ਦੂਸਰਾ ਬ੍ਰਿਸਬਨ ਗਿੱਧਾ ਕੱਪ 28 ਸਤੰਬਰ ਨੂੰ
ਸਰਬਜੀਤ ਸਿੰਘ
ਬ੍ਰਿਸਬਨ: ਆਸਟਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਗਿੱਧਾ ਕੱਪ ਕਰਵਾਉਣ ਦੀ ਪਹਿਲਕਦਮੀ ਕਰਨ ਵਾਲੀ ਸੰਸਥਾ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਬ੍ਰਿਸਬਨ ਦੀ ਮੀਟਿੰਗ ਸੰਸਥਾ ਦੀ ਨਵ ਨਿਯੁਕਤ ਪ੍ਰਧਾਨ ਸੁਨੀਤਾ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਲੋਕ-ਨਾਚਾਂ ਅਤੇ ਸੱਭਿਆਚਾਰ ਲਈ ਕੰਮ ਕਰਨ ਵਾਲੀਆਂ 15 ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਗਿੱਧਾ ਕੱਪ ਦੀ ਵਾਗਡੋਰ ਔਰਤਾਂ ਨੂੰ ਸੌਂਪਦਿਆਂ ਪ੍ਰਧਾਨ ਵਜੋਂ ਸੁਨੀਤਾ ਸੈਣੀ (ਰੂਹ ਪੰਜਾਬ ਦੀ), ਜਨਰਲ ਸਕੱਤਰ ਵਜੋਂ ਸੋਨਾ ਖਹਿਰਾ (ਇਪਸਾ ਗਰੁੱਪ), ਖ਼ਜ਼ਾਨਚੀ ਵਜੋਂ ਦਿਲਪ੍ਰੀਤ ਕੌਰ ਬਾਰੀਆ (ਹਿੱਪ ਹੌਪ ਅਕੈਡਮੀ ਗੋਲਡ ਕੋਸਟ), ਉਪ ਪ੍ਰਧਾਨ ਵਜੋਂ ਗੁਣਦੀਪ ਘੁੰਮਣ (ਫੋਕ ਬਲਾਸਟਰਜ਼), ਵਿਪ ਸਕੱਤਰ ਵਜੋਂ ਹਰਪ੍ਰੀਤ ਕੌਰ ਕੁਲਾਰ (ਗਿੱਧਾ ’ਵਾਜ਼ਾਂ ਮਾਰਦਾ) ਅਤੇ ਮੁੱਖ ਬੁਲਾਰੇ ਵਜੋਂ ਅਮਨ ਸ਼ੇਰਗਿੱਲ (ਪਿਓਰ ਗਿੱਧਾ ਗਰਲਜ਼) ਦੀ ਚੋਣ ਕੀਤੀ ਗਈ। ਐਸੋਸੀਏਟਿਵ ਮੈਂਬਰ ਸੰਸਥਾਵਾਂ ’ਤੇ ਆਧਾਰਿਤ ਕੋਰ ਕਮੇਟੀ ਵਿੱਚ ਮਨਦੀਪ ਸਿੰਘ (ਸੁਰਤਾਲ ਅਕੈਡਮੀ), ਗੁਰਜੀਤ ਬਾਰੀਆ (ਹਿੱਪ ਹੌਪ ਭੰਗੜਾ ਅਕੈਡਮੀ ਗੋਲਡ ਕੋਸਟ), ਸਰਬਜੀਤ ਸੋਹੀ (ਇਪਸਾ ਗਰੁੱਪ), ਮਲਕੀਤ ਧਾਲੀਵਾਲ (ਸ਼ੇਰ ਏ ਪੰਜਾਬ ਭੰਗੜਾ ਅਕੈਡਮੀ), ਚਰਨਜੀਤ ਕਾਹਲੋਂ (ਹੁਨਰ ਏ ਰੀਜੈਂਟ ਪਾਰਕ ਗਿੱਧਾ ਅਕੈਡਮੀ) ਅਤੇ ਰਾਜਦੀਪ ਲਾਲੀ (ਸੰਨ-ਸ਼ਾਈਨ ਪੰਜਾਬੀ ਕੋਸਟ ਵੈਲਫੇਅਰ ਐਸੋਸੀਏਸ਼ਨ) ਨੂੰ ਸ਼ਾਮਲ ਕੀਤਾ ਗਿਆ।
ਐਫਲੀਏਟਿਡ ਸੰਸਥਾਵਾਂ ’ਤੇ ਆਧਾਰਿਤ ਸਲਾਹਕਾਰ ਕਮੇਟੀ ਵਿੱਚ ਜਗਜੀਤ ਸਿੰਘ ਮਾਂਗਟ (ਪੰਜਾਬੀ ਭੰਗੜਾ ਫੋਰਸ), ਸੁਖਮੰਦਰ ਸਿੰਘ ਸੰਧੂ (ਲੋਗਨ ਪੰਜਾਬੀ ਕਮਿਊਨਿਟੀ ਸਪੋਰਟਸ ਕਲੱਬ), ਸੌਰਭ ਮਹਿਰਾ (ਸੁਰਤਾਲ ਸੱਭਿਆਚਾਰਕ ਸੱਥ) ਅਤੇ ਮਨਪ੍ਰੀਤ ਕੌਰ ਸੰਧੂ (ਇਪਸਾ ਗਰੁੱਪ) ਅਤੇ ਹਰਕਮਲ ਸਿੰਘ (ਹਿੱਪ ਹੌਪ ਗਿੱਧਾ ਅਕੈਡਮੀ ਗੋਲਡ ਕੋਸਟ) ਨੂੰ ਸ਼ਾਮਲ ਕੀਤਾ ਗਿਆ। ਅੰਤ ਵਿੱਚ ਚੁਣੀ ਗਈ ਕਮੇਟੀ ਵੱਲੋਂ ਦੂਸਰਾ ਬ੍ਰਿਸਬਨ ਗਿੱਧਾ ਕੱਪ 28 ਸਤੰਬਰ ਨੂੰ ਗੋਲਡ ਕੋਸਟ ਦੇ ਪ੍ਰਸਿੱਧ ਹਾਲ ਹੋਤਾ ਸੈਂਟਰ ਵਿਖੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਗਿੱਧਾ ਕੱਪ ਲਈ ਜਲਦੀ ਹੀ ਰਜਿਸਟਰੇਸ਼ਨ ਓਪਨ ਕੀਤੀ ਜਾਵੇਗੀ। ਪਹਿਲਾਂ ਵਾਂਗ ਹੀ ਇਸ ਵਿੱਚ ਉਮਰ ਦੇ ਤਿੰਨ ਗਰੁੱਪ ਅਤੇ ਮਿਊਜ਼ਿਕ ਕੈਟਾਗਰੀ ਦੇ ਨਾਲ ਨਾਲ ਲਾਈਵ ਗਿੱਧਾ ਵੀ ਕਰਵਾਇਆ ਜਾਵੇਗਾ। ਅੰਤ ਵਿੱਚ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਦੀ ਸਕੱਤਰ ਸੋਨਾ ਖਹਿਰਾ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਇਸ ਗਿੱਧਾ ਕੱਪ ਨੂੰ ਪਹਿਲਾਂ ਨਾਲੋਂ ਵੀ ਵੱਡਾ ਅਤੇ ਵਧੀਆ ਕਰਵਾਉਣ ਦੀ ਵਚਨਬੱਧਤਾ ਦੁਹਰਾਈ।