ਦੋਸਤ ਦਾ ਕਤਲ ਕਰ ਕੇ ਲਾਸ਼ ਨਹਿਰ ’ਚ ਸੁੱਟੀ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 4 ਫਰਵਰੀ
ਇੱਥੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਸਤ ਦਾ ਕਤਲ ਕਰ ਦਿੱਤਾ। ਥਾਣਾ ਜੁਲਕਾਂ ਨੇ ਜਸਵੀਰ ਸਿੰਘ ਵਾਸੀ ਪਿੰਡ ਮਸੀਂਗਣ ਅਤੇ ਕੁਝ ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪਿੰਡ ਮਸੀਂਗਣ ਦੀ ਰਜਵੰਤ ਕੌਰ ਪਤਨੀ ਜਗਤਾਰ ਸਿੰਘ ਨੇ ਥਾਣਾ ਜੁਲਕਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਲੜਕਾ ਮੇਜਰ ਸਿੰਘ (25) ਆਪਣੇ ਦੋਸਤ ਜਸਵੀਰ ਸਿੰਘ ਨਾਲ ਕਿਸੇ ਕੰਮ ਪਟਿਆਲਾ ਗਿਆ ਸੀ ਪਰ ਉਹ ਸ਼ਾਮ ਤੱਕ ਨਹੀਂ ਆਇਆ।
ਉਨ੍ਹਾਂ ਜਦੋਂ ਜਸਵੀਰ ਸਿੰਘ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਜਰ ਸਿੰਘ ਸ਼ਾਮ ਨੂੰ ਦੇਵੀਗੜ੍ਹ ਉਤਰ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਰਜਵੰਤ ਕੌਰ ਅਨੁਸਾਰ ਕਾਫ਼ੀ ਭਾਲ ਕਰਨ ’ਤੇ ਪਤਾ ਲੱਗਾ ਕਿ ਨਰਵਾਣਾ ਬ੍ਰਾਂਚ ਭਾਖੜਾ ਨਹਿਰ ਹੈੱਡ ਡੇਲੋਮਾਜਰਾ ਕੋਲ ਲਾਸ਼ ਪਈ ਹੈ। ਉਨ੍ਹਾਂ ਜਦੋਂ ਜਾ ਕੇ ਦੇਖਿਆ ਤਾਂ ਉਹ ਲਾਸ਼ ਮੇਜਰ ਸਿੰਘ ਦੀ ਹੀ ਨਿਕਲੀ।
ਇਸ ਸਬੰਧੀ ਜਦੋਂ ਪੁਲੀਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਜਸਵੀਰ ਸਿੰਘ ਨੇ ਆਪਣੇ ਹੋਰ ਦੋਸਤਾਂ ਨਾਲ ਮਿਲ ਕੇ ਮੇਜਰ ਸਿੰਘ ਦਾ ਕਤਲ ਕਰ ਕੇ ਉਸ ਦੀ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਜਸਵੀਰ ਸਿੰਘ ਵਾਸੀ ਪਿੰਡ ਮਸੀਂਗਣ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 103 (1), 3 (5) ਬੀਐੱਨਐੱਸ ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।