ਧਨੇਰ ਕੇਸ: ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਮਹਿਮਦਪੁਰ ’ਚ ਲਾਏ ਡੇਰੇ

ਮਨਜੀਤ ਧਨੇਰ ਦੀ ਸਜ਼ਾ ਮੁਆਫ਼ ਕਰਵਾਉਣ ਲਈ ਲਾਏ ਪੱਕੇ ਮੋਰਚੇ ਦਾ ਦ੍ਰਿਸ਼।

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਸਤੰਬਰ
ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਸਬੰਧੀ ‘ਸੰਘਰਸ਼ ਕਮੇਟੀ ਪੰਜਾਬ’ ਦੇ ਸੱਦੇ ’ਤੇ ਪਟਿਆਲਾ ’ਚ ਪੱਕਾ ਮੋਰਚਾ ਲਾਉਣ ਲਈ ਆਏ ਹਜ਼ਾਰਾਂ ਕਿਸਾਨਾਂ ਤੇ ਹੋਰਾਂ ਨੂੰ ਪੁਲੀਸ ਨੇ ਸ਼ਾਹੀ ਸ਼ਹਿਰ ਪਟਿਆਲਾ ਅੰਦਰ ਦਾਖਲ ਨਾ ਹੋਣ ਦਿੱਤਾ। ਪੁਲੀਸ ਉਨ੍ਹਾਂ ਨੂੰ ਸ਼ਹਿਰ ਤੋਂ 12 ਕਿਲੋਮੀਟਰ ਦੂਰ ਸੰਗਰੂਰ ਰੋਡ ’ਤੇ ਸਥਿਤ ਪਿੰਡ ਮਹਿਮਦਪੁਰ ਕੋਲ ਹੀ ਰੋਕ ਲਿਆ ਜਿਸ ਕਾਰਨ ਇਸ ਕਾਫਲੇ ’ਚ ਸ਼ਾਮਲ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਔਰਤਾਂ ਨੇ ਸਿਖਰ ਦੁਪਹਿਰੇ ਉਥੇ ਹੀ ਧਰਨਾ ਮਾਰ ਕੇ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ਜਾਮ ਕਰ ਦਿੱਤਾ। ਵਾਹਨਾਂ ਦੀ ਆਵਾਜਾਈ ਲਈ ਬਦਲਵੇਂ ਪ੍ਰਬੰਧ ਕਰਨੇ ਪਏ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਝੱਲਣੀਆਂ ਪਈਆਂ। ਧਰਨੇ ਕਾਰਨ ਅੱਜ ਦਿਨ ਭਰ ਮੋਤੀ ਮਹਿਲ ਦੁਆਲੇ ਵੀ ਭਾਰੀ ਪੁਲੀਸ ਫੋਰਸ ਤਾਇਨਾਤ ਰਹੀ। ਸ਼ਹਿਰ ਅਤੇ ਚੁਫੇਰੇ ਤਿੰਨ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਸਨ। ਉੱਧਰ ਕਿਸਾਨਾਂ ਨੇ ਸੜਕ ਕਿਨਾਰੇ ਸਥਿਤ ਮਹਿਮਦਪੁਰ ਮੰਡੀ ਵਿੱਚ ਹੀ ਤੰਬੂ ਗੱਡ ਕੇ ਡੇਰੇ ਲਾ ਲਏ ਹਨ। ਸ਼ਹਿਰ ਵੱਲ ਨਾ ਜਾਣ ਦੇਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਆਗੂਆਂ ਨੇ ਐਲਾਨ ਕੀਤਾ ਕਿ ਇਹ ਪੱਕਾ ਮੋਰਚਾ ਮਨਜੀਤ ਧਨੇਰ ਦੀ ਸਜ਼ਾ ਮੁਆਫ਼ੀ ਤੱਕ ਜਾਰੀ ਰਹੇਗਾ। ਧਰਨੇ ਨੂੰ ਮੋਰਚੇ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਜਗਮੋਹਨ ਸਿੰਘ ਪਟਿਆਲਾ, ਸੁਖਦੇਵ ਸਿੰਘ ਕੋਕਰੀ ਕਲਾਂ, ਨਿਰਭੈ ਸਿੰਘ ਢੁੱਡੀਕੇ, ਰਮਿੰਦਰ ਪਟਿਆਲਾ, ਗੁਰਨਾਮ ਭੀਖੀ, ਨਰੈਣ ਦੱਤ, ਅਮਨਦੀਪ ਕੌਰ ਦਿਓਲ, ਹਰਿੰਦਰ ਕੌਰ ਬਿੰਦੂ ਤੇ ਪ੍ਰੇਮਪਾਲ ਕੌਰ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਦੱਸਿਆ ਕਿ 29 ਜੁਲਾਈ 1997 ਤੋਂ ਕਿਰਨਜੀਤ ਕੌਰ ਮਹਿਲਕਲਾਂ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਮਨਜੀਤ ਧਨੇਰ ਤੇ ਦੋ ਹੋਰਾਂ ਨੂੰ 3 ਮਾਰਚ 2001 ਨੂੰ ‘ਗੁੰਡਾ-ਪੁਲੀਸ ਦੇ ਸਿਆਸੀ’ ਗੱਠਜੋੜ ਨੇ ਸਾਜ਼ਿਸ਼ ਤਹਿਤ ਕਤਲ ਕੇਸ ਵਿਚ ਫਸਾ ਦਿੱਤਾ ਸੀ ਪਰ ਜਨਤਕ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦੀ ਬਦੌਲਤ 24 ਜੁਲਾਈ 2007 ਨੂੰ ਰਾਜਪਾਲ ਨੂੰ ਇਹ ਸਜ਼ਾ ਮੁਆਫ਼/ਰੱਦ ਕਰਨੀ ਪਈ ਸੀ ਪਰ ਫ਼ੈਸਲਾ ਮੁੜ ਵਿਚਾਰਨ ਲਈ ਭੇਜੀ ਫਾਈਲ ਅਜੇ ਵੀ ਰਾਜਪਾਲ ਦਫ਼ਤਰ ’ਚ ਧੂੜ ਫੱਕ ਰਹੀ ਹੈ। ਬਾਅਦ ਵਿੱਚ ਹਾਈ ਕੋਰਟ ਨੇ ਦੋ ਜਣਿਆਂ ਨੂੰ ਬਰੀ ਕਰਕੇ ਧਨੇਰ ਨੂੰ ਉਮਰ ਕੈਦ ਕਰ ਦਿੱਤੀ ਜਿਸ ’ਤੇ ਹੁਣ ਸੁਪਰੀਮ ਕੋਰਟ ਨੇ ਵੀ 3 ਸਤੰਬਰ 2019 ਨੂੰ ਮੋਹਰ ਲਾ ਦਿੱਤੀ ਹੈ। ਇਸ ਮੌਕੇ ਧੰਨਾ ਮੱਲ ਗੋਇਲ, ਅਮਨਦੀਪ, ਗੁਰਮੇਲ ਠੁੱਲੀਵਾਲ, ਭੁਪਿੰਦਰ ਸਿੰਘ ਲੌਂਗੋਵਾਲ, ਅਤਿੰਦਰਪਾਲ ਘੱਗਾ, ਨਾਮਦੇਵ ਭੁਟਾਲ, ਵਿਧੂ ਸ਼ੇਖ਼ਰ ਭਾਰਦਵਾਜ, ਰੁਪਿੰਦਰ ਚੌਂਦਾ, ਗੁਰਮੁਖ ਮਾਨ ਤੇ ਰਮੇਸ਼ ਬਾਲੀ ਮੌਜੂਦ ਸਨ।

Tags :