ਦੇਸ਼ ਵਾਸੀਆਂ ਦੀ ਏਕਤਾ ਲਈ ਸੰਵਿਧਾਨ ਬਣਾਇਆ: ਸ਼ੈਲਜਾ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਕਾਲਾਂਵਾਲੀ ਵਿਖੇ ਗੁਰੂ ਰਵਿਦਾਸ ਸਭਾ ਅਤੇ ਬੀ.ਆਰ. ਅੰਬੇਡਕਰ ਸਭਾ ਕਾਲਾਂਵਾਲੀ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਮੁੱਖ ਮਹਿਮਾਨ ਅਤੇ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੇ ਲੋਕ ਇਹ ਭੁੱਲ ਜਾਂਦੇ ਹਨ ਕਿ ਆਜ਼ਾਦੀ ਦੀ ਲੜਾਈ ’ਚ ਇਹ ਲੋਕ ਅੰਗਰੇਜ਼ਾਂ ਨਾਲ ਮਿਲ ਜਾਇਆ ਕਰਦੇ ਸਨ। ਅੱਜ ਇਹ ਲੋਕ ਬਾਬਾ ਸਾਹਿਬ ਨੂੰ ਆਪਣਾ ਦੱਸ ਰਹੇ ਹਨ। ਆਜ਼ਾਦੀ ਤੋਂ ਬਾਅਦ ਪੂਰੀ ਦੁਨੀਆਂ ਇਹ ਦੇਖ ਰਹੀ ਸੀ ਕਿ ਇਸ ਦੇਸ਼ ਦਾ ਕੀ ਬਣੇਗਾ ਅਤੇ ਐਨੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਇਕੱਠਾ ਕਿਵੇਂ ਰੱਖਿਆ ਜਾਵੇਗਾ? ਉਸ ਸਮੇਂ ਦੇਸ਼ ਦੀ ਏਕਤਾ ਨੂੰ ਬਰਕਾਰ ਰੱਖਣ ਲਈ ਸੰਵਿਧਾਨ ਦੀ ਜ਼ਰੂਰਤ ਸੀ ਜਿਸ ਨੂੰ ਤਿਆਰ ਕਰਨ ਲਈ ਪੂਰੇ ਦੇਸ਼ ਵਿਚੋਂ ਕਾਬਲ ਵਿਅਕਤੀ ਭੀਮ ਰਾਓ ਅੰਬੇਡਕਰ ਸਨ।