ਦੋਗਾਣਾ-ਸ਼ੈਲੀ ਦਾ ਹਸਤਾਖ਼ਰ ਹਰਚਰਨ ਗਰੇਵਾਲ
ਭੋਲਾ ਸਿੰਘ ਸ਼ਮੀਰੀਆ
ਇੱਕ ਸਮਾਂ ਸੀ ਜਦੋਂ ਦੋਗਾਣਾ-ਸ਼ੈਲੀ (ਅਖਾੜਾ ਕਲਚਰ) ਦੀ ਕਲਾ ਨੂੰ ਸੁਣਨ ਲਈ ਲੋਕ ਦੂਰੋਂ-ਦੂਰੋਂ ਚੱਲ ਕੇ ਆਇਆ ਕਰਦੇ ਸਨ। ਪੇਂਡੂ ਹਲਕਿਆਂ ਵਿੱਚ ਅਖਾੜਿਆਂ ਦੀ ਤੂਤੀ ਬੋਲਦੀ ਸੀ। ਲੋਕ ਪਹਿਲਾਂ ਹੀ ਆਪਣੇ ਕੰਮ ਧੰਦੇ ਮੁਕਾ ਕੇ ਅਖਾੜਾ ਸੁਣਨ ਲਈ ਤਿਆਰ ਹੋ ਜਾਂਦੇ ਸਨ। ਅਸਲ ਵਿੱਚ ਉਸ ਸਮੇਂ ਅਖਾੜਾ ਸੱਭਿਆਚਾਰ ਲੋਕਾਂ ਦੀ ਹਰਮਨ ਪਿਆਰੀ ਵਿਧਾ ਸੀ।
ਅਖਾੜਾ ਕਲਚਰ ਦੀਆਂ ਵਰਣਨਯੋਗ ਤੇ ਚਰਚਿਤ ਸ਼ਖ਼ਸੀਅਤਾਂ ਸਨ ਚਾਂਦੀ ਰਾਮ, ਮੁਹੰਮਦ ਸਦੀਕ, ਦੀਦਾਰ ਸੰਧੂ, ਲਾਲ ਚੰਦ ਯਮਲਾ ਜੱਟ, ਕਰਨੈਲ ਗਿੱਲ, ਜਗਤ ਸਿੰਘ ਜੱਗਾ, ਕਰਮਜੀਤ ਧੂਰੀ, ਗੁਰਚਰਨ ਪੋਹਲੀ, ਕਰਤਾਰ ਰਮਲਾ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਹਾਕਮ ਬਖਤੜੀ ਵਾਲਾ, ਅਮਰ ਸਿੰਘ ਚਮਕੀਲਾ, ਸਰਦੂਲ ਸਿਕੰਦਰ, ਜਸਵੰਤ ਸੰਦੀਲਾ ਆਦਿ, ਜਿਨ੍ਹਾਂ ਨੇ ਦੋਗਾਣਾ-ਸ਼ੈਲੀ ਰਾਹੀ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਇਸਤਰੀ ਕਲਾਕਾਰਾਂ ਵਿੱਚ ਰਾਜਿੰਦਰ ਰਾਜਨ, ਨਰਿੰਦਰ ਬੀਬਾ, ਜਗਮੋਹਣ ਕੌਰ ਪਰਮਿੰਦਰ ਸੰਧੂ, ਮੋਹਣੀ ਨਰੂਲਾ, ਸਵਰਨ ਲਤਾ, ਸਨੇਹ ਲਤਾ, ਸੁਰਿੰਦਰ ਕੌਰ, ਕੁਲਦੀਪ ਕੌਰ, ਰਣਜੀਤ ਕੌਰ, ਸੁਚੇਤ ਬਾਲਾ, ਸੁਖਵੰਤ ਕੌਰ ਸੁੱਖੀ, ਗੁਲਸ਼ਨ ਕੋਮਲ, ਸੁਦੇਸ਼ ਕਪੂਰ ਆਦਿ ਕਲਾਕਾਰ ਸਨ ਜਿਨ੍ਹਾਂ ਨੇ ਦੋਗਾਣਾ ਕਲਚਰ ਵਿੱਚ ਆਪਣਾ ਨਾਮ ਕਮਾਇਆ।
ਅਖਾੜਾ ਸ਼ੈਲੀ ਦਾ ਮੁੱਢਲਾ ਹਸਤਾਖਰ ਹਰਚਰਨ ਗਰੇਵਾਲ ਸੀ ਜੋ ਇਸ ਸ਼ੈਲੀ ਨੂੰ ਸਿਖਰ ਵੱਲ ਲੈ ਕੇ ਗਿਆ। ਹਰਚਰਨ ਸਿੰਘ ਗਰੇਵਾਲ ਦਾ ਪਰਿਵਾਰਕ ਪਿਛੋਕੜ ਪਾਕਿਸਤਾਨ ਦਾ ਹੈ। ਦੇਸ਼ ਦੀ ਵੰਡ ਸਮੇਂ ਇਸ ਪਰਿਵਾਰ ਨੇ ਇੱਧਰ ਚੜ੍ਹਦੇ ਪੰਜਾਬ ਵਿੱਚ ਆ ਡੇਰੇ ਲਾਏ। ਉਸ ਦਾ ਜਨਮ ਪਹਿਲੀ ਅਕਤੂਬਰ 1930 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 76 ਵਿਖੇ ਗੌਹਰ ਸਿੰਘ ਗਰੇਵਾਲ ਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਦੇਸ਼ ਦੀ ਵੰਡ ਸਮੇਂ ਹਰਚਰਨ ਸਿੰਘ ਦੀ ਉਮਰ ਤਕਰੀਬਨ 17 ਸਾਲਾਂ ਸੀ। ਚੜ੍ਹਦੇ ਪੰਜਾਬ ਵਿੱਚ ਇਸ ਪਰਿਵਾਰ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਮਾਲਪੁਰ ਵਿਖੇ ਆ ਧੂਣਾ ਲਾਇਆ। ਇਸ ਪਰਿਵਾਰ ਦੀ ਗੁਰੂੂੁ ਘਰ ਪ੍ਰਤੀ ਬਹੁਤ ਸ਼ਰਧਾ ਸੀ। ਉਸ ਦੇ ਪਿਤਾ ਗੌਹਰ ਸਿੰਘ ਗਰੇਵਾਲ ਤੇ ਗੌਹਰ ਸਿੰਘ ਦਾ ਭਰਾ ਗੁਰਮੁਖ ਸਿੰਘ ਗਰੇਵਾਲ ਗੁਰੂ ਘਰ ਦੇ ਪਾਠੀ ਵੀ ਸਨ ਤੇ ਦੋਵੇਂ ਭਰਾ ਕੀਰਤਨ ਵੀ ਕਰਿਆ ਕਰਦੇ ਸਨ। ਜਮਾਲਪੁਰ ਵਿੱਚ ਇਸ ਪਰਿਵਾਰ ਨੂੰ ਜ਼ਮੀਨ ਅਲਾਟ ਹੋਣ ਕਰਕੇ ਇਨ੍ਹਾਂ ਨੇ ਇੱਥੇ ਹੀ ਪੱਕੇ ਡੇਰੇ ਲਾ ਲਏ।
ਹਰਚਰਨ ਗਰੇਵਾਲ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸ਼ੁਰੂ ਸ਼ੁਰੂ ਵਿੱਚ ਉਸ ਨੇ ਹਲ਼ ਵੀ ਵਾਹਿਆ ਤੇ ਟਰੱਕ ਡਰਾਇਵਰੀ ਵੀ ਕੀਤੀ। 