ਦੇਸ਼ ਭਰ ’ਚ ਅੱਜ ਈਡੀ ਦਫ਼ਤਰਾਂ ਬਾਹਰ ਮੁਜ਼ਾਹਰੇ ਕਰੇਗੀ ਕਾਂਗਰਸ
ਦੇਸ਼ ਭਰ ’ਚ ਅੱਜ ਈਡੀ ਦਫ਼ਤਰਾਂ ਬਾਹਰ ਮੁਜ਼ਾਹਰੇ ਕਰੇਗੀ ਕਾਂਗਰਸ ਨਵੀਂ ਦਿੱਲੀ: ਕਾਂਗਰਸ ਆਗੂ ਕੇਸੀ ਵੇਣੂਗੋਪਾਲ ਨੇ ਅੱਜ ਕਿਹਾ ਕਿ ਉਹ ਆਗੂਆਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖ਼ਿਲਾਫ਼ ਈਡੀ ਰਾਹੀਂ ਕੀਤੀ ਜਾ ਰਹੀ ਬਦਲਾਲਊ ਕਾਰਵਾਈ ਖ਼ਿਲਾਫ਼ 16 ਅਪਰੈਲ ਨੂੰ ਦੇਸ਼ ਭਰ ’ਚ ਈਡੀ ਦੇ ਦਫ਼ਤਰਾਂ ਬਾਹਰ ਰੋਸ ਮੁਜ਼ਾਹਰੇ ਕਰੇਗੀ। ਉਨ੍ਹਾਂ ਐਕਸ ’ਤੇ ਕਿਹਾ ਕਿ ਇਸ ’ਚੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਨਿਰਾਸ਼ਾ ਦਾ ਪਤਾ ਲਗਦਾ ਹੈ ਕਿਉਂਕਿ ਉਹ ਆਮ ਲੋਕਾਂ ਦੇ ਮਸਲੇ ਹੱਲ ਕਰਨ ’ਚ ਨਾਕਾਮ ਰਹੇ ਹਨ ਤੇ ਲਗਾਤਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। -ਪੀਟੀਆਈ
ਲੁੱਟ ’ਚ ਸ਼ਾਮਲ ਲੋਕਾਂ ਨੂੰ ਕੀਮਤ ਚੁਕਾਉਣੀ ਪਵੇਗੀ: ਭਾਜਪਾ
ਨਵੀਂ ਦਿੱਲੀ: ਈਡੀ ਵੱਲੋਂ ਦੋਸ਼ ਪੱਤਰ ਦਾਖਲ ਕੀਤੇ ਜਾਣ ਮਗਰੋਂ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਅੱਜ ਭਾਜਪਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਜਨਤਕ ਜਾਇਦਾਦ ਦੀ ਲੁੱਟ ’ਚ ਸ਼ਾਮਲ ਲੋਕਾਂ ਨੂੰ ਹੁਣ ਇਸ ਦੀ ਕੀਮਤ ਚੁਕਾਉਣੀ ਪਵੇਗੀ। ਹਾਕਮ ਧਿਰ ਨੇ ਕਾਂਗਰਸ ਆਗੂਆਂ ’ਤੇ ਜਨਤਾ ਦੇ ਪੈਸੇ ਦੀ ਲੁੱਟ ’ਚ ਸ਼ਾਮਲ ਹੋਣ ਮਗਰੋਂ ਹਮਦਰਦੀ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ। ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਈਡੀ ਕਾਰਵਾਈ ਨੂੰ ਬਦਲਾਲਊ ਸਿਆਸਤ ਕਰਾਰ ਦੇਣ ਲਈ ਵਿਰੋਧੀ ਧਿਰ ਦੀ ਆਲੋਚਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ’ਚ ਕਾਰਵਾਈ ਅਦਾਲਤ ਦੇ ਹੁਕਮਾਂ ’ਤੇ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ, ‘ਕੀ ਉਨ੍ਹਾਂ ਦਾ ਮਤਲਬ ਹੈ ਕਿ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਬਦਲਾਲਊ ਕਾਰਵਾਈ ਕੀਤੀ ਹੈ?’ -ਪੀਟੀਆਈ