ਦੇਵੀਗੜ੍ਹ ’ਚ ਚੀਨੀ, ਨਾਈਲੋਨ ਤੇ ਸਿੰਥੈਟਿਕ ਡੋਰ ਦੇ 87 ਗੱਟੂ ਬਰਾਮਦ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 31 ਜਨਵਰੀ
ਨਗਰ ਪੰਚਾਇਤ ਦੇਵੀਗੜ੍ਹ ਦੀ ਟੀਮ ਨੇ ਪਾਬੰਦੀਸ਼ੁਦਾ ਚੀਨੀ, ਨਾਈਲੋਨ, ਸਿੰਥੈਟਿਕ ਡੋਰ ਫੜਨ ਲਈ ਦੇਵੀਗੜ੍ਹ ਦੇ ਬਾਜ਼ਾਰ ਵਿੱਚ ਅਚਨਚੇਤ ਚੈਕਿੰਗ ਕਰ ਕੇ ਪਾਬੰਦੀਸ਼ੁਦਾ ਡੋਰ ਦੇ 87 ਗੱਟੂ ਬਰਾਮਦ ਕੀਤੇ। ਕਾਰਜਸਾਧਕ ਅਫ਼ਸਰ ਰਾਕੇਸ਼ ਅਰੋੜਾ ਨੇ ਦੱਸਿਆ ਕਿ ਡੀਸੀ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬਾਜ਼ਾਰਾਂ ਵਿੱਚ ਚੈਕਿੰਗ ਕੀਤੀ ਗਈ ਅਤੇ ਲੋਕਾਂ ਤੇ ਦੁਕਾਨਦਾਰਾਂ ਨੂੰ ਅਜਿਹੀ ਪਾਬੰਦੀਸ਼ੁਦਾ ਡੋਰ ਦੀ ਵਰਤੋਂ ਵਿਰੁੱਧ ਜਾਗਰੂਕ ਵੀ ਕੀਤਾ ਗਿਆ। ਕਾਰਜਸਾਧਕ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਪਿਹੋਵਾ ਰੋਡ ’ਤੇ ਜੇ.ਐੱਮ. ਟਰੇਡਰਜ਼ ਤੋਂ 36 ਰੀਲਾਂ ਪਾਬੰਦੀਸ਼ੁਦਾ ਚੀਨੀ ਡੋਰ ਸਮੇਤ ਅਮਨਦੀਪ ਟਰੇਡਰਜ਼ ਤੋਂ 39 ਚੱਕਰੀਆਂ ਤੇ ਲੇਖਰਾਜ ਜਨਰਲ ਸਟੋਰ ਤੋਂ 12 ਚੱਕਰੀਆਂ ਪਾਬੰਦੀਸ਼ੁਦਾ ਡੋਰ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਸਾਰੀ ਬਰਾਮਦਗੀ ਪੁਲੀਸ ਨੂੰ ਸੌਂਪ ਕੇ ਅਗਲੇਰੀ ਕਾਰਵਾਈ ਲਈ ਲਿੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਚੀਨੀ ਡੋਰ ਨੂੰ ਨਾ ਵਰਤਣ ਅਤੇ ਜੇਕਰ ਕੋਈ ਵੇਚਦਾ ਹੈ ਤਾਂ ਉਸਦੀ ਵੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਤੰਗ ਉਡਾਉਣ ਦੀ ਇਜਾਜ਼ਤ ਸਿਰਫ਼ ਸੂਤੀ ਧਾਗੇ ਤੋਂ ਬਣੀ ਡੋਰ ਨਾਲ ਦੀ ਹੀ ਹੈ ਜੋ ਧਾਗੇ ਨੂੰ ਮਜ਼ਬੂਤੀ ਦੇਣ ਵਾਲੇ ਕਿਸੇ ਵੀ ਕੱਚ ਜਾਂ ਤਿੱਖੀ ਸਮੱਗਰੀ/ ਚਿਪਕਣ ਵਾਲੇ ਪਦਾਰਥ ਤੋਂ ਨਾ ਬਣੀ ਹੋਵੇ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਵਾਤਾਵਰਨ (ਸੁਰੱਖਿਆ) ਐਕਟ, 1986 ਦੀ ਧਾਰਾ 5 ਜਾਂ ਇਸ ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ, ਉਕਤ ਐਕਟ ਦੀ ਧਾਰਾ 15 ਅਧੀਨ ਸਜ਼ਾਯੋਗ ਹੈ ਜਿਸ ਵਿਚ 5 ਸਾਲ ਤੱਕ ਦੀ ਕੈਦ ਅਤੇ ਜਾਂ 15 ਲੱਖ ਰੁਪਏ ਤੱਕ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ।