ਦੱਪਰ ਤੋਂ ਚਡਿਆਲਾ ਤੱਕ ਸੜਕ ਚੌੜੀ ਕਰਨ ਦਾ ਨੀਂਹ ਪੱਥਰ
ਸਰਬਜੀਤ ਸਿੰਘ ਭੱਟੀ
ਲਾਲੜੂ, 11 ਮਾਰਚ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਇਲਾਕੇ ਦੀਆਂ ਲਿੰਕ ਸੜਕਾਂ ਦੇ ਅਪਗ੍ਰੇਡੇਸ਼ਨ ਅਤੇ ਚੌੜੇ ਕਰਨ ਸਬੰਧੀ ਵਿਧਾਨ ਸਭਾ ਵਿੱਚ ਸਵਾਲ ਉਠਾਉਣ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਰਕਾਰ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਪਰ ਤੋਂ ਚਡਿਆਲਾ ਵਾਇਆ ਬੈਰਮਾਜਰਾ ਤੱਕ 2.23 ਕਿਲੋਮੀਟਰ ਲੰਬੀ ਇਸ ਸੜਕ ਨੂੰ ਨਾਬਾਰਡ ਸਕੀਮ ਤਹਿਤ 1 ਕਰੋੜ 71 ਲੱਖ 45 ਹਜ਼ਾਰ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾ ਕੀਤਾ ਜਾਵੇਗਾ, ਜਿਸ ਦਾ ਨੀਂਹ ਪੱਥਰ ਵਿਧਾਇਕ ਵੱਲੋਂ ਰੱਖਿਆ। ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਵਿੱਚ ਬਣੇ ਹੜ੍ਹਾਂ ਦੇ ਹਾਲਾਤਾਂ ਅਤੇ ਇਕ ਸਾਲ ਤੋਂ ਸ਼ੰਭੂ ਬੈਰੀਅਰ ਨੂੰ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਜਾਣ ਕਾਰਨ ਹਲਕੇ ਦੀਆਂ ਸੜਕਾਂ ਤੇ ਆਵਾਜਾਈ ਵਿੱਚ ਰਿਕਾਰਡ ਵਾਧਾ ਹੋਇਆ ਹੈ, ਜਿਸ ਕਾਰਨ ਸਥਾਨਕ ਲਿੰਕ ਸੜਕਾਂ ਟੁੱਟ ਗਈਆਂ ਹਨ। ਸ੍ਰੀ ਰੰਧਾਵਾ ਨੇ ਕਿਹਾ ਕਿ ਡੇਰਾਬੱਸੀ ਖੇਤਰ ਵਿੱਚ ਲਿੰਕ ਸੜਕਾਂ ਨੂੰ ਚੌੜਾ ਕਰਨ ਦਾ ਪੰਜਾਬ ਸਰਕਾਰ ਦਾ ਫੈ਼ੈਸਲਾ ਰਾਹਤ ਵਜੋਂ ਆਇਆ ਹੈ। ਇਹ ਲਿੰਕ ਸੜਕ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚਕਾਰ ਇੱਕ ਮਹੱਤਵਪੂਰਨ ਸੰਪਰਕ ਹੈ, ਜਿਸ ਨੂੰ ਪਿਛਲੇ 10 ਸਾਲਾਂ ਵਿੱਚ ਬਣਾਇਆ ਨਹੀਂ ਗਿਆ ਸੀ ਅਤੇ ਇਨ੍ਹਾਂ ਸੜਕਾਂ ਨੂੰ ਚੌੜਾ ਕਰਨ ਨਾਲ ਨਾ ਸਿਰਫ਼ ਸੰਪਰਕ ਵਿੱਚ ਸੁਧਾਰ ਹੋਵੇਗਾ ਬਲਕਿ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਸ੍ਰੀ ਰੰਧਾਵਾ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਇਹ ਕੰਮ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਅਤੇ ਉੱਚ-ਗੁਣਵੱਤਾ ਦੇ ਮਿਆਰਾਂ ਨਾਲ ਪੂਰਾ ਕੀਤਾ ਜਾਵੇ। ਇਸ ਪ੍ਰਾਜੈਕਟ ਨਾਲ ਡੇਰਾਬੱਸੀ ਦੇ ਵਸਨੀਕਾਂ ਨੂੰ ਬਹੁਤ ਲੋੜੀਂਦੀ ਰਾਹਤ ਮਿਲਣ ਦੀ ਉਮੀਦ ਹੈ ਅਤੇ ਇਹ ਖੇਤਰ ਵਿੱਚ ਹੋਰ ਵਿਕਾਸ ਲਈ ਰਾਹ ਪੱਧਰਾ ਕਰੇਗਾ। ਇਸ ਮੌਕੇ ਸਰਪੰਚ, ਪਿੰਡ ਵਾਸੀ, ਐਕਸੀਅਨ ਤੇ ਐੱਸਡੀਓ ਮੰਡੀ ਬੋਰਡ ਮੌਜੂਦ ਸਨ।