For the best experience, open
https://m.punjabitribuneonline.com
on your mobile browser.
Advertisement

ਦੁਨੀਆਂ ਦੀ ਸਲਾਮਤੀ ਲਈ ਪਹਿਲ

11:24 AM Oct 22, 2023 IST
ਦੁਨੀਆਂ ਦੀ ਸਲਾਮਤੀ ਲਈ ਪਹਿਲ
Advertisement

ਰਾਮਚੰਦਰ ਗੁਹਾ

Advertisement

ਵਾਤਾਵਰਣ

ਛਲੇ ਚਾਰ ਦਹਾਕਿਆਂ ਤੋਂ ਮੈਂ ਬੇਸ਼ੁਮਾਰ ਅਕਾਦਮਿਕ ਸੈਮੀਨਾਰਾਂ ਅਤੇ ਸਾਹਿਤਕ ਮੇਲਿਆਂ ਵਿਚ ਹਿੱਸਾ ਲੈਂਦਾ ਆ ਰਿਹਾ ਹਾਂ। ਇਸ ਤਰ੍ਹਾਂ ਦਾ ਇਕ ਸਮਾਗਮ ਕੁਝ ਸਮਾਂ ਪਹਿਲਾਂ ਹੀ ਦੱਖਣ ਦੇ ਪਹਾੜੀ ਸ਼ਹਿਰ ਉੂਡਗਮੰਡਲਮ ਵਿਖੇ ਹੋਇਆ ਸੀ ਜਿਸ ਨੂੰ ਊਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਸਮਾਗਮ ਦਾ ਨਾਂ ‘ਕਾਨਫਰੰਸ ਆਫ ਨੀਲਗਿਰੀਜ਼ ਇਨ ਦਿ ਨੀਲਗਿਰੀਜ਼’ ਰੱਖਿਆ ਗਿਆ। ਇਸ ਦਾ ਮੰਤਵ ਸੀ ਤਾਮਿਲ ਨਾਡੂ ਦੇ ਇਸ ਖ਼ੂਬਸੂਰਤ ਪਰ ਹੁਣ ਕਮਜ਼ੋਰ ਪੈਂਦੇ ਜਾ ਰਹੇ ਪਹਾੜੀ ਜ਼ਿਲ੍ਹੇ ਦੇ ਜੈਵ ਸਭਿਆਚਾਰਕ ਹੰਢਣਸਾਰ ਭਵਿੱਖ ਨੂੰ ਰੁਸ਼ਨਾਉਣਾ। ਵਕਤਿਆਂ ਵਿਚ ਕਈ ਮੋਹਰੀ ਸਮਾਜ ਸ਼ਾਸਤਰੀ ਅਤੇ ਵਾਤਾਵਰਨ ਵਿਗਿਆਨੀ ਸ਼ਾਮਲ ਸਨ ਜਨਿ੍ਹਾਂ ਨੇ ਨਾਗਰਿਕ ਕਾਰਕੁਨਾਂ, ਉੱਦਮੀਆਂ, ਅਧਿਆਪਕਾਂ ਅਤੇ ਕਬਾਇਲੀ ਵੱਡੇ ਵਡੇਰਿਆਂ ਨਾਲ ਮਿਲ ਕੇ ਇਸ ਖਿੱਤੇ ਵਿਚ ਕੰਮ ਕੀਤਾ ਸੀ। ਸ਼ਾਮਲ ਹੋਣ ਵਾਲੇ ਲੋਕਾਂ ਦੀ ਵਿਭਿੰਨਤਾ ਅਤੇ ਪੇਸ਼ਕਾਰੀਆਂ ਦੀ ਗੁਣਵੱਤਾ ਦੇ ਲਿਹਾਜ਼ ਤੋਂ ਅੰਗਿਆ ਜਾਵੇ ਤਾਂ ਇਹ ਮੇਰੇ ਲਈ ਸਭ ਤੋਂ ਵੱਧ ਮਜ਼ੇਦਾਰ ਅਤੇ ਸਿੱਖਿਆਦਾਇਕ ਸੈਮੀਨਾਰਾਂ ਵਿੱਚੋਂ ਇਕ ਸੀ।
ਨੀਲਗਿਰੀ ਦੀਆਂ ਪਹਾੜੀਆਂ ਨਾਲ ਮੇਰਾ ਨਿੱਜੀ ਨਾਤਾ ਹੈ। ਮੇਰੇ ਪਿਤਾ ਦਾ ਜਨਮ ਊਟੀ ਵਿਚ ਹੋਇਆ ਸੀ, ਬਾਲਗ ਹੋਣ ’ਤੇ ਮੇਰੇ ਮਾਤਾ ਪਿਤਾ ਦਾ ਇੱਥੇ ਹੀ ਮੇਲ ਹੋਇਆ ਅਤੇ ਫਿਰ ਪਿਆਰ ਪ੍ਰਵਾਨ ਚੜ੍ਹਿਆ। ਉਂਝ, ਮੇਰਾ ਜਨਮ ਉਪ-ਮਹਾਂਦੀਪ ਦੇ ਦੂਜੇ ਕੋਨੇ ’ਤੇ ਗੜਵਾਲ ਵਿਚ ਹਿਮਾਲਿਆ ਦੀਆਂ ਪਹਾੜੀਆਂ ਦੇ ਪੈਰਾਂ ’ਚ ਹੋਇਆ ਸੀ। ਇਨ੍ਹਾਂ ਪਹਾੜੀਆਂ ’ਤੇ ਹੀ ਮੈਂ ਆਪਣੀ ਪਹਿਲੀ ਬੱਝਵੀਂ ਖੋਜ ਕੀਤੀ ਸੀ। ਮੈਂ ਚਾਲੀ ਕੁ ਸਾਲ ਦਾ ਸੀ ਜਦੋਂ ਪਹਿਲੀ ਵਾਰ ਨੀਲਗਿਰੀ ਪਹਾੜੀਆਂ ਨੂੰ ਦੇਖਣ ਆਇਆ ਸਾਂ। ਉਂਝ, ਪਿਛਲੇ ਤਕਰੀਬਨ ਪੱਚੀ ਕੁ ਸਾਲਾਂ ਤੋਂ ਮੈਂ ਕਾਫ਼ੀ ਸਮਾਂ ਉੱਥੇ ਬਿਤਾਇਆ ਹੈ- ਕਦੇ ਕੁਝ ਸਾਲਾਂ ਬਾਅਦ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਲਈ ਅਤੇ ਫਿਰ ਕਰੋਨਾਵਾਇਰਸ ਮਹਾਮਾਰੀ ਵੇਲੇ ਕਾਫ਼ੀ ਲੰਮਾ ਸਮਾਂ ਇੱਥੇ ਰਿਹਾ ਸਾਂ।
