ਦੇਸ਼ ਭਗਤ ਯਾਦਗਾਰ ਕਮੇਟੀ ਨੇ ਤਿਮਾਹੀ ਸਮਾਗਮ ਉਲੀਕੇ
ਪੱਤਰ ਪ੍ਰੇਰਕ
ਜਲੰਧਰ, 1 ਮਾਰਚ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ ਟਰੱਸਟ ਦੀ ਮੀਟਿੰਗ ’ਚ ਵਿਚਾਰ ਵਟਾਂਦਰੇ ਮਗਰੋਂ ਮਾਰਚ, ਅਪਰੈਲ ਅਤੇ ਮਈ ਤਿੰਨ ਮਹੀਨਿਆਂ ਦੀਆਂ ਪ੍ਰਮੁੱਖ ਸਰਗਰਮੀਆਂ ਉਲੀਕੀਆਂ ਗਈਆਂ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਦੇ ਆਖਰੀ ਹਫ਼ਤੇ ਵਿਸ਼ਵ ਰੰਗਮੰਚ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਨਾਟਕ, ਗੀਤ-ਸੰਗੀਤ ਅਤੇ ਵਿਚਾਰ-ਚਰਚਾ ਨੂੰ ਅਗਲੇ ਦਿਨਾਂ ਵਿੱਚ ਟੀਮਾਂ ਨਾਲ ਰਾਬਤਾ ਕਰ ਕੇ ਅਤੇ ਵਿਦਿਅਕ ਸੰਸਥਾਵਾਂ ਦੇ ਇਮਤਿਹਾਨਾਂ ਦੀਆਂ ਤਰੀਕਾਂ ਨੂੰ ਧਿਆਨ ਰੱਖਦਿਆਂ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮੁਲਕ ਦੀ ਆਜ਼ਾਦੀ ਲਈ ਜੂਝਣ ਵਾਲੀ ਇਨਕਲਾਬੀ ਪਾਰਟੀ, ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ (21 ਅਪਰੈਲ 1913) ਨੂੰ ਸਿਜਦਾ ਕਰਨ ਅਤੇ ਗ਼ਦਰ ਪਾਰਟੀ ਦੀ ਪ੍ਰਸੰਗਕਤਾ ਉਭਾਰਦੇ ਹੋਏ 21 ਅਪਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ’ਚ ਸਥਾਪਨਾ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ। ਨਵੀਂ ਖੇਤੀ ਅਤੇ ਮੰਡੀ ਨੀਤੀ ਦਾ ਡਰਾਫ਼ਟ ਸਿਰਫ਼ ਖੇਤੀ ਜਾਂ ਕਿਸਾਨੀ ਦਾ ਉਜਾੜਾ ਹੀ ਨਹੀਂ ਕਰੇਗਾ ਸਗੋਂ ਇਹ ਮੁਲਕ ਦੇ ਵਿਸ਼ਾਲ ਲੋਕ-ਹਿੱਸਿਆਂ ਨੂੰ ਤਬਾਹੀ ਮੂੰਹ ਧੱਕਣ, ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਖੇਤੀ ਅਤੇ ਮੰਡੀਆਂ ਉੱਪਰ ਮੁਕੰਮਲ ਕਬਜ਼ਾ ਕਰਾਉਣ ਦਾ ਮਾਰੂ ਹੱਲਾ ਹੋਏਗਾ। ਇਸ ਮੁੱਦੇ ਉੱਤੇ ਚਰਚਾ ਕੀਤੀ ਜਾਵੇਗੀ। ਕਾਰਲ ਮਾਰਕਸ ਦੇ ਜਨਮ ਦਿਹਾੜੇ (5 ਮਈ 1818) ਨੂੰ ਸਮਰਪਿਤ ਸਮਾਗਮ 5 ਮਈ ਨੂੰ ਹੋਏਗਾ। ‘ਲੋਕ ਆਵਾਜ਼’ ਟੀ.ਵੀ. ਚੈਨਲ ਦੇ ਚੀਫ ਰਿਪੋਰਟਰ ਮਨਿੰਦਰ ਜੀਤ ਸਿੱਧੂ ਉੱਪਰ ਝੂਠੇ ਕੇਸ ਮੜ੍ਹਨ, ਆਏ ਦਿਨ ਧਮਕੀਆਂ ਦੇਣ ਦੀ ਨਿੰਦਾ ਕੀਤੀ ਗਈ ਅਤੇ ਝੂਠਾ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।