਰਥਿਕ, ਰਣਨੀਤਕ ਅਤੇ ਵਾਤਾਵਰਨ ਦੇ ਸਰੋਤਾਂ ਨੂੰ ਆਪਣੇ ਕੰਟਰੋਲ ਹੇਠ ਲਿਆਉਣ ਦੀ ਦੌੜ ਵਿੱਚ ਹਨ। ਇਸ ਯੁੱਧ ਦਾ ਮੁੱਖ ਕਾਰਨ ਯੂਕਰੇਨ ਦੀ ਧਰਤੀ ਹੇਠਾਂ ਮੌਜੂਦ ਕੀਮਤੀ ਖਣਿਜ ਸਰੋਤਾਂ ’ਤੇ ਕਬਜ਼ਾ ਕਰਨ ਦੀ ਲਲਕ ਹੈ। ਇਨ੍ਹਾਂ ਖਣਿਜਾਂ ਵਿੱਚ ਲਿਥੀਅਮ, ਕੋਬਾਲਟ, ਦੁਰਲੱਭ ਧਾਤਾਂ ਅਤੇ ਕੁਦਰਤੀ ਗੈਸ ਸ਼ਾਮਲ ਹਨ ਜੋ ਆਧੁਨਿਕ ਤਕਨਾਲੋਜੀ ਅਤੇ ਊਰਜਾ ਖੇਤਰ ਲਈ ਬਹੁਤ ਮਹੱਤਵਪੂਰਨ ਹਨ। ਅਮਰੀਕਾ ਆਪਣੇ ਰਾਜਨੀਤਕ ਹਿੱਤਾਂ ਲਈ ਯੂਰੋਪੀਅਨ ਸੰਘ ਨਾਲ ਰਿਸ਼ਤੇ ਕਮਜ਼ੋਰ ਕਰਦਾ ਹੋਇਆ ਰੂਸ ਨਾਲ ਨਜ਼ਦੀਕੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਇਸ ਖੇਤਰ ਵਿੱਚ ਆਪਣਾ ਪ੍ਰਭਾਵ ਬਣਾਈ ਰੱਖ ਸਕੇ। ਇਹ ਸਾਰਾ ਟਕਰਾਅ ਅਸਲ ਵਿੱਚ ਭਵਿੱਖ ਦੀਆਂ ਤਕਨੀਕਾਂ, ਊਰਜਾ ਸੁਰੱਖਿਆ ਅਤੇ ਰਾਜਨੀਤਕ ਪ੍ਰਭਾਵ ਲਈ ਚੱਲ ਰਹੀ ਵੱਡੀ ਲੜਾਈ ਦਾ ਹਿੱਸਾ ਹੈ।

ਇਹ ਅਜਿਹੀ ਦੌੜ ਹੈ ਜਿਸ ਵਿੱਚ ਜਿੱਤ ਕਿਸੇ ਦੇ ਹਿੱਤ ਵਿੱਚ ਨਹੀਂ ਪਰ ਹਾਰ ਮਨੁੱਖਤਾ ਦੀ ਹੋਣੀ ਬਣ ਜਾਵੇਗੀ। ਇਸ ਪ੍ਰਸੰਗ ਵਿੱਚ ਭਾਰਤ ਅਤੇ ਪਾਕਿਸਤਾਨ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਆਪਸੀ ਵਿਵਾਦਾਂ, ਕਸ਼ਮੀਰ ਅਤੇ ਧਾਰਮਿਕ ਵੰਡਾਂ ਦੇ ਆਧਾਰ ’ਤੇ ਲੜ ਰਹੇ ਹਨ, ਉਨ੍ਹਾਂ ਲਈ ਇਹ ਸਮਾਂ ਹੈ ਸੋਚ ਵੱਲ ਮੋੜ ਕੱਟਣ ਦਾ। ਜਦੋਂ ਬਾਕੀ ਸੰਸਾਰ ਭਵਿੱਖ ਲਈ ਤਿਆਰੀਆਂ ਕਰ ਰਿਹਾ ਹੈ, ਇਹ ਖੇਤਰ ਅਜੇ ਵੀ ਅਤੀਤ ਦੇ ਜ਼ਖ਼ਮ ਉਚੇੜਨ ’ਚ ਰੁੱਝਿਆ ਹੋਇਆ ਹੈ। ਇਹ ਦੋਵੇਂ ਦੇਸ਼ ਜੇਕਰ ਆਪਣੀ ਸ਼ਕਤੀ ਅਤੇ ਸਮਰੱਥਾ ਨੂੰ ਲੜਾਈ ਦੀ ਥਾਂ ਸਾਂਝ ਬਣਾਉਣ ਵਿੱਚ ਲਗਾ ਲੈਣ ਤਾਂ ਦੱਖਣੀ ਏਸ਼ੀਆ ਨਵੀਂ ਵਿਸ਼ਵ ਤਾਕਤ ਵਜੋਂ ਉੱਭਰ ਸਕਦਾ ਹੈ।

