ਭੇਤ-ਭਰੀ ਹਾਲਤ ’ਚ ਮਹਿਲਾ ਲਾਪਤਾ
ਜਗਮੋਹਨ ਸਿੰਘ
ਰੂਪਨਗਰ, 8 ਜੂਨ
ਘਨੌਲੀ ਵਿੱਚ ਕੰਪਿਊਟਰ ਸੈਂਟਰ ਚਲਾ ਰਹੀ ਪਿੰਡ ਬਿੱਕੋਂ ਦੀ ਸਵਰਨਜੀਤ ਕੌਰ (36) ਦਾ ਸਕੂਟਰ ਤੇ ਉਸ ਦੇ ਪਤੀ ਦੀ ਰਿਸ਼ਤੇਦਾਰੀ ’ਚੋਂ ਲਗਦੇ ਭਤੀਜੇ ਦੀ ਕਾਰ ਪਿੰਡ ਨਵਾਂ ਮਲਿਕਪੁਰ ਨੇੜਿਓਂ ਭੇਤ-ਭਰੀ ਹਾਲਤ ਵਿੱਚ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨ ਭਾਖੜਾ ਨਹਿਰ ਕਿਨਾਰੇ ਸੈਰ ਰਹੇ ਲੋਕਾਂ ਨੇ ਨਵਾਂ ਮਲਿਕਪੁਰ ਨੇੜੇ ਭਾਖੜਾ ਨਹਿਰ ਕਿਨਾਰੇ ਸਕੂਟਰ ਅਤੇ ਕਾਰ ਖੜ੍ਹੀ ਦੇਖ ਕੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਸਦਰ ਰੂਪਨਗਰ ਪੁਲੀਸ ਤਾਂ ਸਕੂਟਰ ਚਾਲਕ ਦੀ ਪਛਾਣ ਸਵਰਨਜੀਤ ਕੌਰ (36) ਤੇ ਕਾਰ ਚਾਲਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਪਿੰਡ ਢਾਂਗ ਨਿੱਚਲੀ ਦੇ ਕਰਨਦੀਪ ਸਿੰਘ (26) ਵਜੋਂ ਹੋਈ। ਜਾਣਕਾਰੀ ਅਨੁਸਾਰ ਸਵਰਨਜੀਤ ਘਨੌਲੀ ਵਿੱਚ ਕੰਪਿਊਟਰ ਸੈਂਟਰ ਚਲਾ ਰਹੀ ਸੀ ਤੇ ਦੋ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਕਰਨਦੀਪ ਸਿੰਘ ਦਾ ਸਵਰਨਜੀਤ ਕੌਰ ਕੋਲ ਕਾਫ਼ੀ ਆਉਣਾ-ਜਾਣਾ ਸੀ। ਉਹ ਉਸ ਦੇ ਪਤੀ ਦੇ ਨਾਨਕਾ ਪਰਿਵਾਰ ਵਿੱਚੋਂ ਹੈ। ਦੋਵੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਦੋਵਾਂ ਦੇ ਪਰਿਵਾਰ ਸਹਿਮਤ ਨਹੀਂ ਸਨ। ਬੀਤੇ ਦਿਨ ਤੋਂ ਸਵਰਨਜੀਤ ਕੌਰ ਅਤੇ ਕਰਨਦੀਪ ਸਿੰਘ ਤੋਂ ਇਲਾਵਾ ਸਵਰਨਜੀਤ ਦੇ ਦੋਵੇਂ ਬੱਚੇ ਜਸਕੀਰਤ ਸਿੰਘ (13) ਅਤੇ ਹਰਕੀਰਤ ਸਿੰਘ (8) ਵੀ ਲਾਪਤਾ ਹਨ। ਪੁਲੀਸ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਹਾਲੇ ਤਕ ਚਾਰਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।