ਨੀਲਗਿਰੀ ਇਕ ਵਿਰਾਟ ਪਰਬਤਮਾਲਾ ਹੈ ਜੋ ਪੱਛਮੀ ਜਾਂ ਵੈਸਟਰਨ ਘਾਟ ਦੇ ਨਾਂ ਨਾਲ ਜਾਣੀ ਜਾਂਦੀ ਹੈ; ਗੜਵਾਲ ਇਸ ਤੋਂ ਵੀ ਵਡੇਰੀ ਪਰਬਤਮਾਲਾ ਭਾਵ ਹਿਮਾਲਿਆ ਦੀ ਇਕ ਸ਼ਾਖਾ ਹੈ। ‘ਨੀਲਗਿਰੀ ਸਕੇਪਜ਼’ ਸੈਮੀਨਾਰ ਦੀਆਂ ਗੱਲਾਂਬਾਤਾਂ ਸੁਣ ਕੇ ਮੈਂ ਸੋਚਿਆ ਸੀ ਕਿ ਮੈਂ ਇਨ੍ਹਾਂ ਦੋਵੇਂ ਪਰਬਤਮਾਲਾਵਾਂ ਦੀਆਂ ਕੁਝ ਇਤਿਹਾਸਕ ਤੁਲਨਾਵਾਂ ਦਾ ਜ਼ਿਕਰ ਕਰਾਂਗਾ ਜਨਿ੍ਹਾਂ ਨੂੰ ਮੈਂ ਆਪਣੀ ਜਵਾਨੀ ਦੇ ਦਿਨਾਂ ਵਿਚ ਚੰਗੀ ਤਰ੍ਹਾਂ ਜਾਣਿਆ ਸੀ ਅਤੇ ਹੁਣ ਬਜ਼ੁਰਗੀ ਦੇ ਦਿਨਾਂ ਵਿਚ ਹੋਰ ਬਿਹਤਰ ਢੰਗ ਨਾਲ ਸਮਝਿਆ ਹੈ। ਇਹ ਤੁਲਨਾਵਾਂ ਬਸਤੀਵਾਦ ਤੋਂ ਪਹਿਲਾਂ, ਬਸਤੀਵਾਦ ਅਤੇ ਉਸ ਤੋਂ ਬਾਅਦ ਦੇ ਸਮਿਆਂ ਤੱਕ ਫੈਲੀਆਂ ਹੋਈਆਂ ਹਨ।
ਬੇਸ਼ੱਕ, ਮੈਂ ਦੋਵੇਂ ਖਿੱਤਿਆਂ ਵਿਚਕਾਰ ਅਥਾਹ ਜੈਵ ਸਭਿਆਚਾਰਕ ਵਖਰੇਵਿਆਂ ਨੂੰ ਪ੍ਰਵਾਨ ਕਰਦਾ ਹਾਂ। ਨੀਲਗਿਰੀ ਅਤੇ ਗੜਵਾਲ ਦੇ ਵਸਨੀਕ ਭਾਸ਼ਾ, ਅਕੀਦੇ, ਸਭਿਆਚਾਰ ਅਤੇ ਖਾਣ-ਪੀਣ ਦੇ ਲਿਹਾਜ਼ ਤੋਂ ਜੁਦਾ ਹਨ। ਦੋਵੇਂ ਖਿੱਤਿਆਂ ਦੇ ਪਸ਼ੂ, ਪੰਛੀ, ਕੀਟ, ਰੁੱਖ ਬੂਟੇ, ਜ਼ਮੀਨ ਦੀਆਂ ਕਿਸਮਾਂ ਅਤੇ ਭੂਗੋਲਿਕ ਬਣਤਰ ਵਿਚ ਬਹੁਤ ਅੰਤਰ ਹੈ। ਫਿਰ ਇਨ੍ਹਾਂ ਦੀਆਂ ਆਧੁਨਿਕ ਚੌਗਿਰਦਕ ਤਵਾਰੀਖ਼ਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਮਿਲਦੀਆਂ ਹਨ ਜਨਿ੍ਹਾਂ ਦਾ ਮੈਂ ਹੁਣ ਵਰਨਣ ਕਰਨਾ ਚਾਹਾਂਗਾ।
ਬਰਤਾਨਵੀ ਬਸਤੀਵਾਦੀਆਂ ਨੇ 19ਵੀਂ ਸਦੀ ਦੇ ਮੁੱਢ ਵਿਚ ਗੜਵਾਲ ਅਤੇ ਨੀਲਗਿਰੀ ਦੋਵੇਂ ਪਹਾੜੀ ਖੇਤਰਾਂ ਵਿਚ ਆਪਣੇ ਪੈਰ ਪਾਏ ਸਨ। ਇਨ੍ਹਾਂ ਦੋਵੇਂ ਖਿੱਤਿਆਂ ਵਿਚ ਜਦੋਂ ਵਿਦੇਸ਼ੀ ਆਏ ਤਾਂ ਉਨ੍ਹਾਂ ਪਾਇਆ ਸੀ ਕਿ ਪਹਾੜੀ ਭਾਈਚਾਰਿਆਂ ਦਾ ਗੁਜ਼ਾਰਾ ਚਾਰ ਪ੍ਰਮੁੱਖ ਢੰਗਾਂ ’ਤੇ ਨਿਰਭਰ ਹੈ ਭਾਵ ਸ਼ਿਕਾਰ, ਪਸ਼ੂ ਪਾਲਣ, ਖੇਤੀਬਾੜੀ ਅਤੇ ਦਸਤਕਾਰੀ। ਇਹ ਦੋਵੇਂ ਖਿੱਤੇ ਆਰਥਿਕ ਤੌਰ ’ਤੇ ਕਾਫ਼ੀ ਹੱਦ ਤੱਕ ਆਤਮ ਨਿਰਭਰ ਸਨ; ਨੀਲਗਿਰੀ ਦੇ ਲੋਕ ਕੌਂਗੂ ਨਾਡੂ ਦੇ ਮੈਦਾਨੀ ਖੇਤਰ ਦੇ ਲੋਕਾਂ ਨਾਲ ਵਪਾਰ ਕਰਦੇ ਸਨ ਜਦੋਂਕਿ ਗੜਵਾਲ ਦੇ ਲੋਕ ਸਿੰਧ ਗੰਗਾ ਦੇ ਮੈਦਾਨਾਂ ਅਤੇ ਹਿਮਾਲਿਆ ਤੋਂ ਪਾਰ ਤਿੱਬਤ ਦੋਵੇਂ ਖੇਤਰਾਂ ਦੇ ਲੋਕਾਂ ਨਾਲ ਵਪਾਰ ਕਰਦੇ ਸਨ।
ਨੀਲਗਿਰੀ ਅਤੇ ਗੜਵਾਲ ਦੋਵੇਂ ਥਾਈਂ ਮੁਕਾਮੀ ਭਾਈਚਾਰਿਆਂ ਦਾ ਕੁਦਰਤੀ ਜਗਤ ਨਾਲ ਗਹਿਰਾ ਅਤੇ ਸਜੀਵ ਰਿਸ਼ਤਾ ਸੀ। ਉਨ੍ਹਾਂ ਨੇ ਕੁਦਰਤ ਵੱਲੋਂ ਤੈਅ ਕੀਤੀਆਂ ਹੱਦਾਂ ਦੇ ਅੰਦਰ ਜਿਊਣਾ ਤੇ ਵਿਗਸਣਾ ਸਿੱਖ ਲਿਆ ਸੀ। ਪੌਦਿਆਂ, ਭੌਂ ਅਤੇ ਜਲਵਾਯੂ ਸਥਿਤੀਆਂ ਬਾਰੇ ਘਰੋਗੀ ਗਿਆਨ ਬਹੁਤ ਵਿਕਸਤ ਸੀ ਅਤੇ ਇਹ ਉਨ੍ਹਾਂ ਦੀਆਂ ਗੁਜ਼ਰ ਬਸਰ ਦੀਆਂ ਵਿਧੀਆਂ ਵਿਚ ਸਾਕਾਰ ਹੁੰਦਾ ਸੀ। ਇਸ ਤੋਂ ਇਲਾਵਾ, ਕੁਝ ਪੌਦਿਆਂ, ਪਹਾੜੀਆਂ ਅਤੇ ਜਲ ਸਰੋਤਾਂ ਦੀ ਪੂਜਾ ਅਰਚਨਾ ਅਤੇ ਕੁਝ ਅਣਛੋਹੇ ਜੰਗਲਾਂ ਨੂੰ ਪਵਿੱਤਰ ਰੱਖਾਂ ਵਜੋਂ ਅਲੱਗ ਰੱਖਣ ਦੇ ਰੂਪ ਵਿਚ ਪੂਰਵ ਆਧੁਨਿਕ ਕਾਲ ਦੇ ਇਨ੍ਹਾਂ ਭਾਈਚਾਰਿਆਂ ਵੱਲੋਂ ਕੁਦਰਤ ਪ੍ਰਤੀ ਅਥਾਹ ਸਤਿਕਾਰ ਝਲਕਦਾ ਸੀ।
ਇਨ੍ਹਾਂ ਦੋਵੇਂ ਖੇਤਰਾਂ ਵਿਚ ਬਰਤਾਨਵੀ ਰਾਜ ਦੀ ਆਮਦ ਨਾਲ ਇਕ ਤਿੱਖੇ ਵਿਗਾੜ ਦੀ ਸ਼ੁਰੂਆਤ ਹੋਈ। ਚੌਗਿਰਦੇ ਦੇ ਪੱਧਰ ’ਤੇ ਨੀਲਗਿਰੀ ’ਤੇ ਚਾਹ ਬਾਗਾਨਾਂ ਅਤੇ ਗੜਵਾਲ ਵਿਚ ਵਪਾਰਕ ਜੰਗਲੀਕਰਨ ਦੇ ਰੂਪ ਵਿਚ ਲੈਂਡਸਕੇਪ ਵਿਚ ਇਕ ਵੱਡੀ ਤਬਦੀਲੀ ਆ ਗਈ। ਇਕ ਜਗ੍ਹਾ ਚਾਹ ਦੀ ਕਾਸ਼ਤ ਤੇ ਕਟਾਈ ਨਾਲ ਅਤੇ ਦੂਜੀ ਜਗ੍ਹਾ ਦਿਓਦਾਰ ਦੇ ਦਰਖ਼ਤ ਲਾਉਣ ਨਾਲ ਜੈਵ ਵਿਭਿੰਨਤਾ ਅਤੇ ਵਾਤਾਵਰਨਕ ਸਥਿਰਤਾ ਨੂੰ ਵੱਡੀ ਢਾਹ ਲੱਗੀ। ਸਮਾਜਿਕ ਪੱਧਰ ’ਤੇ ਦੋਵੇਂ ਖੇਤਰਾਂ ਵਿਚ ਬਾਹਰਲੇ ਲੋਕਾਂ ਭਾਵ ਮਜ਼ਦੂਰਾਂ, ਅਫ਼ਸਰਾਂ, ਅਧਿਆਪਕਾਂ, ਫ਼ੌਜੀਆਂ, ਤਫ਼ਰੀਹ ਕਰਨ ਵਾਲਿਆਂ ਅਤੇ ਹੋਰਨਾਂ ਦੀ ਭਾਰੀ ਆਮਦ ਹੋਣ ਨਾਲ ਮੁਕਾਮੀ ਲੋਕਾਂ ਵੱਲੋਂ ਮੈਦਾਨੀ ਖੇਤਰਾਂ ਦੀਆਂ ਫੈਕਟਰੀਆਂ, ਘਰਾਂ ਅਤੇ ਦਫ਼ਤਰਾਂ ਵਿਚ ਰੁਜ਼ਗਾਰ ਲਈ ਹਿਜਰਤ ਹੋਣ ਲੱਗੀ। ਬਰਤਾਨਵੀ ਰਾਜ ਦੇ ਨਾਲ ਸ਼ਹਿਰੀ ਕੇਂਦਰ ਅਤੇ ਊਟੀ ਤੇ ਮਸੂਰੀ ਜਿਹੇ ਹਿਲ ਸਟੇਸ਼ਨ ਹੋਂਦ ਵਿਚ ਆਏ।
1947 ਵਿਚ ਆਜ਼ਾਦੀ ਤੋਂ ਬਾਅਦ ਇਨ੍ਹਾਂ ਦੋਵੇਂ ਖੇਤਰਾਂ ਦੀ ਸਮਾਜਿਕ ਅਤੇ ਵਾਤਾਵਰਨਕ ਰੂਪ ਰੇਖਾ ਵਿਚ ਰੱਦੋਬਦਲ ਹੋਰ ਤੇਜ਼ ਹੋ ਗਈ। ਪਹਾੜੀ ਦਰਿਆਵਾਂ ’ਤੇ ਡੈਮ ਬਣਾ ਕੇ ਬਿਜਲੀ ਬਣਾਈ ਜਾਣ ਲੱਗੀ ਜਿਸ ਨਾਲ ਜੰਗਲ ਅਤੇ ਚਰਾਗਾਹਾਂ ਪਾਣੀ ਵਿਚ ਡੁੱਬ ਗਏ। ਸੜਕਾਂ ਦੇ ਜਾਲ ਦਾ ਵਿਸਤਾਰ ਹੋਣ ਕਰਕੇ ਪਹਾੜੀ ਖੇਤਰਾਂ ਵਿਚ ਲੋਕਾਂ ਅਤੇ ਸਾਜ਼ੋ-ਸਾਮਾਨ ਦੀ ਆਮਦੋ ਰਫ਼ਤ ਬਹੁਤ ਵਧ ਗਈ। ਉੱਤਰ ਬਸਤੀਵਾਦੀ ਰਾਜ ਦੇ ਵਿਕਾਸ ਪ੍ਰੋਗਰਾਮਾਂ ਨਾਲ ਲੱਖਾਂ ਦੀ ਤਾਦਾਦ ਵਿਚ ਸਰਕਾਰੀ ਮੁਲਾਜ਼ਮ ਤੇ ਉਨ੍ਹਾਂ ਦੇ ਪਰਿਵਾਰ ਆ ਗਏ। ਭਾਰਤੀ ਮੱਧਵਰਗ ਦੇ ਫੈਲਾਅ ਨਾਲ ਮੈਦਾਨਾਂ ਤੋਂ ਪਹਾੜੀ ਖੇਤਰਾਂ ਵਿਚ ਸੈਰ ਸਪਾਟੇ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ। ਸੈਲਾਨੀਆਂ ਦੇ ਨਾਲ ਮੁਕਾਮੀ ਰੁਜ਼ਗਾਰ ਅਤੇ ਆਮਦਨ ਦੇ ਮੌਕਿਆਂ ਦੇ ਨਾਲ ਨਾਲ ਨਸ਼ਾਖੋਰੀ, ਲੜਾਈ ਝਗੜੇ, ਟਰੈਫਿਕ ਜਾਮ ਜਿਹੀਆਂ ਸਮੱਸਿਆਵਾਂ ਪੈਦਾ ਹੋਣ ਤੋਂ ਇਲਾਵਾ ਹਜ਼ਾਰਾਂ ਟਨ ਕੂੜਾ ਕਰਕਟ ਪੈਦਾ ਹੋਣ ਲੱਗਿਆ ਜਿਸ ਦੇ ਸੜਕਾਂ ਕੰਢੇ ਢੇਰ ਲੱਗੇ ਰਹਿੰਦੇ ਹਨ ਜਾਂ ਇਹ ਦਰਿਆਵਾਂ ਤੇ ਜੰਗਲਾਂ ਵਿਚ ਪਿਆ ਰਹਿੰਦਾ ਹੈ।