ਭਾਰਤ ਅਤੇ ਪਾਕਿਸਤਾਨ ਨੂੰ ਆਪਣੀਆਂ ਹੱਦਬੰਦੀਆਂ ਨੂੰ ਢਾਹ ਕੇ, ਕੌਮਾਂਤਰੀ ਰਣਨੀਤਕ ਖੇਡ ਨੂੰ ਸਮਝਣ ਦੀ ਲੋੜ ਹੈ ਅਤੇ ਇਨ੍ਹਾਂ ਨੂੰ ਸਾਂਝੀ ਤਰੱਕੀ ਦੀ ਰਾਹ ’ਤੇ ਪੈਰ ਰੱਖਣਾ ਚਾਹੀਦਾ ਹੈ। ਇਹ ਦੋਵੇਂ ਦੇਸ਼ ਜੇਕਰ ਪਾਣੀ, ਊਰਜਾ, ਵਪਾਰ, ਸਿੱਖਿਆ ਅਤੇ ਤਕਨੀਕ ਵਿੱਚ ਸਾਂਝੇ ਰੂਪ ਵਿੱਚ ਕੰਮ ਕਰਨ ਤਾਂ ਇਹ ਖੇਤਰ ਨਾ ਸਿਰਫ਼ ਗਰੀਬੀ ਤੋਂ ਬਚ ਸਕਦਾ ਹੈ ਸਗੋਂ ਆਉਣ ਵਾਲੀ ਭਵਿੱਖੀ ਲੜਾਈ ਵਿੱਚ ਆਪਣੀ ਮੌਜੂਦਗੀ ਨੂੰ ਰਚਨਾਤਮਕ ਤਾਕਤ ਵਜੋਂ ਦਰਜ ਕਰ ਸਕਦਾ ਹੈ।

ਸਾਡੀ ਧਰਤੀ ’ਤੇ ਊਰਜਾ ਸਾਧਨ ਸ਼ਾਇਦ ਇੰਨੇ ਹੀ ਬਚੇ ਹਨ। ਜੇਕਰ ਅਸੀਂ ਹੁਣ ਵੀ ਵਿਵਾਦਾਂ, ਧਰਮਾਂ ਦੀ ਸਿਆਸਤ ਵਿੱਚ ਫਸੇ ਰਹੇ ਤਾਂ ਮਨੁੱਖਤਾ ਦਾ ਘਾਣ ਹੋਵੇਗਾ। ਇਸ ਲਈ ਅੱਜ ਦੀ ਸਭ ਤੋਂ ਵੱਡੀ ਲੋੜ ਸਾਂਝੀ ਸੋਚ ਦੀ ਹੈ। ਅਜਿਹੀ ਸੋਚ ਦੀ ਜੋ ਹੱਦਾਂ ਤੋਂ ਪਾਰ ਜਾਵੇ ਜੋ ਧਰਮਾਂ ਤੋਂ ਉੱਪਰ ਹੋਵੇ, ਜੋ ਮਨੁੱਖਤਾ ਨੂੰ ਕੇਂਦਰ ਬਣਾਵੇ। ਅਸੀਂ ਲੜ ਕੇ ਕੁਝ ਨਹੀਂ ਜਿੱਤ ਸਕਦੇ ਪਰ ਜੇ ਅਸੀਂ ਸਾਂਝਾ ਸੁਫਨਾ ਦੇਖੀਏ, ਤਾਂ ਨਵੀਂ ਦੁਨੀਆ ਦੀ ਰਚਨਾ ਕਰ ਸਕਦੇ ਹਾਂ, ਜਿੱਥੇ ਭਾਰਤ ਅਤੇ ਪਾਕਿਸਤਾਨ ਨਾ ਸਿਰਫ਼ ਗੁਆਂਢੀ ਹੋਣ ਸਗੋਂ ਭਵਿੱਖ ਦੇ ਰਾਖੇ ਵੀ ਬਣ ਸਕਣ।

ਸੰਪਰਕ: 85918-59124

Advertisement
Author Image

Jasvir Samar

View all posts

Advertisement