1950 ਵਿੱਚ ਉਸ ਦਾ ਵਿਆਹ ਵਰਿਆਮ ਸਿੰਘ ਚੀਮਾ ਦੀ ਪੁੱਤਰੀ ਸੁਰਜੀਤ ਕੌਰ ਨਾਲ ਹੋਇਆ। ਪ੍ਰਸਿੱਧ ਗੀਤਕਾਰ ਗੁਰਦੇਵ ਸਿੰਘ ਮਾਨ ਨਾਲ ਹਰਚਰਨ ਗਰੇਵਾਲ ਦੀ ਮਿਲਣੀ ਇੱਕ ਢਾਬੇ ’ਤੇ ਰੋਟੀ ਖਾਂਦਿਆ ਹੋਈ। ਹਰਚਰਨ ਗਰੇਵਾਲ ਨੂੰ ਗਾਉਣ ਦਾ ਸ਼ੌਕ ਹੋਣ ਕਾਰਨ, ਉਹ ਰੋਟੀ ਖਾਣ ਸਮੇਂ ਗਾਉਣ ਲੱਗ ਪਿਆ। ਗੁਰਦੇਵ ਸਿੰਘ ਮਾਨ ਨੂੰ ਉਸ ਦੀ ਆਵਾਜ਼ ਬਹੁਤ ਵਧੀਆ ਲੱਗੀ। ਫਿਰ ਉਨ੍ਹਾਂ ਦੀ ਨੇੜਤਾ ਵਧ ਗਈ। ਗੁਰਦੇਵ ਮਾਨ ਉਸ ਨੂੰ ਆਪਣੇ ਨਾਲ ਸਟੇਜਾਂ ’ਤੇ ਲਿਜਾਣ ਲੱਗਾ। ਫਿਰ ਗੁਰਦੇਵ ਸਿੰਘ ਮਾਨ ਉਸ ਨੂੰ ਜਸਵੰਤ ਭੰਵਰਾ ਕੋਲ ਲੈ ਗਿਆ। ਭੰਵਰਾ ਦੀ ਜੌਹਰੀ ਅੱਖ ਹੀਰਾ ਪਛਾਣ ਲੈਂਦੀ ਸੀ। ਹਰਚਰਨ ਗਰੇਵਾਲ ਨੇ ਭੰਵਰੇ ਨੂੰ ਆਪਣਾ ਉਸਤਾਦ ਧਾਰ ਲਿਆ ਤੇ ਪੱਕੇ ਤੌਰ ’ਤੇ ਉਸ ਦੇ ਚਰਨੀਂ ਜਾ ਲੱੱਗਿਆ।
ਗੁਰਦੇਵ ਮਾਨ ਨੇ ਹੀ ਹਰਚਰਨ ਗਰੇਵਾਲ ਨੂੰ ਲੋਕ ਸੰਪਰਕ ਵਿਭਾਗ ਵਿੱਚ ਭਰਤੀ ਕਰਵਾਇਆ। ਗਰੇਵਾਲ ਦੀ ਆਵਾਜ਼ ਵਿੱਚ ਕਾਫ਼ੀ ਨਿਖਾਰ ਆ ਚੁੱਕਾ ਸੀ। ਫਿਰ ਭੰਵਰਾ ਨੇ ਹਰਚਰਨ ਗਰੇਵਾਲ ਦਾ ਰਾਜਿੰਦਰ ਰਾਜਨ ਨਾਲ ਸੈੱਟ ਬਣਾ ਕੇ ਬਾਕਾਇਦਾ ਅਖਾੜਾ ਕਲਚਰ ਨਾਲ ਨਾਤਾ ਜੋੜ ਲਿਆ। ਇਹ ਜੋੜੀ ਆਪਣੇ ਜੋਬਨ ’ਤੇ ਸੀ। ਉੱਧਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੀ ਪਹਿਲੀ ਗੀਤਾਂ ਦੀ ਪੁਸਤਕ ‘ਗੀਤਾਂ ਦਾ ਵਣਜਾਰਾ’ ਮਾਰਕੀਟ ਵਿੱਚ ਆ ਚੁੱਕੀ ਸੀ। ਜਸਵੰਤ ਭੰਵਰਾ ਉਸ ਵਿਚਲੇ ਗੀਤਾਂ ਦੀ ਸ਼ੈਲੀ ਤੋਂ ਬਹੁਤ ਪ੍ਰਭਾਵਿਤ ਹੋਇਆ। ਸਬੱਬ ਨਾਲ ਇਨ੍ਹਾਂ ਦਾ ਅਖਾੜਾ ਵੀ ਮਰਾੜ੍ਹ ਪਿੰਡ ਦੇ ਨੇੜੇ ਹੀ ਕਿਸੇ ਪਿੰਡ ਵਿੱਚ ਲੱਗਿਆ ਹੋਇਆ ਸੀ। ਜਸਵੰਤ ਭੰਵਰਾ ਸਮੇਤ ਸਾਰੀ ਪਾਰਟੀ ਪਿੰਡ ਮਰਾੜ੍ਹ ਵਿਖੇ ਬਾਬੂ ਸਿੰਘ ਮਾਨ ਕੋਲ ਚਲੇ ਗਈ ਅਤੇ ਉਸ ਨੂੰ ਦੋਗਾਣਾ-ਸ਼ੈਲੀ ਦੇ ਗੀਤ ਲਿਖਣ ਦੀ ਸਲਾਹ ਦਿੱਤੀ ਤੇ ਵੰਨਗੀ ਵਜੋਂ ਜਸਵੰਤ ਭੰਵਰਾ ਨੇ ਕੁੱਝ ਗੀਤਾਂ ਦੇ ਹਵਾਲੇ ਵੀ ਦਿਖਾਏ। ਬਾਬੂ ਸਿੰਘ ਮਾਨ ਨੇ ਤੁਰੰਤ ‘ਆ ਗਿਆ ਵਣਜਾਰਾ ਨੀਂ, ਚੜ੍ਹਾ ਲੈ ਭਾਬੀ ਚੂੜੀਆਂ’ ਲਿਖ ਕੇ ਜਸਵੰਤ ਭੰਵਰਾ ਦੇ ਸਪੁਰਦ ਕਰ ਦਿੱਤਾ। ਉਹ ਗੀਤ ਪੜ੍ਹਕੇ ਬਹੁਤ ਖ਼ੁਸ਼ ਹੋਇਆ ਅਤੇ ਇਹ ਗੀਤ ਉਸੇ ਦਿਨ ਹਰਚਰਨ ਗਰੇਵਾਲ ਤੇ ਰਾਜਿੰਦਰ ਰਾਜਨ ਨੇ ਅਗਲੇ ਅਖਾੜੇ ਵਿੱਚ ਗਾ ਦਿੱਤਾ। ਲੋਕਾਂ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ। ਇਹ ਦੋਗਾਣਾ ਬਾਬੂ ਸਿੰਘ ਮਾਨ ਦਾ ਵੀ ਪਹਿਲਾ ਦੋਗਾਣਾ ਸੀ ਜੋ ਅੱਜ ਵੀ ਬੜੇ ਸ਼ੌਕ ਨਾਲ ਸੁਣਿਆ ਜਾਂਦਾ ਹੈ। ਇਸ ਗੀਤ ਦੀ ਚੜ੍ਹਤ ਵਿਦੇਸ਼ਾਂ ਵਿੱਚ ਵੀ ਪੈ ਚੁੱਕੀ ਸੀ। ਮੁਹਮੰਦ ਸਦੀਕ ਦਾ ਬਾਬੂ ਸਿੰਘ ਮਾਨ ਨਾਲ ਮੇਲ ਵੀ ਇਸੇ ਗਾਇਕ ਜੋੜੀ ਦੀ ਬਦੌਲਤ ਹੋਇਆ ਸੀ।
ਜਦੋਂ ਗਰੇਵਾਲ ਤੇ ਰਾਜਨ ਦੀ ਜੋੜੀ ਅਖਾੜਿਆਂ ਦੇ ਸਿਖਰ ’ਤੇ ਸੀ ਤਾਂ ਮੁਹੰਮਦ ਸਦੀਕ ਉਸ ਸਮੇਂ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰਦਾ ਸੀ। ਭੰਵਰੇ ਨੇ ਮੁਹੰਮਦ ਸਦੀਕ ਨੂੰ ਲੋਕ ਸੰਪਰਕ ਵਿਭਾਗ ਤੋਂ ਹਟਾ ਕੇ ਆਪਣੇ ਨਾਲ ਸਟੇਜਾਂ ਵੱਲ ਲੈ ਆਂਦਾ ਸੀ। ਭੰਵਰਾ, ਹਰਚਰਨ ਗਰੇਵਾਲ ਤੇ ਰਾਜਿੰਦਰ ਰਾਜਨ ਦੇ ਨਾਲ ਪਹਿਲੀ ਵਾਰ ਮੁਹੰਮਦ ਸਦੀਕ ਬਾਬੂ ਸਿੰਘ ਮਾਨ ਨਾਲ ਉਸ ਦੇ ਨਿਵਾਸ ਅਸਥਾਨ ’ਤੇ ਮਿਲਿਆ ਸੀ।