1970ਵਿਆਂ ਤੱਕ ਆਉਂਦਿਆਂ ਗੜਵਾਲ ਵਿਚ ਜੰਗਲਾਂ ਦੀ ਕਟਾਈ ਕਾਰਨ ਵਾਤਾਵਰਨਕ ਅਤੇ ਸਮਾਰਿਕ ਸੰਕਟ ਗਹਿਰਾ ਹੋ ਗਿਆ ਜਿਸ ਕਰਕੇ ਚਿਪਕੋ ਲਹਿਰ ਦਾ ਜਨਮ ਹੋਇਆ। 1980ਵਿਆਂ ਵਿਚ ਨੀਲਗਿਰੀ ਵਿਚ ਲੋਕਾਂ ਨੂੰ ਲਾਮਬੰਦ ਕਰਨ ਲਈ ਪਹਿਲੇ ਨਾਗਰਿਕ ਗਰੁੱਪ ਦਾ ਗਠਨ ਹੋਇਆ। ਇਹ ਪਹਿਲਕਦਮੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਗੜਵਾਲ ਅਤੇ ਨੀਲਗਿਰੀ ਦੋਵਾਂ ਖੇਤਰਾਂ ਵਿਚ ਜੰਗਲਾਂ ਦੀ ਕਟਾਈ, ਭੋਂ ਖੋਰ, ਜ਼ਹਿਰੀਲੇ ਪਦਾਰਥਾਂ ਦੀ ਨਿਕਾਸੀ, ਖ਼ਤਰਨਾਕ ਨਦੀਨਾਂ ਅਤੇ ਸੈਲਾਨੀਆਂ ਦੀ ਭਰਮਾਰ ਕਰਕੇ ਚੌਗਿਰਦਕ ਇਕਾਗਰਤਾ ਲਈ ਖ਼ਤਰਾ ਪੈਦਾ ਹੋ ਗਿਆ। ਆਉਣ ਵਾਲੇ ਸਾਲਾਂ ਵਿਚ ਆਪੋ ਆਪਣੇ ਖੇਤਰਾਂ ਦੀ ਪਾਏਦਾਰੀ ਬਚਾਉਣ ਵਾਲਿਆਂ ਅਤੇ ਇਨ੍ਹਾਂ ਦੀ ਅਧੋਗਤੀ ਕਰਨ ਵਾਲਿਆਂ ਵਿਚਕਾਰ ਇਕ ਗ਼ੈਰਬਰਾਬਰ ਲੜਾਈ ਛਿੜ ਪਈ।
ਜਲਵਾਯੂ ਤਬਦੀਲੀ ਦੀ ਚੁਣੌਤੀ ਨੇ ਇਨ੍ਹਾਂ ਸਵਾਲਾਂ ਨੂੰ ਹੋਰ ਜ਼ਿਆਦਾ ਬਲ ਦਿੱਤਾ ਹੈ। ਮੇਰੇ ਖ਼ਿਆਲ ਮੁਤਾਬਿਕ ਦੱਖਣ ਦੀਆਂ ਪਹਾੜੀਆਂ ਤਿੰਨ ਪੱਖਾਂ ਤੋਂ ਮੇਰੇ ਜਵਾਨੀ ਪਹਿਰੇ ਦੀਆਂ ਉੱਤਰੀ ਪਹਾੜੀਆਂ ਨਾਲ ਜ਼ਿਆਦਾ ਖੁਸ਼ਨਸੀਬ ਹਨ। ਪਹਿਲਾ ਕਾਰਨ ਹੈ ਚੌਗਿਰਦਕ; ਕਿਉਂਕਿ ਗੜਵਾਲ ਦੀਆਂ ਹਿਮਾਲਿਆ ਪਹਾੜੀਆਂ ਤੋਂ ਨਿਕਲਦੀਆਂ ਨਦੀਆਂ ਬਰਫ਼ ਦੇ ਪਾਣੀ ਨਾਲ ਅਤੇ ਜ਼ਿਆਦਾ ਉਚਾਈ ਤੋਂ ਉਪਜਦੀਆਂ ਹਨ ਜਿਸ ਕਰਕੇ ਇਹ ਮਹਿੰਗੇ ਅਤੇ ਤਬਾਹਕਾਰੀ ਪਣ ਬਿਜਲੀ ਪ੍ਰਾਜੈਕਟਾਂ ