ਦੇਸ਼ ਭਗਤ ਯੂਨੀਵਰਸਿਟੀ ਵਿੱਚ ਕੌਮੀ ਸੈਮੀਨਾਰ ਸਮਾਪਤ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 4 ਫਰਵਰੀ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੀ ਫੈਕਲਟੀ ਵੱਲੋਂ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈਸੀਐਸਐਸਆਰ) ਦੇ ਸਹਿਯੋਗ ਨਾਲ ‘ਵਸੁਧੈਵ ਕੁਟੁੰਬਕਮ: ਸੰਪੂਰਨ ਮਨੁੱਖੀ ਵਿਕਾਸ ਲਈ ਇੱਕ ਭਾਰਤ ਕੇਂਦਰਿਤ ਦ੍ਰਿਸ਼ਟੀਕੋਣ’ ਸਿਰਲੇਖ ’ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਦੂਸਰੇ ਦਿਨ ਜੀਜੀਐਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਨੌਜਵਾਨ ਪੀੜ੍ਹੀ ਵਿੱਚ ਕੁਰਬਾਨੀ ਅਤੇ ਸ਼ਰਧਾ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਮੁੱਖ-ਮਹਿਮਾਨ ਵਜੋਂ ਅਤੇ ਡਾ. ਤਜਿੰਦਰ ਕੌਰ, ਪ੍ਰੋ-ਚਾਂਸਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ. ਹਰਸ਼ ਸਦਾਵਰਤੀ, ਡਾ. ਸੁਰਜੀਤ ਕੌਰ ਪਥੇਜਾ ਅਤੇ ਰਜਿਸਟਰਾਰ ਸੁਰਿੰਦਰ ਪਾਲ ਕਪੂਰ ਆਦਿ ਹਾਜ਼ਰ ਸਨ। ਨਵੀਂ ਦਿੱਲੀ ਵਿੱਚ ਫਿਨਲੈਂਡ ਦੇ ਦੂਤਾਵਾਸ ਵਿੱਚ ਉਚੇਰੀ ਸਿੱਖਿਆ ਅਤੇ ਵਿਗਿਆਨ ਨੀਤੀ ਲਈ ਕਾਊਂਸਲਰ ਡਾ. ਲੀਜਾ ਜੇ. ਟੋਇਵੋਨੇਨ ਨੇ ਵੀ ਸ਼ਿਰਕਤ ਕੀਤੀ। ਸੈਮੀਨਾਰ ਵਿੱਚ ਕਈ ਤਕਨੀਕੀ ਅਤੇ ਸਮਾਨਾਂਤਰ ਸੈਸ਼ਨ ਵੀ ਕਰਵਾਏ ਗਏ। ਇਸ ਦੌਰਾਨ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ ਇਸ ਤੋਂ ਬਾਅਦ ਇੰਟਰੈਕਟਿਵ ਸੈਸ਼ਨ ਹੋਏ ਜਿੱਥੇ ਭਾਗੀਦਾਰਾਂ ਨੇ ਸਰੋਤ ਵਿਅਕਤੀਆਂ ਅਤੇ ਪੇਸ਼ਕਾਰੀਆਂ ਨਾਲ ਵੱਖ-ਵੱਖ ਸਵਾਲ ਕੀਤੇ।