ਉਨ੍ਹਾਂ ਦਿਨਾਂ ਵਿੱਚ ਸਿਰਫ਼ ਐੱਚ.ਐੱਮ.ਵੀ. ਕੰਪਨੀ ਦਾ ਕੋਈ ਨਾ ਕੋਈ ਨੁਮਾਇੰਦਾ ਰਿਕਾਰਡਿੰਗ ਕਰਨ ਲਈ ਆਇਆ ਕਰਦਾ ਸੀ। ਲੁਧਿਆਣੇ ਭੰਵਰਾ ਸਾਹਿਬ ਦਾ ਚੁਬਾਰਾ ਕਲਾਕਾਰਾਂ ਦੀਆਂ ਸਮੁੱਚੀਆਂ ਗਤੀਵਿਧੀਆਂ ਦਾ ਕੇਂਦਰ ਬਿੰਦੂ ਹੋਇਆ ਕਰਦਾ ਸੀ। ਉੱਥੇ ਹੀ ਕਿਤੇ ਐੱਚ.ਐੱਮ.ਵੀ. ਕੰਪਨੀ ਦਾ ਮੈਨੇਜਰ ਬਾਬੂ ਸੰਤ ਰਾਮ ਆਇਆ ਹੋਇਆ ਸੀ। ਉਸ ਨੇ ਹਰਚਰਨ ਸਿੰਘ ਗਰੇਵਾਲ ਦੀ ਆਵਾਜ਼ ਸੁਣੀ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਸੰਤ ਰਾਮ ਨੇ ਉਸੇ ਸਮੇਂ ਹਰਚਰਨ ਗਰੇਵਾਲ ਨੂੰ ਰਿਕਾਰਡਿੰਗ ਲਈ ਤਰੀਕ ਦੇ ਦਿੱਤੀ। ਉਸ ਸਮੇਂ ਐੱਚ.ਐੱਮ.ਵੀ. ਵੱਲੋਂ ਰਿਕਾਰਡਿੰਗ ਲਈ ਤਰੀਕ ਮਿਲ ਜਾਣੀ ਹੀ ਮਾਣ ਵਾਲੀ ਗੱਲ ਹੁੰਦੀ ਸੀ। ਲਾਖ ਦੇ ਤਵੇ ਹੁੰਦੇ ਸਨ। ਸਿਰਫ਼ ਦੋ ਗੀਤ ਹੀ ਰਿਕਾਰਡ ਹੁੰਦੇ ਸਨ।
ਹਰਚਰਨ ਗਰੇਵਾਲ, ਗੁਰਦੇਵ ਸਿੰਘ ਮਾਨ ਦੇ ਦੋ ਗੀਤ ‘ਮੇਲੇ ਮੁਖਸਰ ਦੇ, ਚੱਲ ਚੱਲੀਏ ਨਣਦ ਦਿਆ ਵੀਰਾ‘ ਅਤੇ ‘ਕੱਤਣੀ ’ਚ ਰੋਣ ਪੂਣੀਆਂ, ਤੰਦ ਤੱਕਲੇ ਤੇ ਰੋਣ ਵਿਚਾਰੇ’ ਗਾ ਕੇ ਪੂਰੀ ਤਰ੍ਹਾਂ ਹਿੱਟ ਹੋ ਚੁੱਕਾ ਸੀ। ਫਿਰ ਉਸ ਦੀ ਪਹਿਲੀ ਦੋਗਾਣਾ ਰਿਕਾਰਡਿੰਗ ਨਰਿੰਦਰ ਬੀਬਾ ਨਾਲ ਹੋਈ। ਇਸ ਰਿਕਾਰਡਿੰਗ ਵਿੱਚ ਦੋ ਗੀਤ ਸਨ ‘ਊੜਾ ਆੜਾ ਈੜੀ ਸੱਸਾ ਹਾਹਾ ਊੜਾ ਆੜਾ ਵੇ, ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜਾ ਵੇ’, ਦੂਜਾ ਗੀਤ ਸੀ ‘ਅੱਡੀ ਮਾਰ ਝਾਂਜਰ ਛਣਕਾਈ ਨੀਂ, ਮਿੱਤਰਾਂ ਦਾ ਬੂਹਾ ਲੰਘ ਕੇ’ ਇਹ ਗੀਤ ਲੋਕਾਂ ਨੇ ਬੇਹੱਦ ਪਸੰਦ ਕੀਤੇ ਅਤੇ ਕੰਪਨੀ ਨੇ ਇਸ ਗੀਤ ਦੇ ਕਈ ਲਾਟ ਕੱਢੇ। ਸਾਖਰਤਾ ਮੁਹਿੰਮ ਵਿੱਚ ਇਸ ਗੀਤ ਦੀ ਕਾਫ਼ੀ ਚਰਚਾ ਹੁੰਦੀ ਰਹੀ। ਰੇਡੀਓ ’ਤੇ ਵੀ ਇਹ ਗੀਤ ਕਾਫ਼ੀ ਵੱਜਦਾ ਰਿਹਾ। ਇਸ ਤਰ੍ਹਾਂ ਨਰਿੰਦਰ ਬੀਬਾ ਨਾਲ ਉਸ ਦੇ 14 ਗੀਤ ਰਿਕਾਰਡ ਹੋਏ। ਫਿਰ ਹਰਚਰਨ ਗਰੇਵਾਲ ਨੇ ਸੁਰਿੰਦਰ ਕੌਰ ਨਾਲ ਲਗਭਗ ਚਾਰ ਦਰਜਨ ਗੀਤ ਰਿਕਾਰਡ ਕਰਵਾਏ। ਇਹ ਸਾਰੀ ਰਿਕਾਰਡਿੰਗ ਐੱਚ.ਐੱਮ.ਵੀ. ਕੰਪਨੀ ਵੱਲੋਂ ਕੀਤੀ ਗਈ। ਫਿਰ ਅੱਧੀ ਦਰਜਨ ਦੋਗਾਣੇ ਰਾਜਿੰਦਰ ਰਾਜਨ ਨਾਲ ਰਿਕਾਰਡ ਹੋਏ।
ਅੰਤ ਵਿੱਚ ਹਰਚਰਨ ਗਰੇਵਾਲ ਨੇ ਸੁਰਿੰਦਰ ਸੀਮਾ ਨਾਲ ਆਪਣਾ ਸੈੱਟ ਬਣਾ ਲਿਆ। ਲਗਭਗ ਤਿੰਨ ਦਰਜਨ ਤੋਂ ਵੱਧ ਦੋਗਾਣੇ ਸੁਰਿੰਦਰ ਸੀਮਾ ਨਾਲ ਰਿਕਾਰਡ ਹੋਏ। ਸੁਰਿੰਦਰ ਸੀਮਾ ਨਾਲ ਸਾਂਝ ਕਾਫ਼ੀ ਗੂੜ੍ਹੀ ਹੋ ਜਾਣ ਕਰਕੇ ਉਹ ਹਰਚਰਨ ਗਰੇਵਾਲ ਦੀ ਜੀਵਨ-ਸਾਥਣ ਬਣ ਗਈ। ਇਸ ਤਰ੍ਹਾਂ ਹਰਚਰਨ ਗਰੇਵਾਲ ਨੇ ਲਗਭਗ ਇੱਕ ਸੌ ਚੌਦਾਂ ਗੀਤ ਰਿਕਾਰਡ ਕਰਵਾਏ ਜੋ ਲੋਕਾਂ ਦੀ ਕਚਿਹਰੀ ਵਿੱਚ ਧੜੱਲੇ ਨਾਲ ਪ੍ਰਵਾਨੇ ਗਏ। ਉਸ ਦੇ ਗਾਏ ਹੋਏ ਚਰਚਿਤ ਗੀਤ ਹਨ;
•ਚੁੱਲ੍ਹੇ ਵਿੱਚ ਅੱਗ ਨਾ ਘੜੇ ਦੇ ਵਿੱਚ ਪਾਣੀ, ਨੀਂ ਛੜਿਆਂ ਦ ਜੂਨ ਬੁਰੀ।
•ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ।
•ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ, ਚਿੱਤ ਕਰੇ ਮੇਰਾ ਹਾਣੀਆਂ।
•ਗੱਡੀ ਵਿੱਚ ਬੁੱਲ੍ਹ ਸੁੱਕ ਗਏ, ਕਿਹੜੀ ਰੁੱਤ ਰੱਖਿਆ ਮੁਕਲਾਵਾ।
•ਮੋਟਰ ਮਿੱਤਰਾਂ ਦੀ, ਚੱਲ ਬਰਨਾਲੇ ਚੱਲੀਏ।
•ਆ ਗਿਆ ਵਣਜਾਰਾ ਨੀਂ ਚੜ੍ਹਾ ਲੈ ਭਾਬੀ ਚੂੜੀਆਂ।
