ਦੇਸ਼ ਭਗਤ ’ਵਰਸਿਟੀ ਨੇ ਬੂਟੇ ਲਾਏ

ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੇ ਯੂਨੀਵਰਸਿਟੀ ਸਕੂਲ ਆਫ ਲਾਅ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਲਈ ‘ਏਕ ਪੇੜ ਮਾਂ ਕੇ ਨਾਮ’ ਸਿਰਲੇਖ ਵਾਲੀ ਮੁਹਿੰਮ ਸ਼ੁਰੂ ਕੀਤੀ। ਇਸ ਦਾ ਉਦਘਾਟਨ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕੀਤਾ। ਡਾ. ਆਰਤੀ ਨੇ ਨਰਿੰਦਰ ਕੌਰ, ਵਾਰਡਨ ਪਰਮਜੀਤ ਕੌਰ, ਸੁਖਜਿੰਦਰ ਕੌਰ ਅਤੇ ਅੰਕਿਤਾ ਸਣੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਬੂਟੇ ਲਗਾਏ। ਖੇਤੀਬਾੜੀ ਅਤੇ ਜੀਵ ਵਿਗਿਆਨ ਫੈਕਲਟੀ ਦੇ ਐਗਰੀਮ ਕਲੱਬ ਨੇ ‘ਹਰਾ ਪੰਜਾਬ ਖਰਾ ਸਮਾਜ’ ਦੇ ਸਹਿਯੋਗ ਨਾਲ ‘ਏਕ ਪੇੜ ਮਾਂ ਕੇ ਨਾਮ’ ਦਾ ਪ੍ਰਬੰਧ ਕੀਤਾ। ਇਸ ਦੌਰਾਨ ਕਈ ਪਿੰਡਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਪ੍ਰੋ. ਡਾ. ਐੱਚਕੇ ਸਿੱਧੂ ਅਤੇ ਪ੍ਰੋ. ਡਾ. ਖੁਸ਼ਬੂ ਬਾਂਸਲ ਆਦਿ ਨੇ ਕੀਤੀ। -ਨਿੱਜੀ ਪੱਤਰ ਪ੍ਰੇਰਕ
ਬੇਲਾ ਕਾਲਜ ਨੂੰ ਐੱਫਡੀਪੀ ਲਈ ਗਰਾਂਟ ਜਾਰੀ
ਚਮਕੌਰ ਸਾਹਿਬ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੂੰ ਏਆਈਸੀਟੀਈ ਟ੍ਰੇਨਿੰਗ ਐਂਡ ਲਰਨਿੰਗ ਵੱਲੋਂ ਹਫ਼ਤਾਵਾਰੀ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਕਰਵਾਉਣ ਲਈ ਸਾਢੇ ਤਿੰਨ ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਹੋਈ ਹੈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਐਫਡੀਪੀ “ਇਨਹਾਂਸਿੰਗ ਪੈਡਾਗੋਜੀ ਵਿਦ ਡਿਜੀਟਲ ਮਾਰਕੀਟਿੰਗ ਟੈਕਨੀਜ਼” ਥੀਮ ’ਤੇ ਆਧਾਰਤ ਹੈ। ਇਸ ਐੱਫਡੀਪੀ ਸਬੰਧੀ ਜਾਣਕਾਰੀ ਦੇਣ ਵਾਲਾ ਬਰੌਸ਼ਰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਨੇ ਰਿਲੀਜ਼ ਕੀਤਾ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਪ੍ਰੋ. ਗੁਰਲਾਲ ਸਿੰਘ ਨੇ ਆਸ ਜਤਾਈ ਕਿ ਇਹ ਪ੍ਰੋਗਰਾਮ ਭਾਗੀਦਾਰਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ। ਇਸ ਦੌਰਾਨ ਮਾਹਿਰ ਬੁਲਾਰੇ ਜਾਣਕਾਰੀ ਸਾਂਝੀ ਕਰਨਗੇ। -ਨਿੱਜੀ ਪੱਤਰ ਪ੍ਰੇਰਕ
