ਧਨੇਰ ਕੇਸ: ਬਰਨਾਲੇ ਦੀ ਧਰਤੀ ਮੁੜ ਬਣੀ ਜੰਗ ਦਾ ਅਖਾੜਾ..!

ਬਰਨਾਲਾ ਸੰਘਰਸ਼ ਵਿਚ ਸ਼ਾਮਲ ਹੁੰਦੇ ਹੋਏ ਲੋਕ।

ਚਰਨਜੀਤ ਭੁੱਲਰ
ਬਰਨਾਲਾ, 8 ਅਕਤੂਬਰ
ਬਰਨਾਲਾ ਦੀ ਧਰਤੀ ਮੁੜ ਜੰਗ ਦਾ ਅਖਾੜਾ ਬਣੀ ਹੈ। ਲੋਕ ਤਾਕਤ ਦੀ ਨੇਕੀ ਦਾ ਪਿੜ ਬੱਝਣ ਲੱਗਾ ਹੈ। ਦਸਹਿਰੇ ਮੌਕੇ ਜਰਵਾਣੇ ਇਕੱਠ ਨੇ ਅੱਜ ਮੁੱਕੇ ਤਣੇ। ਐਲਾਨ ਕੀਤਾ ਕਿ ਵਕਤ ਦੇ ‘ਰਾਵਣਾਂ’ ਖ਼ਿਲਾਫ਼ ਜੰਗ ਜਾਰੀ ਰਹੇਗੀ। ਮਾਮਲਾ ਮਨਜੀਤ ਧਨੇਰ ਦੀ ਸਜ਼ਾ ਮੁਆਫੀ ਦਾ ਹੈ। ਠੀਕ 22 ਵਰ੍ਹੇ ਪਹਿਲਾਂ ਮਹਿਲ ਕਲਾਂ ਤੋਂ ਉਦੋਂ ਲੋਕਾਂ ਦਾ ਤੂਫਾਨ ਉੱਠਿਆ ਜਦੋਂ ਅਰਹਰ ਦੇ ਖੇਤਾਂ ’ਚੋਂ ਕਿਰਨਜੀਤ ਕੌਰ ਲਾਸ਼ ਮਿਲੀ। ਬਰਨਾਲਾ ਖ਼ਿੱਤੇ ‘ਚ ਉਦੋਂ ਕਰੀਬ ਪੰਜਾਹ ਦਿਨ ਨਾਅਰੇ ਗੂੰਜੇ। ਲੋਕ ਸੰਘਰਸ਼ ਨੇ ਇੱਕ ਜੰਗ ਜਿੱਤ ਲਈ ਸੀ, ਜੋ ਸਮੇਂ ਦੇ ਰਾਵਣ ਨੂੰ ਹਜ਼ਮ ਨਾ ਹੋਈ। ਬਰਨਾਲਾ ਜੇਲ੍ਹ ’ਚ ਮਨਜੀਤ ਧਨੇਰ ਬੰਦ ਹੈ, ਜਿਸ ਦੇ ਨਿਆਂ ਲਈ ਜੇਲ੍ਹ ਦੇ ਬਾਹਰ ਜਮਹੂਰੀ ਤਾਕਤ ਦਾ ਦੰਗਲ 30 ਸਤੰਬਰ ਤੋਂ ਜਾਰੀ ਹੈ। 42 ਜਮਹੂਰੀ ਧਿਰਾਂ ’ਤੇ ਅਧਾਰਿਤ ਸੰਘਰਸ਼ ਕਮੇਟੀ ਕੋਲ ਇਸ ਦੀ ਅਗਵਾਈ ਹੈ। ਵੱਡਾ ਯੋਗਦਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਬੀਕੇਯੂ (ਉਗਰਾਹਾਂ) ਹੈ। ਸੰਘਰਸ਼ ਕਮੇਟੀ ਨੇ 20 ਸਤੰਬਰ ਤੋਂ 26 ਸਤੰਬਰ ਤੱਕ ਪਟਿਆਲਾ ਮੋਰਚਾ ਲਾਇਆ। ਪੰਜਾਬ ਸਰਕਾਰ ਨੂੰ ਮਨਜੀਤ ਧਨੇਰ ਦੀ ਸਜ਼ਾ ਮੁਆਫੀ ਦਾ ਕੇਸ ਰਾਜਪਾਲ ਪੰਜਾਬ ਕੋਲ ਭੇਜਣਾ ਪਿਆ। ਹੁਣ ਬਰਨਾਲਾ ਜੇਲ੍ਹ ਅੱਗੇ ਰੋਜ਼ਾਨਾ ਵੱਡਾ ਇਕੱਠ ਜੁੜ ਰਿਹਾ ਹੈ। ਪੂਰੇ ਮਾਲਵੇ ’ਚੋਂ ਹੁਣ ਲੇਖਕ ਇਕੱਠੇ ਹੋ ਕੇ 14 ਅਕਤੂਬਰ ਨੂੰ ਬਰਨਾਲਾ ਪੁੱਜਣਗੇ। ਜਸਪਾਲ ਮਾਨਖੇੜਾ ਦਾ ਕਹਿਣਾ ਸੀ ਕਿ ਜਦੋਂ ਲੋਕ ਸੜਕਾਂ ‘ਤੇ ਆ ਜਾਣ, ਫਿਰ ਲੇਖਕ ਘਰਾਂ ‘ਚ ਕਿਵੇਂ ਬੈਠ ਸਕਦੇ ਹਨ। ਲੰਘੇ ਕੱਲ੍ਹ 150 ਪਿੰਡਾਂ ’ਚੋਂ ਪੇਂਡੂ ਔਰਤਾਂ ਪੁੱਜੀਆਂ। ਸਭਨਾਂ ਨੇ ਆਪੋ ਆਪਣੇ ਪਿੰਡਾਂ ‘ਚ ਘਰੋਂ ਘਰੀ ਜਾ ਕੇ 10-10 ਰੁਪਏ ਇਕੱਠੇ ਕੀਤੇ। ਕਰੀਬ 20 ਹਜ਼ਾਰ ਰੁਪਏ ਸੰਘਰਸ਼ ਕਮੇਟੀ ਨੂੰ ਸੌਂਪ ਦਿੱਤੇ। ਦੋ ਦਿਨ ਪਹਿਲਾਂ ਮੁਲਾਜ਼ਮਾਂ ਦਾ ਇਕੱਠ ਜੁੜਿਆ। ਪੰਜਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਦਰਜਨਾਂ ਵਾਲੰਟੀਅਰ ਸੰਘਰਸ਼ ’ਚ ਲੰਗਰ ਦੀ ਡਿਊਟੀ ’ਤੇ ਹਨ। ਮਨੀਲਾ ਤੋਂ ਭੁਪਿੰਦਰ ਮੂਮ ਨੇ 15 ਹਜ਼ਾਰ ਅਤੇ ਆਸਟਰੇਲੀਆ ਤੋਂ ਤਰਲੋਚਨ ਰਾਜੂ ਨੇ 10 ਹਜ਼ਾਰ ਦੀ ਰਾਸ਼ੀ ਇਸ ਸੰਘਰਸ਼ ਲਈ ਭੇਜੀ ਹੈ। ਖਨੌਰੀ ਤੋਂ ਵਿਦਿਆਰਥੀ ਜਥੇਬੰਦੀ ਦੇ ਕਾਰਕੁਨ ਅੱਜ ਤੜਕੇ ਤੋਂ ਪੁੱਜੇ ਹਨ। ਪਿੰਡਾਂ ਵਿਚੋਂ ਕਿਤੋਂ ਦੁੱਧ ਆ ਰਿਹਾ ਹੈ ਅਤੇ ਕਿਤੋਂ ਆਟਾ। ਇਸ ਲੋਕ ਸੰਘਰਸ਼ੀ ਮੋਰਚੇ ’ਤੇ 19 ਦਿਨਾਂ ਵਿਚ 2.27 ਕਰੋੜ ਦਾ ਖਰਚਾ ਆ ਚੁੱਕਾ ਹੈ। ਇਕੱਲੇ ਪਟਿਆਲਾ ਮੋਰਚੇ ’ਤੇ ਦੋ ਕਰੋੜ ਰੁਪਏ ਦਾ ਖਰਚ ਆਇਆ। ਹੁਣ ਬਰਨਾਲਾ ’ਚ ਰੋਜ਼ਾਨਾ ਤਿੰਨ ਲੱਖ ਰੁਪਏ ਦਾ ਖਰਚਾ ਹੈ। ਲੰਗਰ ਦਾ ਖਰਚਾ ਇਸ ਤੋਂ ਵੱਖਰਾ। ਪਟਿਆਲਾ ਮੋਰਚਾ ’ਚ ਰੋਜ਼ਾਨਾ 400 ਵਹੀਕਲ ਜਾਂਦੇ ਸਨ। ਕਈ ਜ਼ਿਲ੍ਹਿਆਂ ਨੇ ਪ੍ਰਤੀ ਬੱਸ ਅੱਠ ਹਜ਼ਾਰ ਰੁਪਏ ਕਿਰਾਇਆ ਵੀ ਤਾਰਿਆ। ਲੰਗਰ ਦਾ ਕਰੀਬ ਇੱਕ ਲੱਖ ਰੁਪਏ ਰੋਜ਼ਾਨਾ ਦਾ ਖਰਚਾ ਆਇਆ। ਮਨਜੀਤ ਧਨੇਰ ਮਾਮਲੇ ’ਤੇ ਪ੍ਰਚਾਰ ਸਮੱਗਰੀ ’ਤੇ 4.50 ਲੱਖ ਰੁਪਏ ਦਾ ਖਰਚਾ ਆ ਚੁੱਕਾ ਹੈ। ਦੋ ਲੱਖ ਹੱਥ ਪਰਚਾ ਅਤੇ 50 ਹਜ਼ਾਰ ਵੱਡੇ ਇਸ਼ਤਿਹਾਰ ਛਪਵਾਏ ਗਏ। ਹੁਣ ਬਰਨਾਲਾ ਮੋਰਚੇ ’ਚ ਟੈਂਟ ਸਾਊਂਡ ਆਦਿ ਦਾ ਰੋਜ਼ਾਨਾ ਕਰੀਬ 50 ਹਜ਼ਾਰ ਅਤੇ 2.50 ਰੁਪਏ ਦਾ ਰੋਜ਼ਾਨਾ ਖਰਚਾ ਵਹੀਕਲਾਂ ਵਗੈਰਾ ਦਾ ਹੈ। ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਜਦੋਂ ਸਿਰ ਧੜ ਦੀ ਬਾਜ਼ੀ ਲੱਗੀ ਹੋਵੇ ਤਾਂ ਫਿਰ ਖਰਚੇ ਕੋਈ ਮਾਅਨੇ ਨਹੀਂ ਰੱਖਦੇ। ਖੁਫੀਆ ਵਿੰਗ ਵੀ ਚੰਡੀਗੜ੍ਹ ਨੂੰ ਲੋਕ ਰੋਅ ਦੀ ਨਬਜ਼ ਤੋਂ ਰੋਜ਼ਾਨਾ ਜਾਣੂ ਕਰਾ ਰਿਹਾ ਹੈ। ਲੋਕ ਇਕੱਠ ’ਚ ਏਦਾਂ ਦੀਆਂ ਬਜ਼ੁਰਗ ਔਰਤਾਂ ਵੀ ਪੁੱਜੀਆਂ ਜਿਨ੍ਹਾਂ ਦੇ ਹੱਥਾਂ ਵਿਚ ਬੈਠਣ ਲਈ ਪੀੜ੍ਹੀਆਂ ਸਨ। ਸੰਗਰੂਰ ਤੋਂ 70 ਸਾਲ ਤੋਂ ਉਪਰ ਦੀਆਂ ਔਰਤਾਂ ਪੁੱਜੀਆਂ। ਬਠਿੰਡਾ ਦੇ ਪਿੰਡ ਜੇਠੂਕੇ ਦੀ 90 ਸਾਲ ਦੀ ਬਜ਼ੁਰਗ ਔਰਤ ਦਲੀਪ ਕੌਰ ਵੀ ਧਨੇਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਆਈ। ਵੱਡੀ ਗੱਲ ਕਿ ਸੰਘਰਸ਼ੀ ਪਿੜ ‘ਚ ਪੁੱਜਣ ਵਾਲੇ ਲੋਕ ਤਿਲ ਫੁਲ ਮਾਲੀ ਇਮਦਾਦ ਕੀਤੇ ਬਿਨਾਂ ਨਹੀਂ ਮੁੜਦੇ। ਰੋਜ਼ਾਨਾ ਸਟੇਜ ’ਤੇ 10 ਤੋਂ 15 ਹਜ਼ਾਰ ਰੁਪਏ ਇਕੱਠੇ ਹੋ ਜਾਂਦੇ ਹਨ। ਇੱਥੋਂ ਤੱਕ ਕਿ ਸਕੂਲੀ ਬੱਚੇ ਵੀ ਦਸ ਦਸ ਰੁਪਏ ਦਾ ਫੰਡ ਦੇ ਕੇ ਗਏ। ਸੰਘਰਸ਼ ਕਮੇਟੀ ਦੇ ਮੈਂਬਰ ਨਰਾਇਣ ਦੱਤ ਦਾ ਪ੍ਰਤੀਕਰਮ ਸੀ ਕਿ ਸਮਾਜ ਦੇ ਹਰ ਤਬਕੇ ਦਾ ਇਸ ਸੰਘਰਸ਼ ਨਾਲ ਮਾਨਸਿਕ ਤੌਰ ’ਤੇ ਜੁੜਣਾ ਦੱਸਦਾ ਹੈ ਕਿ ‘ਰਾਵਣਾਂ’ ਦੇ ਦਿਨ ਪੁੱਗਣ ਦਾ ਵੇਲਾ ਆ ਗਿਆ ਹੈ।

