ਦੋ ਨਸ਼ਾ ਤਸਕਰ ਸੌ ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 29 ਜਨਵਰੀ
ਦਿਹਾਤੀ ਪੁਲੀਸ ਦੇ ਸੀਆਈਏ ਸਟਾਫ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਉਰਫ਼ ਕਰਨ (22) ਪੁੱਤਰ ਕੁਲਵਿੰਦਰ ਵਾਸੀ ਵਾਰਡ ਨੰਬਰ 09, ਮੁਹੱਲਾ ਚੜ੍ਹੀ ਪੱਤੀ ਬੇਗੋਵਾਲ ਅਤੇ ਹੰਸਦੀਪ ਸਿੰਘ ਉਰਫ਼ ਨਿੱਕਾ (21) ਪੁੱਤਰ ਰਣਜੀਤ ਸਿੰਘ ਵਾਸੀ ਮੁਹੱਲਾ ਅਰਫਾਣਵਾਲਾ ਵਜੋਂ ਹੋਈ ਹੈ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇੱਕ ਵਿਸ਼ੇਸ਼ ਅਪਰੇਸ਼ਨ ਚਲਾਇਆ ਗਿਆ। ਸੀਆਈਏ ਸਟਾਫ ਜਲੰਧਰ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਨੇ ਇਸ ਅਪਰੇਸ਼ਨ ਦੀ ਅਗਵਾਈ ਕੀਤੀ। ਇਸ ਦੇ ਨਤੀਜੇ ਵਜੋਂ ਇਹ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ।
ਐੱਸਐੱਸਪੀ ਖੱਖ ਨੇ ਕਿਹਾ ਕਿ ਕਰਤਾਰਪੁਰ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਡਿਲਿਵਰੀ ਬਾਰੇ ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ, ਐੱਸਆਈ ਨਿਰਮਲ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਭੇਜੀ ਗਈ ਸੀ। ਟੀਮ ਨੇ ਕਰਤਾਰਪੁਰ ਦੇ ਭੁਲੱਥ ਮੋੜ ਤੋਂ ਲਗਪਗ 100 ਮੀਟਰ ਦੀ ਦੂਰੀ ’ਤੇ ਮਹਾਰਾਜਾ ਹੋਟਲ ਦੇ ਨੇੜੇ ਇੱਕ ਆਲਟੋ ਕਾਰ ਨੂੰ ਰੋਕਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁਲਜ਼ਮਾਂ ਨੇ ਹੋਟਲ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਟੀਮ ਨੇ ਉਨ੍ਹਾਂ ਨੂੰ ਫੜ ਲਿਆ।
ਸ੍ਰੀ ਖੱਖ ਨੇ ਦੱਸਿਆ ਕਿ ਵਾਹਨ ਦੀ ਤਲਾਸ਼ੀ ਦੌਰਾਨ ਪੁਲੀਸ ਨੇ ਕਾਰ ਦੇ ਡੈਸ਼ਬੋਰਡ ’ਤੇ ਮੋਮ ਨਾਲ ਲਪੇਟੇ ਪੈਕੇਟ ਵਿੱਚੋਂ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਇਸ ਨੂੰ ਜੋਖਿਆ ਗਿਆ ਤਾਂ ਇਸ ਵਜ਼ਨ 100 ਗ੍ਰਾਮ ਸੀ।