ਦੋ ਭੈਣਾਂ ’ਤੇ ਗੋਲੀ ਚਲਾਉਣ ਵਾਲਾ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੂਨ
ਦੱਖਣ-ਪੱਛਮੀ ਦਿੱਲੀ ਵਿੱਚ ਦੋ ਭੈਣਾਂ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਅਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ 1,300 ਕਿਲੋਮੀਟਰ ਪਿੱਛਾ ਕਰਨ ਮਗਰੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਰਵੀ (22), ਹਿਤੇਸ਼ (22) ਅਤੇ ਆਸ਼ੀਸ਼ (31) ਵਜੋਂ ਹੋਈ ਹੈ। ਉਹ ਦੋਸਤ ਹਨ ਅਤੇ ਉਨ੍ਹਾਂ ਨੇ ਪੀੜਤਾਂ ਦੇ ਭਰਾ ਅਮਨ ਉਰਫ਼ ਰਜ਼ੀ ਨਾਲ ਹੋਈ ਪਹਿਲਾਂ ਹੋਈ ਗੋਲੀਬਾਰੀ ਦੀ ਘਟਨਾ ਦਾ ਬਦਲਾ ਲੈਣ ਲਈ ਪੀੜਤਾਂ ’ਤੇ ਗੋਲੀ ਚਲਾਈ ਸੀ। ਪੁਲੀਸ ਅਨੁਸਾਰ ਰਵੀ ਵੱਲੋਂ ਅਮਨ ਵਿਰੁੱਧ ਲਗਪਗ ਤਿੰਨ ਮਹੀਨੇ ਪਹਿਲਾਂ ਦਵਾਰਕਾ ਦੱਖਣੀ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣ-ਪੱਛਮ) ਅਮਿਤ ਗੋਇਲ ਨੇ ਕਿਹਾ ਕਿ ਸੈਕਟਰ 7, ਦਵਾਰਕਾ ਵਿੱਚ ਰਹਿਣ ਵਾਲੀ ਔਰਤ ਨੂੰ ਰਵੀ ਨੇ ਪਹਿਲੀ ਜੂਨ ਨੂੰ ਝੜਪ ਦੌਰਾਨ ਗੋਲੀ ਮਾਰ ਦਿੱਤੀ ਸੀ। ਉਸ ਸਮੇਂ ਉਸ ਦੀ ਭੈਣ ਉਸ ਦੇ ਨਾਲ ਸੀ। ਝਗੜੇ ਦੌਰਾਨ ਆਸ਼ੀਸ਼ ਨੂੰ ਸਥਾਨਕ ਲੋਕਾਂ ਨੇ ਮੋਟਰਸਾਈਕਲ ਸਣੇ ਫੜ ਲਿਆ, ਜਦੋਂ ਕਿ ਰਵੀ, ਹਿਤੇਸ਼ ਅਤੇ ਇੱਕ ਹੋਰ ਸਾਥੀ, ਮੋਨੂੰ, ਭੱਜਣ ਵਿੱਚ ਕਾਮਯਾਬ ਹੋ ਗਿਆ। ਤਕਨੀਕੀ ਨਿਗਰਾਨੀ ਤੋਂ ਪਤਾ ਲੱਗਿਆ ਕਿ ਰਵੀ ਸਿਰਫ ਐਪਸ ਰਾਹੀਂ ਸੰਚਾਰ ਕਰ ਰਿਹਾ ਸੀ ਅਤੇ ਹੌਟਸਪੌਟ ਨੈੱਟਵਰਕਾਂ ਦੀ ਵਰਤੋਂ ਕਰ ਰਿਹਾ ਸੀ। ਉਹ ਸਾਥੀ ਨਾਲ ਮਨਾਲੀ ਚਲਿਆ ਗਿਆ ਸੀ। ਪੁਲੀਸ ਟੀਮ ਮਨਾਲੀ ਭੇਜੀ ਗਈ। ਇਸ ਦੌਰਾਨ ਰਵੀ ਅਤੇ ਹਿਤੇਸ਼ ਦਿੱਲੀ ਵਾਪਸ ਜਾਣ ਲਈ ਬੱਸ ਵਿੱਚ ਸਵਾਰ ਹੋਏ ਸਨ। ਟੀਮ ਨੇ ਹਰਿਆਣਾ ਦੇ ਮੂਰਥਲ ਵਿੱਚ ਬੱਸ ਨੂੰ ਰੋਕਿਆ ਅਤੇ ਦੋਵਾਂ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਰਵੀ ਨੇ ਔਰਤ ’ਤੇ ਗੈਰ-ਕਾਨੂੰਨੀ ਪਿਸਤੌਲ ਨਾਲ ਗੋਲੀਬਾਰੀ ਕਰਨ ਦੀ ਗੱਲ ਕਬੂਲ ਕੀਤੀ। ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਦੋਸਤ ਦੇ ਘਰ ਤੋਂ ਪਿਸਤੌਲ ਬਰਾਮਦ ਕੀਤੀ ਗਈ।