ਇੰਝ ਰਿਹਾ 22 ਸਾਲ ਦਾ ਸਫ਼ਰ…

ਕਾਲਜੋਂ ਪਰਤ ਰਹੀ ਕਿਰਨਜੀਤ ਕੌਰ ਨੂੰ 29 ਜੁਲਾਈ 1997 ਨੂੰ ਗੁੰਡਾ ਅਨਸਰਾਂ ਨੇ ਅਗਵਾ ਕੀਤਾ ਤੇ ਸਮੂਹਿਕ ਜਬਰ ਜਿਨਾਹ ਕੀਤਾ। ਲਾਸ਼ 11 ਅਗਸਤ ਨੂੰ ਮਿਲੀ ਤੇ ਪੁਲੀਸ ਨੇ 3 ਅਗਸਤ 1997 ਨੂੰ ਪਰਚਾ ਦਰਜ ਕੀਤਾ। ਅਦਾਲਤ ਨੇ ਇਸ ਮਾਮਲੇ ‘ਚ 16 ਅਗਸਤ 2001 ਨੂੰ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਫਿਰ ਦੋਸ਼ੀ ਦਲੀਪ ਸਿੰਘ ਦਾ ਕਤਲ ਹੁੰਦਾ ਹੈ, ਜਿਸ ਦੇ ਸਬੰਧ ਵਿਚ ਪੁਲੀਸ ਲੋਕ ਆਗੂ ਨਰਾਇਣ ਦੱਤ, ਪ੍ ਰੇਮ ਕੁਮਾਰ ਤੇ ਮਨਜੀਤ ਧਨੇਰ ’ਤੇ ਧਾਰਾ 302 ਦਾ ਕੇਸ ਦਰਜ ਕਰਦੀ ਹੈ। 30 ਮਾਰਚ 2005 ਨੂੰ ਅਦਾਲਤ ਨੇ ਤਿੰਨੋ ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਰਾਜਪਾਲ ਪੰਜਾਬ ਵੱਲੋਂ 24 ਜੁਲਾਈ 2007 ਨੂੰ ਤਿੰਨੋਂ ਆਗੂਆਂ ਦੀ ਸਜ਼ਾ ਮੁਆਫ਼ ਕਰ ਦਿੱਤੀ। ਉਪਰੰਤ ਹਾਈ ਕੋਰਟ ਨੇ 11 ਮਾਰਚ 2008 ਨੂੰ ਮਨਜੀਤ ਧਨੇਰ ਦੀ ਸਜ਼ਾ ਬਰਕਰਾਰ ਰੱਖਣ ਅਤੇ ਸਜ਼ਾ ਮੁਆਫੀ ਦਾ ਹੁਕਮ ਰੱਦ ਕਰਨ ਦਾ ਫੈਸਲਾ ਸੁਣਾਇਆ। ਮਗਰੋਂ ਸੁਪਰੀਮ ਕੋਰਟ ਨੇ 24 ਫਰਵਰੀ 2011 ਨੂੰ ਸਜ਼ਾ ਮੁਆਫੀ ਦਾ ਕੇਸ ਮੁੜ ਰਾਜਪਾਲ ਕੋਲ ਭੇਜਿਆ। ਸੁਪਰੀਮ ਕੋਰਟ ਨੇ 3 ਸਤੰਬਰ 2019 ਨੂੰ ਧਨੇਰ ਦੀ ਸਜ਼ਾ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ।

Tags :