ਨਿਸ਼ਾਂਤ ਨੇ ਪਾਸ ਕੀਤੀ ਜੇਈਈ ਐਡਵਾਂਸਡ ਪ੍ਰੀਖਿਆ
ਬਨੂੜ: ਨਜ਼ਦੀਕੀ ਪਿੰਡ ਬੂਟਾ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀ ਨਿਸ਼ਾਂਤ ਥੰਮਣ ਨੇ ਜਨਰਲ ਵਰਗ ’ਚ 9612 ਰੈਂਕ ਹਾਸਲ ਕਰਕੇ ਜੇਈਈ ਅਡਵਾਂਸਡ ਪ੍ਰੀਖਿਆ ਪਾਸ ਕਰ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੰਘੇ ਦਿਨੀਂ ਪੰਜਾਬ ਦੇ ਜੇਈਈ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਰੱਖੇ ਸਮਾਰੋਹ ਵਿਚ ਨਿਸ਼ਾਂਤ ਥੰਮਣ ਨੂੰ ਵੀ ਸਨਮਾਨਿਆ ਗਿਆ। ਮੁਹਾਲੀ ਜ਼ਿਲ੍ਹੇ ਦੇ ਪੰਜ ਵਿਦਿਆਰਥੀਆਂ ਨੇ ਜੇਈਈ ਪ੍ਰੀਖ਼ਿਆ ਪਾਸ ਕੀਤੀ ਹੈ, ਜਿਨ੍ਹਾਂ ਵਿਚ ਚਾਰ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਹਨ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚੋਂ ਉਕਤ ਪ੍ਰੀਖਿਆ ਪਾਸ ਕਰਨ ਵਾਲਾ ਨਿਸਾਂਤ ਇਕਲੌਤਾ ਵਿਦਿਆਰਥੀ ਹੈ। ਨਿਸ਼ਾਂਤ ਬਨੂੜ ਸ਼ਹਿਰ ਦਾ ਵਸਨੀਕ ਹੈ। ਉਸ ਦੇ ਪਿਤਾ ਅਮਿਤ ਥੱਮਣ ਨੇ ਦੱਸਿਆ ਕਿ ਨਿਸ਼ਾਂਤ ਮੋਬਾਈਲ ਤੋਂ ਦੂਰ ਰਹਿੰਦਾ ਹੈ ਅਤੇ ਕੰਪਿਊਟਰ ਸਾਇੰਸ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ। -ਪੱਤਰ ਪ੍ਰੇਰਕ
ਪੁਸਤਕ ‘ਮਿੰਦਰ’ ਉੱਤੇ ਚਰਚਾ
ਚੰਡੀਗੜ੍ਹ: ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਸ਼ਾਇਰ ਮਿੰਦਰ ਦੀ ਕਾਵਿ ਪੁਸਤਕ ‘ਮਿੰਦਰ’ ਲੋਕ ਅਰਪਣ ਕੀਤੀ ਗਈ ਅਤੇ ਇਸ ’ਤੇ ਚਰਚਾ ਕਰਵਾਈ ਗਈ। ਆਲੋਚਕ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਇਹ ਕਵਿਤਾ ਬੱਝਵੇਂ ਬਿਰਤਾਂਤ ਦੀ ਕਵਿਤਾ ਨਹੀਂ, ਪਾਠਕ ਨੂੰ ਪਾਠ ਕਰਨ ਲਈ ਇਸ ‘ਤੇ ਮਿਹਨਤ ਕਰਨੀ ਪਵੇਗੀ। ਸ਼ਾਇਰ ਗੁਰਦੇਵ ਚੌਹਾਨ ਨੇ ਕਿਹਾ ਕਿ ਕੋਈ ਕੋਈ ਸਤਰ ਹੀ ਪੂਰੀ ਕਵਿਤਾ ਦਾ ਸੰਚਾਰ ਕਰਦੀ ਹੈ। ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਹਨਾਂ ਕਵਿਤਾਵਾਂ ਵਿਚ ਵੀ ਬਿਰਤਾਂਤ ਹੈ ਤੇ ਇਸ ਨੂੰ ਪੜ੍ਹਨ ਵਾਲ਼ੀ ਨਜ਼ਰ ਦੀ ਜ਼ਰੂਰਤ ਹੈ। ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕਿਹਾ ਕਿ ਇਹ ਸ਼ੁੱਧ ਨਵ ਕਵਿਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਇਸ ਕਿਤਾਬ ਦਾ ਆਉਣਾ ਸ਼ੁਭਸ਼ਗਨ ਹੈ। ਪ੍ਰਧਾਨਗੀ ਭਾਸ਼ਨ ਦਿੰਦਿਆਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਇਹ ਕਵਿਤਾ ਸੈੱਟ ਪੈਟਰਨਾਂ ਨੂੰ ਤੋੜਦੀ ਹੈ। ਸਮਾਗਮ ਦਾ ਸੰਚਾਲਨ ਜਗਦੀਪ ਸਿੱਧੂ ਨੇ ਨਿਭਾਇਆ। ਇਸ ’ਚ ਕਹਾਣੀਕਾਰ ਗੁਲ ਚੌਹਾਨ, ਬਲੀਜੀਤ, ਗੁਰਦੀਪ ਸਿੰਘ, ਅਵਤਾਰ ਸਿੰਘ ਅਜੀਤ ਆਦਿ ਨੇ ਸ਼ਮੂਲੀਅਤ ਕੀਤੀ। -ਸਾਹਿਤ ਪ੍ਰਤੀਨਿਧ
ਸਿੱਧ ਬਾਬਾ ਰੋੜੀ ਵਾਲੇ ਸਥਾਨ ’ਤੇ ਭੰਡਾਰਾ ਭਲਕੇ
ਅਮਲੋਹ: ਸਿੱਧ ਬਾਬਾ ਰੋੜੀ ਵਾਲੇ ਸਥਾਨ ਦੇ ਗੱਦੀ ਨਸ਼ੀਨ ਸਵਾਮੀ ਰਜਿੰਦਰ ਪੁਰੀ ਜੂਨਾ ਅਖਾੜਾ ਨੇ ਦੱਸਿਆ ਕਿ ਇੱਥੇ ਭਾਗਵਦ ਕਥਾ ਚੱਲ ਰਹੀ ਹੈ ਜੋ ਨੌਂ ਜੂਨ ਨੂੰ ਸਮਾਪਤ ਹੋਵੇਗੀ ਜਦੋਂਕਿ 10 ਜੂਨ ਨੂੰ ਅਤੁੱਟ ਭੰਡਾਰਾ ਚਲਾਇਆ ਜਾਵੇਗਾ। ਉਨ੍ਹਾਂ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਕਥਾ ਵਾਚਕ ਸਵਾਮੀ ਸ੍ਰੀ ਰਾਮਾਨੰਦ ਸਾਰਥੀ ਵਰਿੰਦਰਾਬਨ ਵਾਲਿਆਂ ਨੇ ਕਥਾ ਦਾ ਗੁਣਗਾਣ ਕੀਤਾ। ਸਮਾਗਮ ਵਿੱਚ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਵੈਦਿਕ ਸਨਾਤਨ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਰਾਜਪਾਲ ਗਰਗ, ਭਾਜਪਾ ਦੇ ਯੁਵਾ ਮੋਰਚੇ ਦੀ ਨੈਸ਼ਨਲ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਸੁਰਿੰਦਰ ਜਿੰਦਲ, ਪੰਡਤ ਦੀਪਕ ਸ਼ਰਮਾ, ਪੰਡਤ ਅਕਾਸ਼ ਸ਼ਰਮਾ, ਸੁੰਦਰ ਲਾਲ ਝੱਟਾ, ਗਿਆਨ ਸਿੰਘ ਲੱਲੋ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