•ਜੇ ਮੁੰਡਿਆ ਵੇ ਸਾਡੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ।
•ਬੋਤਾ ਹੌਲੀ ਤੋਰ ਮਿੱਤਰਾ ਵੇ, ਮੇਰਾ ਨਰਮ ਕਾਲਜਾ ਧੜਕੇ।
•ਹੋਇਆ ਕੀ ਜੇ ਕੁੜੀ ਐਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ।
•ਗੋਲ ਮਸ਼ਕਰੀ ਕਰ ਗਿਆ ਨੀਂ ਬਾਬਾ ਬਖਤੌਰਾ।
•ਨਾਲੇ ਹੂੰ ਕਰਕੇ, ਨਾਲੇ ਹਾਂ ਕਰਕੇ, ਗੇੜਾ ਦੇ ਦੇ ਨੀਂ ਮੁਟਿਆਰੇ ਲੰਮੀ ਬਾਂਹ ਕਰਕੇ।
•ਲੱਕ ਪਤਲਾ ਚਰ੍ਹੀ ਦੀ ਪੰਡ ਭਾਰੀ ਵੇ।
•ਮਿੱਤਰਾਂ ਦੇ ਟਿਊਬਵੈਲ ’ਤੇ ਲੀੜੇ ਧੋਣ ਦੇ ਬਹਾਨੇ ਆ ਜਾ।
•ਘੁੰਢ ਕੱਢਕੇ ਚਰ੍ਹੀ ਦਾ ਰੁੱਗ ਲਾਵਾਂ, ਛੜਾ ਜੇਠ ਕੁਤਰਾ ਕਰੇ।
ਹਰਚਰਨ ਗਰੇਵਾਲ ਨੇ ਯੂ.ਪੀ. ਵਿੱਚ ਪੀਲੀਭੀਤ ਦੇ ਲਾਗੇ 35 ਏਕੜ ਜ਼ਮੀਨ ਖ਼ਰੀਦ ਲਈ ਸੀ। ਪੰਜਾਬੀ ਲੇਖਕ ਗੁਲਜ਼ਾਰ ਸਿੰਘ ਸ਼ੌਂਕੀ ਨੇ ਇਸ ਕਲਾਕਾਰ ਦੀ ਸਮੁੱਚੀ ਜ਼ਿੰਦਗੀ ਬਾਰੇ ਇੱਕ ਕਿਤਾਬ ਲਿਖ ਕੇ ਇਸ ਕਲਾਕਾਰ ਦੀਆਂ ਪ੍ਰਾਪਤੀਆਂ ਨੂੰ ਦਸਤਾਵੇਜ਼ੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਅਜਿਹੇ ਕਲਾਕਾਰਾਂ ਦੀਆਂ ਪ੍ਰਾਪਤੀਆਂ ਨੂੰ ਸਾਂਭਣਾ ਆਉਣ ਵਾਲੀ ਪੀੜ੍ਹੀ ਲਈ ਅਗਵਾਈ-ਕਦਮ ਸਾਬਤ ਹੋ ਸਕਦੇ ਹਨ। ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜ ਰਤਨੀ ਦੇ ਜ਼ਿਆਦਾ ਸੇਵਨ ਨਾਲ ਇਹ ਮਹਾਨ ਹਸਤੀ 1990 ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਈ, ਪਰ ਉਹ ਆਪਣੀ ਦਿਲਕਸ਼ ਆਵਾਜ਼ ਨਾਲ ਅਮਰ ਹੋ ਚੁੱਕਾ ਹੈ।
ਸੰਪਰਕ: 95010-12199