ਦੂਜਿਆਂ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋਣਾ ਸਿੱਖੋ
ਡਾ. ਸਤਿੰਦਰ ਪਾਲ ਸਿੰਘ
ਕੁਦਰਤ ਦੀ ਰਚਨਾ ਸੰਸਾਰ, ਸੁੰਦਰ ਤੇ ਵਿਸਮਾਦਜਨਕ ਹੈ। ਇਸ ਦੀ ਹਰ ਰਚਨਾ ਮਨ ਮੋਹ ਲੈਣ ਵਾਲੀ ਹੈ। ਹਰ ਪਲ ਕਿੰਨੇ ਕੁ ਰੰਗ ਵਰਤ ਰਹੇ ਹੁੰਦੇ ਹਨ, ਇਸ ਦਾ ਕਿਆਸ ਲਗਾਉਣਾ ਸੰਭਵ ਨਹੀਂ ਹੈ। ਸ੍ਰਿਸ਼ਟੀ ਇੰਨੀ ਵਿਸ਼ਾਲ ਹੈ ਕਿ ਇੱਕ ਜਨਮ ਵਿੱਚ ਜਾਣੀ ਨਹੀਂ ਜਾ ਸਕਦੀ। ਮਨੁੱਖ ਜੋ ਕੁਝ ਆਪਣੇ ਆਲੇ ਦੁਆਲੇ ਵੇਖਦਾ ਹੈ, ਜੋ ਪੜ੍ਹਦਾ, ਸੁਣਦਾ ਹੈ, ਉਸ ਤੋਂ ਹੀ ਸੰਸਾਰ ਬਾਰੇ ਸਮਝਦਾ ਹੈ। ਸੂਰਜ ਦਾ ਉਦੈ ਤੇ ਅਸਤ ਹੋਣਾ, ਚੰਦਰਮਾ ਦਾ ਚਾਨਣ ਤੇ ਤਾਰਿਆਂ ਦੀ ਬਾਰਾਤ, ਖਿੜੇ ਹੋਏ ਫੁੱਲਾਂ ਦਾ ਡੁੱਲ੍ਹ ਡੁੱਲ੍ਹ ਪੈਂਦਾ ਰੂਪ ਤੇ ਚੁੰਮਣ ਲਈ ਬੇਕਰਾਰ ਸੁਗੰਧ, ਨਦੀਆਂ ਦੇ ਹਾਸੇ ਤੇ ਸਾਗਰਾਂ ਦੇ ਬੁਲੰਦ ਠਹਾਕੇ, ਪਹਾੜਾਂ ਦੇ ਮੌਨ ਸੰਗੀਤ, ਪਵਨ ਦੀਆਂ ਭੋਲੀਆਂ ਸ਼ਰਾਰਤਾਂ ਦੇ ਸਿਲਸਿਲੇ, ਵੰਨ ਸੁਵੰਨੇ ਪੰਛੀਆਂ ਦੀਆਂ ਦਿਲਕਸ਼ ਉਡਾਰੀਆਂ ਆਦਿ ਕੌਤਕ ਨਿਤ ਵੇਖਿਆਂ ਵੀ ਰਜੇਵਾਂ ਨਹੀਂ ਹੁੰਦਾ ਕਿਉਂਕਿ ਸ੍ਰਿਸ਼ਟੀ ਦਾ ਅੰਦਾਜ਼ ਬਦਲਦਾ ਰਹਿੰਦਾ ਹੈ।
ਹਰ ਰੋਜ਼ ਇੱਕ ਨਵਾਂ ਸੂਰਜ ਚੜ੍ਹਦਾ ਹੈ, ਨਵਾਂ ਚੰਦਰਮਾ ਜਨਮ ਲੈਂਦਾ ਹੈ, ਫੁੱਲਾਂ ਦਾ ਰੂਪ, ਨਦੀਆਂ ਦਾ ਅੰਦਾਜ਼, ਪਹਾੜਾਂ ਦਾ ਸੰਗੀਤ ਪਵਨ ਦਾ ਨਖ਼ਰਾ ਬਦਲ ਜਾਂਦਾ ਹੈ, ਪੰਛੀਆਂ ਦੀ ਨਵੀਂ ਜਮਾਤ ਆ ਪੁੱਜਦੀ ਹੈ। ਸਾਰਾ ਕੁਝ ਜੋ ਅੱਖਾਂ ਦੇ ਸਾਹਮਣੇ ਵਰਤ ਰਿਹਾ ਹੁੰਦਾ ਹੈ, ਮਨ ਨੂੰ ਉਮੰਗ ਦੀਆਂ ਨਵੀਆਂ ਤਰੰਗਾਂ ਨਾਲ ਅਮੀਰ ਕਰਨ ਵਾਲਾ ਸਿੱਧ ਹੁੰਦਾ ਹੈ। ਸ੍ਰਿਸ਼ਟੀ ਦਾ ਸੁਹੱਪਣ ਮਨ ਨੂੰ ਪ੍ਰਸੰਨ ਕਰਦਾ ਹੈ। ਕਦੇ ਈਰਖਾ ਨਹੀਂ ਹੁੰਦੀ। ਸ੍ਰਿਸ਼ਟੀ ਪਰਮਾਤਮਾ ਦਾ ਕੌਤਕ ਹੈ। ਮਨ ਅੰਦਰ ਪਰਮਾਤਮਾ ਲਈ ਸ਼ੁਕਰਾਨੇ ਦਾ ਭਾਵ ਪੈਦਾ ਹੁੰਦਾ ਹੈ।
ਮਨੁੱਖੀ ਸਮਾਜ ਵੀ ਪਰਮਾਤਮਾ ਦੀ ਰਚੀ ਸ੍ਰਿਸ਼ਟੀ ਦਾ ਹੀ ਇੱਕ ਅੰਗ ਹੈ। ਪਰਮਾਤਮਾ ਨੇ ਵੱਖ ਵੱਖ ਰੂਪ, ਰੰਗ ਦੇ ਮਨੁੱਖ ਰਚੇ ਹਨ ਤੇ ਹਰ ਮਨੁੱਖ ਨੂੰ ਆਪਣੀ ਸੁਗੰਧ, ਸੰਗੀਤ ਤੇ ਉਡਾਰੀ ਭਾਵ ਸਮਰੱਥਾ ਦਿੱਤੀ ਹੈ, ਪਰ ਜੋ ਮਨ ਸੂਰਜ, ਚੰਦਰਮਾ, ਤਾਰੇ, ਨਦੀਆਂ, ਪਹਾੜ, ਫੁੱਲ ਅਤੇ ਪੰਛੀ ਵੇਖ ਕੇ ਖ਼ੁਸ਼ ਹੁੰਦਾ ਹੈ, ਉਹ ਕਿਸੇ ਹੋਰ ਮਨੁੱਖ ਦੀ ਸ਼ਲਾਘਾ ਤੇ ਪ੍ਰਾਪਤੀ ਵੇਖ ਕੇ ਪ੍ਰਸੰਨ ਨਹੀਂ ਹੁੰਦਾ ਸਗੋਂ ਈਰਖਾ ਕਰਨ ਲੱਗਦਾ ਹੈ। ਮਨੁੱਖ ਦਾ ਇਹ ਵਿਵਹਾਰ ਕੁਦਰਤ ਦੇ ਅਸੂਲਾਂ ਦੇ ਵਿਰੁੱਧ ਹੁੰਦਾ ਹੈ। ਦੂਜੇ ਦੀ ਸਫਲਤਾ ਵਿੱਚ ਖੋਟ ਕੱਢਣਾ, ਨਿੰਦਾ, ਕੂੜ ਪ੍ਰਚਾਰ ਕਰਨਾ, ਅਹਿੱਤ ਕਰਨ ਦਾ ਯਤਨ ਕਰਨਾ ਆਮ ਹੁੰਦਾ ਜਾ ਰਿਹਾ ਹੈ। ਦਰਅਸਲ, ਇਹ ਪਰਮਾਤਮਾ ਦੇ ਨਿਆਂ ਨੂੰ ਚੁਣੌਤੀ ਦੇਣਾ ਹੈ, ਪਰਮਾਤਮਾ ਦੀ ਵਿਵਸਥਾ ਨਾਲ ਧ੍ਰੋਹ ਹੈ। ਦਾਤਾਂ ਦੇਣ ਵਾਲਾ ਪਰਮਾਤਮਾ ਹੈ। ਉਹ ਸੰਸਾਰ ਵਿੱਚ ਇੱਕੋ ਇੱਕ ਦਾਤਾ ਹੈ। ਸੰਪੂਰਨ ਸ੍ਰਿਸ਼ਟੀ ਦਾ ਕਣ ਕਣ, ਪਲ ਪਲ ਉਸ ਦੇ ਹੁਕਮ ਵਿੱਚ ਬੰਨ੍ਹਿਆ ਹੋਇਆ ਹੈ। ਉਹ ਕਿਸੇ ਨੂੰ ਵਡਿਆਈਆਂ ਦੇ ਰਿਹਾ ਹੈ, ਕਿਸੇ ਨੂੰ ਦੁੱਖ, ਸੋਗ ਅਤੇ ਮੁਸ਼ਕਲਾਂ ਦੇ ਰਿਹਾ ਹੈ। ਕਿਸੇ ਕੋਲੋਂ ਰਾਜ ਕਰਾ ਰਿਹਾ ਹੈ ਅਤੇ ਕਿਸੇ ਕੋਲੋਂ ਭੀਖ ਮੰਗਵਾ ਰਿਹਾ ਹੈ। ਪਰਮਾਤਮਾ ਦਾ ਨਿਆਂ ਪਰਮਾਤਮਾ ਹੀ ਜਾਣਦਾ ਹੈ ਕਿਉਂਕਿ ਉਸ ਕੋਲ ਮਨੁੱਖ ਦੇ ਜਨਮਾਂ ਜਨਮਾਂ ਦਾ ਲੇਖਾ ਹੈ। ਉਹ ਪੂਰਨ ਦ੍ਰਿਸ਼ਟੀ ਦਾ ਸੁਆਮੀ ਤੇ ਅੰਤਰਯਾਮੀ ਹੈ। ਜਦੋਂਕਿ ਮਨੁੱਖ ਦੀ ਦ੍ਰਿਸ਼ਟੀ ਅਤਿ ਸੀਮਤ ਤੇ ਨਿੱਜੀ ਸੁਆਰਥਾਂ ਕਾਰਨ ਸੋਚ ਤੰਗ ਹੋ ਗਈ ਹੈ। ਇਸ ਕਾਰਨ ਹੋਰਨਾਂ ਦੇ ਸੁੱਖ, ਸਫਲਤਾਵਾਂ ਮਨ ਅੰਦਰ ਈਰਖਾ ਦੇ ਭਾਂਬੜ ਬਾਲਣ ਦਾ ਕਾਰਨ ਬਣ ਜਾਂਦੀਆਂ ਹਨ। ਈਰਖਾ ਮਨੁੱਖ ਦੇ ਆਚਾਰ ਨੂੰ ਕਰੂਪ ਕਰਦੀ ਹੈ ਅਤੇ ਮਨ ਸੰਤਾਪ ਨਾਲ ਭਰਦੀ ਹੈ। ਮਨੁੱਖ ਦਾ ਜੋ ਸਮਾਂ ਆਪਣੇ ਹਿੱਤ ਲਈ ਲੱਗਣਾ ਸੀ, ਉਹ ਪਰਮਾਤਮਾ ਦੀ ਵਿਵਸਥਾ ਤੋਂ ਧ੍ਰੋਹ ਦਾ ਪਾਪ ਖੱਟਣ ਦੇ ਨਾਲ ਹੀ ਹੋਰਨਾਂ ਦੀ ਨਿੰਦਾ ਕਰਦਿਆਂ ਵਿਅਰਥ ਚਲਾ ਜਾਂਦਾ ਹੈ।
ਪਰਮਾਤਮਾ ਦੇ ਨਿਯਮ ਤੇ ਫ਼ੈਸਲੇ ਸਦਾ ਅਟਲ ਹੁੰਦੇ ਹਨ। ਉਸ ਨੇ ਕਿਸੇ ਨੂੰ ਵਡਿਆਈ ਬਖ਼ਸ਼ੀ ਹੈ, ਇਹ ਨਿਰੋਲ ਉਸ ਦਾ ਫ਼ੈਸਲਾ ਹੈ। ਮਨੁੱਖ ਦੀ ਈਰਖਾ , ਨਿੰਦਾ ਨਾ ਤਾਂ ਉਸ ਫ਼ੈਸਲੇ ਨੂੰ ਬਦਲ ਸਕਦੀ ਹੈ ਅਤੇ ਨਾ ਹੀ ਘੱਟ ਕਰ ਸਕਦੀ ਹੈ। ਇਸ ਦ੍ਰਿਸ਼ਟੀ ਨਾਲ ਵੇਖਿਆ ਜਾਵੇ ਤਾਂ ਮਨੁੱਖ ਕੋਲ ਕੋਈ ਨੈਤਿਕ ਅਤੇ ਸਮਾਜਿਕ ਹੱਕ ਵੀ ਨਹੀਂ ਹੈ ਕਿ ਪਰਮਾਤਮਾ ਦੇ ਕਿਸੇ ਫ਼ੈਸਲੇ ਦੀ ਸਮੀਖਿਆ ਕਰ ਸਕੇ। ਪਰਮਾਤਮਾ ਨੇ ਮਨੁੱਖ ਨੂੰ ਜੋ ਕੁਝ ਵੀ ਦਿੱਤਾ, ਉਸ ਦੇ ਭਾਂਡੇ ਦੇ ਮੁਤਾਬਕ ਹੀ ਦਿੱਤਾ ਹੈ ਤਾਂ ਜੋ ਉਸ ਦੀਆਂ ਦਾਤਾਂ ਦੀ ਸਮਾਈ ਹੋ ਸਕੇ।
ਮਨੁੱਖ ਦੂਜਿਆਂ ਕੋਲੋਂ ਈਰਖਾ ਇਸ ਕਾਰਨ ਵੀ ਕਰਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਉਸ ਦਾਤ ਦਾ ਹੱਕਦਾਰ ਮੰਨਦਾ ਹੈ ਜੋ ਕਿਸੇ ਹੋਰ ਨੂੰ ਪ੍ਰਾਪਤ ਹੋਈ ਹੈ ਤੇ ਉਹ ਵਾਂਝਾ ਰਹਿ ਗਿਆ ਹੈ। ਮਨ ਵਿੱਚ ਜਦੋਂ ਵੀ ਕਿਸੇ ਪ੍ਰਤੀ ਈਰਖਾ ਦਾ ਭਾਵ ਪੈਦਾ ਹੋਣ ਲੱਗੇ ਤਾਂ ਮਨ ਵਿੱਚ ਇਹ ਦ੍ਰਿੜ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਹਰ ਮਨੁੱਖ ਪਰਮਾਤਮਾ ਦੀ ਨਿਆਂ ਵਿਵਸਥਾ ਵਿੱਚ ਪੂਰੀ ਤਰ੍ਹਾਂ ਬੰਨ੍ਹਿਆ ਹੋਇਆ ਹੈ। ਇਸ ਤੋਂ ਬਾਹਰ ਜਾਣਾ ਪਰਮਾਤਮਾ ਤੋਂ ਆਕੀ ਹੋ ਜਾਣਾ ਹੈ। ਕਿਸੇ ਦੀ ਕੋਈ ਵੀ ਪ੍ਰਾਪਤੀ ਪਰਮਾਤਮਾ ਦੀ ਵਿਵਸਥਾ ਦਾ ਅੰਗ ਹੈ। ਕਿਸੇ ਦੀ ਸਫਲਤਾ ਤੇ ਈਰਖਾ ਕਰਨ ਦੀ ਥਾਂ ਆਪਣੇ ਭਾਂਡੇ ਦੀ ਸਮਾਈ ਬਾਰੇ ਪੜਚੋਲ ਕਰਨੀ ਚਾਹੀਦੀ ਹੈ। ਜੋ ਮਨੁੱਖ ਚਾਹੁੰਦਾ ਹੈ ਕਿ ਉਸ ਨੂੰ ਕਿਉਂ ਨਹੀਂ ਪ੍ਰਾਪਤ ਹੋਇਆ ਅਤੇ ਕਿਸੇ ਹੋਰ ਨੂੰ ਕਿਉਂ ਪ੍ਰਾਪਤ ਹੋ ਗਿਆ, ਇਸ ਦਾ ਜਵਾਬ ਆਪਣੇ ਮਨ ਤੋਂ ਮੰਗਣਾ ਚਾਹੀਦਾ ਹੈ। ਈਰਖਾ, ਨਿੰਦਾ ਅਤੇ ਵਿਗਾੜ ਤੋਂ ਬਚਣ ਲਈ ਆਤਮ ਪੜਚੋਲ ਸਭ ਤੋਂ ਸ੍ਰੇਸ਼ਟ ਢੰਗ ਹੈ। ਹੋਰਨਾਂ ਦੀ ਸਫਲਤਾ ਅਤੇ ਪ੍ਰਾਪਤੀ ਨੂੰ ਈਰਖਾ ਦੀ ਥਾਂ ਆਪਣੀ ਪ੍ਰੇਰਣਾ ਦਾ ਸਰੋਤ ਬਣਾਉਣਾ ਮਨੁੱਖ ਲਈ ਸਦਾ ਹੀ ਹਿੱਤਕਾਰੀ ਹੁੰਦਾ ਹੈ। ਸੰਸਾਰ ਦੀ ਹਰ ਸਫਲਤਾ ਸਿੱਖਿਆਦਾਇਕ ਹੁੰਦੀ ਹੈ। ਮਨੁੱਖ ਮਹਾਪੁਰਖਾਂ, ਸਫਲ ਹਸਤੀਆਂ ਦੀਆਂ ਜੀਵਨੀਆਂ ਪ੍ਰੇਰਣਾ ਲਈ ਪੜ੍ਹਦਾ ਹੈ। ਆਪਣੇ ਆਲੇ ਦੁਆਲੇ ਦੇ ਮਨੁੱਖਾਂ ਦੀਆਂ ਪ੍ਰਾਪਤੀਆਂ ਤੋਂ ਵੀ ਪ੍ਰੇਰਣਾ ਲਈ ਜਾਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਬਾਰੇ ਜ਼ਿਆਦਾ ਨੇੜਤਾ ਨਾਲ ਜਾਣਿਆ ਜਾ ਸਕਦਾ ਹੈ। ਪ੍ਰੇਰਣਾ ਮਨੁੱਖ ਦੇ ਆਪਣੇ ਅੰਦਰ ਬਦਲਾਅ ਦੀ ਹੋਵੇ। ਆਪਣਾ ਭਾਂਡਾ ਵੱਡਾ ਕਰਨ ਭਾਵ ਯੋਗਤਾ ਵਧਾਉਣ ਬਾਰੇ ਮਨੁੱਖ ਯਤਨ ਕਰੇ। ਆਪਣਾ ਭਾਂਡਾ ਸਾਫ਼ ਕਰੇ ਭਾਵ ਗੁਣ ਵਧਾਏ ਤੇ ਦ੍ਰਿੜ ਕਰੇ। ਭਾਂਡੇ ਦਾ ਮੂੰਹ ਸਿੱਧਾ ਕਰੇ ਭਾਵ ਵਿਚਾਰ ਉੱਚੇ ਤੇ ਸੱਚੇ ਸੁੱਚੇ ਹੋਣ। ਇਹ ਸੰਭਵ ਹੈ ਕਿਉਂਕਿ ਜੇ ਪੰਛੀ ਵੇਖ ਕੇ ਮਨੁੱਖ ਉਨ੍ਹਾਂ ਵਾਂਗ ਉੱਡਣ ਵਿੱਚ ਕਾਮਯਾਬ ਹੋ ਸਕਦਾ ਹੈ, ਫੁੱਲਾਂ ਵਰਗੀ ਦਿਲਕਸ਼ ਸੁਗੰਧ ਬਣਾ ਸਕਦਾ ਹੈ, ਚੰਨ ਅਤੇ ਸੂਰਜ ਜਿਹੀ ਰੋਸ਼ਨੀ ਤਿਆਰ ਕਰ ਸਕਦਾ ਹੈ ਤਾਂ ਹੋਰਨਾਂ ਤੋਂ ਈਰਖਾ ਦੀ ਥਾਂ ਪ੍ਰੇਰਣਾ ਲੈ ਕੇ ਆਪਾ ਕਿਉਂ ਨਹੀਂ ਸੁਆਰ ਸਕਦਾ।
ਮਨੁੱਖ ਨੂੰ ਜੋ ਵੀ ਪ੍ਰਾਪਤ ਹੋਇਆ ਹੈ, ਉਹੀ ਉਸ ਦੇ ਹਿੱਸੇ ਆਉਣਾ ਸੀ। ਜੋ ਬੀਜਿਆ ਹੈ, ਉਹੀ ਵੱਢਣਾ ਹੈ। ਮਨੁੱਖੀ ਦ੍ਰਿਸ਼ਟੀ ਤਾਂ ਇਸ ਜਨਮ ਨੂੰ ਹੀ ਵੇਖ ਰਹੀ ਹੈ। ਪਤਾ ਨਹੀਂ ਕਿਸ ਜਨਮ ਵਿੱਚ ਕੀ ਬੀਜਿਆ ਸੀ ਜੋ ਅੱਜ ਵੱਢਣਾ ਪੈ ਰਿਹਾ ਹੈ। ਜੇ ਮਨੁੱਖ ਇਸ ਜਨਮ ਵਿੱਚ ਦਾਖ, ਅੰਗੂਰ ਦੀ ਫ਼ਸਲ ਚਾਹੁੰਦਾ ਹੈ ਤਾਂ ਮੁਸ਼ੱਕਤ ਵੀ ਉਸ ਹਿਸਾਬ ਦੀ ਹੀ ਕਰਨੀ ਪਵੇਗੀ। ਮਨੁੱਖ ਨਾ ਤਾਂ ਈਰਖਾ ਕਰੇ, ਨਾ ਹੀ ਨਿਰਾਸ਼ ਅਤੇ ਉਦਾਸ ਹੋਵੇ। ਮਨ ਨੂੰ ਸਦਾ ਆਸਵੰਦ ਤੇ ਊਰਜਾਵਾਨ ਰੱਖੇ। ਇਸ ਲਈ ਸੰਸਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਤੋਂ ਸ੍ਰੇਸ਼ਟ ਕੋਈ ਆਸਰਾ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਸ ਬੰਨ੍ਹਦੀ ਹੈ ਕਿ ਜਨਮਾਂ ਜਨਮਾਂ ਦੇ ਪਾਪ ਮਿਟ ਸਕਦੇ ਹਨ। ਕੁਲਾਂ ਦਾ ਉਧਾਰ ਹੋ ਸਕਦਾ ਹੈ। ਉਹ ਵਡਿਆਈ ਪ੍ਰਾਪਤ ਹੋ ਸਕਦੀ ਹੈ ਜਿਸ ਨੂੰ ਲੋਚਦੇ ਵੱਡੇ ਵੱਡੇ ਤਪੀ, ਗਿਆਨੀ ਧਿਆਨੀ ਸੰਸਾਰ ਤੋਂ ਵਿਦਾ ਹੋ ਗਏ। ਗੁਰਬਾਣੀ ਦੀ ਸੇਧ ਪਰਮਾਤਮਾ ਅੱਗੇ ਪੂਰਨ ਸਮਰਪਣ ਤੇ ਅਟੱਲ ਭਰੋਸੇ ਦੀ ਹੈ। ਪਰਮਾਤਮਾ ਅੱਗੇ ਸਮਰਪਣ ਦਾ ਅਰਥ ਆਪਣੀ ਈਰਖਾ, ਨਿੰਦਾ ਅਤੇ ਸਿਆਣਪ ਤਿਆਗ ਕੇ ਪਰਮਾਤਮਾ ਦੇ ਹੁਕਮ ਦਾ ਦਾਸ ਬਣ ਜਾਣਾ ਹੈ।
ਪਰਮਾਤਮਾ ਯੋਗ ਬਣਨ ਲਈ ਪਰਮਾਤਮਾ ਦੀ ਉਸਤਤ ਕਰਨਾ ਵੀ ਇੱਕ ਸ੍ਰੇਸ਼ਟ ਉੱਦਮ ਹੈ। ਮਨੁੱਖ ਪਰਮਾਤਮਾ ਦੀ ਮਹਿਮਾ, ਸ੍ਰਿਸ਼ਟੀ ਦੀ ਸੁੰਦਰਤਾ ਵਿੱਚ ਵੇਖਦਾ ਹੈ, ਉਸ ਦੀਆਂ ਦਾਤਾਂ ਵਿੱਚ ਵੇਖਦਾ ਹੈ ਤਾਂ ਪਰਮਾਤਮਾ ਲਈ ਸ਼ਰਧਾ ਪੈਦਾ ਹੁੰਦੀ ਹੈ। ਆਪਣੀਆਂ ਪ੍ਰਾਪਤੀਆਂ ਲਈ ਵੀ ਮਨੁੱਖ ਪਰਮਾਤਮਾ ਦਾ ਸ਼ੁਕਰ ਕਰਦਾ ਹੈ, ਉਸ ਦੀ ਕੀਰਤ ਦੇ ਸੋਹਲੇ ਗਾਉਂਦਾ ਹੈ। ਇਹੋ ਭਾਵਨਾ ਹੋਰਨਾਂ ਦੀਆਂ ਪ੍ਰਾਪਤੀਆਂ ਵੇਖ ਕੇ ਵੀ ਪੈਦਾ ਹੋਵੇ। ਸੰਸਾਰ ਅੰਦਰ ਕੁਝ ਵੀ ਭਲਾ ਹੋ ਰਿਹਾ ਹੈ, ਉਸ ਦਾ ਅਸਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੂਰੇ ਮਨੁੱਖੀ ਸਮਾਜ ’ਤੇ ਪੈਂਦਾ ਹੈ। ਪਰਮਾਤਮਾ ਸੰਸਾਰ ਨੂੰ ਜੋ ਦੇਣਾ ਚਾਹੁੰਦਾ ਹੈ, ਉਸ ਲਈ ਕਿਸੇ ਨਾ ਕਿਸੇ ਨੂੰ ਮਾਧਿਅਮ ਬਣਾਉਂਦਾ ਹੈ।
ਆਪ ਤਾਂ ਉਹ ਅੱਜ ਤੱਕ ਕਦੇ, ਕਿਧਰੇ ਪ੍ਰਗਟ ਨਹੀਂ ਹੋਇਆ। ਕਿਸੇ ਦੀ ਨਿੱਕੀ ਤੋਂ ਨਿੱਕੀ ਪ੍ਰਾਪਤੀ ਵੀ ਸਮਾਜ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੀ ਹੁੰਦੀ ਹੈ ਤੇ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਤੱਕ ਪੁੱਜਦੀ ਹੀ ਹੈ। ਕਿਸੇ ਦੀ ਪ੍ਰਾਪਤੀ ਤੇ ਈਰਖਾ ਆਪਣੇ ਆਪ ਨੂੰ ਉਸ ਲਾਭ ਤੋਂ ਵਾਂਝਾਂ ਕਰ ਲੈਣਾ ਤੇ ਖ਼ੁਸ਼ ਹੋਣਾ, ਉਸ ਵਿਆਪਕ ਸਮਾਜਿਕ ਹਿੱਤ ਦਾ ਭਾਗੀਦਾਰ ਬਣਨਾ ਹੈ। ਮਨੁੱਖੀ ਜੀਵਨ ਪਰਮਾਤਮਾ ਦੀ ਰਜਾ ਅੰਦਰ ਰਹਿੰਦੀਆਂ ਬੇਅੰਤ ਦਾਤਾਂ ਦਾ ਆਨੰਦ ਮਾਣਨ ਲਈ ਪ੍ਰਾਪਤ ਹੋਇਆ ਹੈ। ਇਹ ਜੀਵਨ ਦੀ ਨਿਰਮਲ ਅਵਸਥਾ ਹੈ ਜੋ ਸਾਨੂੰ ਅਚਿੰਤ ਤੇ ਸਹਿਜ ਬਣਾਉਂਦੀ ਹੈ। ਪਰਮਾਤਮਾ ਦਾ ਬਖ਼ਸ਼ਿਆ ਮਨੁੱਖੀ ਜੀਵਨ ਦੁਰਲੱਭ ਅਵਸਰ ਹੈ ਜੋ ਆਤਮਿਕ ਵਿਕਾਸ ਤੇ ਵਿਗਾਸ ਲਈ ਪ੍ਰਾਪਤ ਹੋਇਆ ਹੈ। ਈਰਖਾ, ਨਿੰਦਾ, ਸੰਤਾਪ, ਵਿਕਾਰਾਂ ਤੋਂ ਜੀਵਨ ਨੂੰ ਦੂਰ ਰੱਖ ਕੇ ਹੀ ਇਸ ਅਵਸਰ ਨੂੰ ਸੱਚ ਵਿੱਚ ਬਦਲਿਆ ਜਾ ਸਕਦਾ ਹੈ।