ਦੇਵੀਗੜ੍ਹ ਵਾਸੀ ਕਰਫਿਊ ਨੂੰ ਜਾਣਦੇ ਨੇ ਟਿੱਚ

ਕਰਫਿਊ ਦੌਰਾਨ ਦੇਵੀਗੜ੍ਹ ਵਿੱਚ ਸੜਕਾਂ ’ਤੇ ਆਮ ਫਿਰਦੇ ਲੋਕ। -ਫੋਟੋ: ਨੌਗਾਵਾਂ

ਪੱਤਰ ਪ੍ਰੇਰਕ
ਦੇਵੀਗੜ੍ਹ, 3 ਅਪਰੈਲ
ਕਸਬਾ ਦੇਵੀਗੜ੍ਹ ਜੋ ਕਿ ਪਟਿਆਲਾ ਤੋਂ 23 ਕਿਲੋਮੀਟਰ ਦੂਰ ਹੈ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮ ਬਹੁਤ ਘੱਟ ਹੀ ਪੁੱਜਦੇ ਲਗਦੇ ਹਨ, ਜਿਥੇ ਕਰਫਿਊ ਨਾ ਦੀ ਕੋਈ ਸ਼ੈਅ ਨਜ਼ਰ ਨਹੀਂ ਆਉਂਦੀ। ਜਾਣਕਾਰੀ ਅਨੁਸਾਰ ਸਰਕਾਰ ਨੇ ਕਰਫਿਊ ਦੌਰਾਨ ਕਰਿਆਨੇ ਦੀਆਂ ਦੁਕਾਨਾਂ, ਡਾਕਟਰਾਂ ਅਤੇ ਮੈਡੀਸਨ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ 9 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਹੋਈ ਹੈ ਤਾਂ ਕਿ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਮਿਲ ਸਕਣ ਪਰ ਇਹ ਦੁਕਾਨਦਾਰ ਇਸ ਮਿਲੀ ਛੋਟ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਤਕਰੀਬਨ ਸਾਰਾ ਦਿਨ ਹੀ ਦੁਕਾਨਾਂ ਖੋਲ੍ਹੀ ਰੱਖਦੇ ਹਨ, ਸਵੇਰ ਤੇ ਸ਼ਾਮ ਦੇ ਸਮੇਂ ਇਥੇ ਛੋਟ ਵਾਲੀਆਂ ਦੁਕਾਨਾਂ ਤੋਂ ਇਲਾਵਾ ਮਨਿਆਰੀ ਦੀਆਂ ਦੁਕਾਨਾਂ, ਕੋਲਡ ਡਰਿੰਕਸ ਦੀਆਂ ਦੁਕਾਨਾਂ, ਚੱਕੀਆਂ, ਰੇਤਾ ਬਜਰੀ ਦੀਆਂ ਦੁਕਾਨਾਂ ਆਦਿ ਸਭ ਖੁੱਲ੍ਹੀਆਂ ਰਹਿੰਦੀਆਂ ਹਨ। ਇਸ ਸਬੰਧੀ ਕਈ ਵਾਰ ਕਾਰਜਕਾਰੀ ਅਫਸਰ ਅਤੇ ਸਬੰਧਤ ਐੱਸਡੀਐੱਮ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ ਹੈ ਪਰ ਉਨ੍ਹਾਂ ਦਾ ਦੁਕਾਨਦਾਰਾਂ ਅਤੇ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ। ਇਸ ਬਾਰੇ ਜਦੋਂ ਕਾਰਜਕਾਰੀ ਅਫਸਰ ਸ੍ਰੀ ਮੋਹੀ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਦਿੱਤੇ ਸਮੇਂ ਤੋਂ ਬਾਅਦ ਤੇ ਪਹਿਲਾਂ ਕੋਈ ਵੀ ਦੁਕਾਨਦਾਰ ਦੁਕਾਨ ਨਹੀਂ ਖੋਲ੍ਹ ਸਕਦਾ ਸਿਰਫ ਘਰ ਤੱਕ ਹੀ ਡਿਲਵਰੀ ਕਰ ਸਕਦਾ ਹੈ।

Tags :