ਦੋਪਹੀਆ ਵਾਹਨ ਚੋਰੀ ਕਰਨ ਵਾਲਾ ਗਰੋਹ ਕਾਬੂ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਫਰਵਰੀ
ਥਾਣਾ ਅਨਾਜ ਮੰਡੀ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਇੱਕ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੇ ਸੱਤ ਮੋਟਰਸਾਈਕਲ ਅਤੇ 2 ਸਕੂਟਰੀਆਂ ਬਰਾਮਦ ਕੀਤੀਆਂ ਹਨ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸੁਖਵਿੰਦਰ ਗਿੱਲ ਤੇ ਟੀਮ ਨੇ ਇਹ ਕਾਰਵਾਈ ਐੱਸਪੀ ਸਿਟੀ ਸਰਫਰਾਜ਼ ਆਲਮ ਆਈਪੀਐੱਸ ਅਤੇ ਡੀਐੱਸਪੀ ਸਿਟੀ-2 ਮਨੋਜ ਗੋਰਸੀ ਦੀ ਨਿਗਰਾਨੀ ਹੇਠਾਂ ਅਮਲ ’ਚ ਲਿਆਂਦੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ’ਚ ਗੁਰਪ੍ਰੀਤ ਸਿੰਘ ਗੁਰੀ ਉਰਫ ਘਾਗੀ, ਸਨੀ ਸਿੰਘ ਉਰਫ ਸਨੀ ਵਾਸੀਆਨ ਪਿੰਡ ਅਲੀਪੁਰ ਅਰਾਈਆਂ ਸਮੇਤ ਗੁਰਸੇਵਕ ਸਿੰਘ ਸੈਬੀ ਵਾਸੀ ਪਿੰਡ ਭਟੇੜੀ ਕਲਾਂ ਥਾਣਾ ਸਦਰ ਪਟਿਆਲਾ ਦੇ ਨਾਮ ਸ਼ਾਮਲ ਹਨ। ਉਨ੍ਹਾਂ ਨੂੰ ਇੱਕ ਫਰਵਰੀ 2025 ਨੂੰ ਥਾਣਾ ਅਨਾਜ ਮੰਡੀ ਵਿੱਚ ਦਰਜ ਹੋਏ ਕੇਸ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਇੰਸਪੈਕਟਰ ਸੁਖਵਿੰਦਰ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਵਿਚੋਂ ਇੱਕ ਪਹਿਲਾਂ ਮੋਟਰਸਾਈਕਲ ਮਕੈਨਿਕ ਰਿਹਾ ਹੈ ਤੇ ਫਿਰ ਇਨ੍ਹਾਂ ਦੀ ਦੋਸਤੀ ਹੋ ਗਈ ਜਿਸ ਮਗਰੋਂ ਇਨ੍ਹਾਂ ਨੂੰ ਗਰੋਹ ਬਣਾ ਕੇ ਦੋਪਹੀਆ ਵਾਹਨਾਂ ਦੀਆਂ ਚੋਰੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਅਧਿਕਾਰੀ ਅਨੁਸਾਰ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਮਗਰੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।