ਦੋਧੀਆਂ ਨੇ ਢੋਲ ਕਿੱਲੇ ਟੰਗੇ

ਪਿੰਡ ਦਾ ਇੱਕ ਦੋਧੀ ਆਪਣੇ ਖ਼ਾਲੀ ਪਏ ਢੋਲ ਦਿਖਾਉਂਦਾ ਹੋਇਆ। ਫੋਟੋ: ਪੰਜਾਬੀ ਟ੍ਰਿਬਿਊਨ

ਮਨੋਜ ਸ਼ਰਮਾ
ਬਠਿੰਡਾ, 25 ਮਾਰਚ
ਸ਼ਹਿਰ ਵਿਚ ਕਰਫ਼ਿਊ ਦੇ ਚੱਲਦਿਆਂ ਡੋਰ ਟੂ ਡੋਰ ਸਰਵਿਸ ਦੇਣ ਵਾਲੇ ਦੋਧੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਨਾਰਾਜ਼ ਹਨ ਪਰ ਵੇਰਕੇ ਦੀਆਂ ਗੱਡੀਆਂ ਅਤੇ ਬੂਥਾਂ ’ਤੇ ਦੁੱਧ ਲੈਣ ਵਾਲਿਆਂ ਦੀ ਭੀੜ ਹੈ, ਕਰੋਨਾਵਾਇਰਸ ਦੇ ਖ਼ਤਰੇ ਨੂੰ ਟਾਲਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਤੱਕ ਬੁਨਿਆਦੀ ਵਸਤਾਂ ਪੁੱਜਦੀਆਂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲ ਕੀਤੀ ਹੈ ਪਰ ਸਰਕਾਰ ਦਾ ਫ਼ੈਸਲਾ ਦੋਧੀਆਂ ਨੂੰ ਰਾਸ ਨਹੀਂ ਆ ਰਿਹਾ ਜਿਸ ਕਾਰਨ ਪੇਂਡੂ ਖੇਤਰ ਵਿਚੋਂ ਦੁੱਧ ਦੀ ਸਪਲਾਈ ਕਰਨ ਵਾਲੇ ਦੋਧੀਆਂ ਨੇ ਢੋਲ ਕਿੱਲੀ ’ਤੇ ਟੰਗ ਦਿੱਤਾ ਹੈ। ਦੋਧੀ ਯੂਨੀਅਨ ਦੇ ਸ਼ਹਿਰ ਪ੍ਰਧਾਨ ਜਰਨੈਲ ਸਿੰਘ ਬੰਗੀ ਅਤੇ ਪੇਂਡੂ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਡੋਰ ਟੂ ਡੋਰ ਸਰਵਿਸ ਦੇ ਰਹੇ ਹਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ ਜਦੋਂ ਕਿ ਦੂਜੇ ਜ਼ਿਲ੍ਹਿਆਂ ਅੰਦਰ ਦੋਧੀਆਂ ਨੂੰ ਡੋਰ ਟੂ ਡੋਰ ਸਰਵਿਸ ਦੇਣ ਦੀ ਝੰਡੀ ਮਿਲ ਚੁੱਕੀ ਹੈ ਪਰ ਬਠਿੰਡਾ ਵਿਚ ਨਹੀਂ। ਦੋਧੀ ਯੂਨੀਅਨ ਦੇ ਆਗੂਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣ ਸੀ ਕਿ ਉਨ੍ਹਾਂ ਨੂੰ ਸ਼ਹਿਰ ਵਿਚ ਦੁੱਧ ਸਪਲਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਪਰ ਕਰਫ਼ਿਊ ਤੇ ਚੱਲਦਿਆਂ ਪੁਲੀਸ ਉਨ੍ਹਾਂ ਦੀ ਇੱਕ ਨਹੀਂ ਸੁਣ ਰਹੀ ਜਦੋਂ ਸ਼ਹਿਰ ਵਿਚ ਗ੍ਰਾਹਕਾਂ ਦੇ ਫ਼ੋਨ ਆ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਥੈਲੀਆਂ ਵਾਲਾ ਦੁੱਧ ਨਹੀਂ ਪੀਂਦੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਕਰਫ਼ਿਊ ਪਾਸ ਬਣਾ ਕੇ ਦਿੱਤੇ ਜਾਣ ਤਾਂ ਜੋ ਉਨ੍ਹਾਂ ਰੋਜ਼ੀ ਰੋਟੀ ਚੱਲ ਸਕੇ। ਪਰ ਪੰਜਾਬ ਦੇ ਸਹਿਕਾਰੀ ਅਦਾਰੇ ਵੇਰਕਾ ਨੂੰ ਦੋਧੀਆਂ ਤੇ ਪਾਬੰਦੀ ਖ਼ੂਬ ਰਾਸ ਆ ਰਹੀ ਹੈ ਜਿਸ ਨੇ ਬਠਿੰਡਾ ਸ਼ਹਿਰ ਵਿਚ ਦੁੱਧ ਦੀ ਸਪਲਾਈ ਦੀ ਕਮਾਂਡ ਸੰਭਾਲੀ ਹੋਈ ਹੈ। ਕਰਫ਼ਿਊ ਤੇ ਚੱਲਦਿਆਂ ਸਵੇਰੇ ਹੀ ਵੇਰਕਾ ਦੇ ਵਾਹਨ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿਚ ਵੇਰਕਾ ਸਟਾਫ਼ ਨੇ ਘਰ-ਘਰ ਜਾ ਕੇ ਲੋਕਾਂ ਨੂੰ ਮੰਗ ਅਨੁਸਾਰ ਦੁੱਧ ਸਪਲਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਕਰਫ਼ਿਊ ਦੌਰਾਨ ਅਤਿ ਜ਼ਰੂਰੀ ਵਸਤਾਂ ਦੀ ਸਪਲਾਈ ਲੋਕਾਂ ਤੱਕ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ। ਉਧਰ ਇਸ ਸਬੰਧੀ ਵੇਰਕਾ ਦੇ ਜਨਰਲ ਮੈਨੇਜਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਵੇਰਕਾ ਦੇ ਸਟਾਫ਼ ਨੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਕੇ ਸਪਲਾਈ ਕੀਤਾ ਜਾ ਰਹੀ ਹੈ ਅਤੇ ਵੇਰਕਾ ਵੱਲੋਂ ਅੱਗੇ ਵੀ ਇਸੇ ਤਰ੍ਹਾਂ ਸਪਲਾਈ ਜਾਰੀ ਰੱਖੀ ਜਾਵੇਗੀ। ਵੇਰਕਾ ਵੱਲੋਂ ਹੈਲਪ ਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ।