ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸ਼ੋਭਿਤ ਯੂਨੀਵਰਸਿਟੀ, ਗੰਗੋਹ ਨਾਲ ਸਮਝੌਤਾ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 4 ਜੁਲਾਈ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਵਾਈਸ ਚਾਂਸਲਰ ਡਾ. ਜ਼ੋਰਾ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਸ਼ੋਭਿਤ ਯੂਨੀਵਰਸਿਟੀ ਗੰਗੋਹ (ਉਤਰ ਪ੍ਰਦੇਸ਼) ਦੇ ਵੱਖ-ਵੱਖ ਵਿਭਾਗਾਂ ਨਾਲ ਤਿੰਨ ਇਤਿਹਾਸਕ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ। ਇਹ ਸਮਝੌਤੇ ਸਹਿਯੋਗੀ ਖੋਜ ਪ੍ਰਾਜੈਕਟਾਂ, ਸਰੋਤ ਸਾਂਝੇਦਾਰੀ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਸੈਮੀਨਾਰਾਂ ਅਤੇ ਕਾਨਫਰੰਸਾਂ ਦੇ ਸੰਗਠਨ ਨੂੰ ਪੇਸ਼ ਕਰਨ ਦੀ ਸਹੂਲਤ ਦੇਣਗੇ। ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਏ ਇੱਕ ਰਸਮੀ ਸਮਾਗਮ ਵਿੱਚ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਅਤੇ ਸ਼ੋਭਿਤ ਯੂਨੀਵਰਸਿਟੀ, ਗੰਗੋਹ ਦੇ ਵਾਈਸ ਚਾਂਸਲਰ ਡਾ. ਰਣਜੀਤ ਸਿੰਘ ਨੇ ਸਮਝੌਤਿਆਂ ਉਪਰ ਦਸਤਖ਼ਤ ਕੀਤੇ। ਇਸ ਮੌਕੇ ਡਾ. ਪਰਵੀਨ ਬਾਂਸਲ, ਡੀਨ, ਖੋਜ ਅਤੇ ਵਿਕਾਸ, ਸੁਰਿੰਦਰ ਕਪੂਰ ਰਜਿਸਟਰਾਰ, ਡਾ. ਕੁਲਭੂਸ਼ਣ ਡਾਇਰੈਕਟਰ ਆਯੁਰਵੇਦ, ਡਾ. ਪੂਜਾ ਗੁਲਾਟੀ ਡਾਇਰੈਕਟਰ, ਫ਼ਾਰਮੇਸੀ ਅਤੇ ਡਾ. ਹਰਵਿੰਦਰ ਕੌਰ ਸਿੱਧੂ, ਡੀਨ ਖੇਤੀਬਾੜੀ ਸ਼ਾਮਲ ਸਨ। ਇਸ ਮੌਕੇ ਡਾ. ਹਰਸ਼ ਸਦਾਵਰਤੀ ਨੇ ਰਵਾਇਤੀ ਅਤੇ ਆਧੁਨਿਕ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਰਣਜੀਤ ਸਿੰਘ ਨੇ ਭਾਰਤੀ ਮੈਡੀਕਲ ਪ੍ਰਣਾਲੀਆਂ ਅਤੇ ਫਾਰਮਾਸਿਊਟੀਕਲ ਵਿਗਿਆਨ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਯੂਨੀਵਰਸਿਟੀਆਂ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ।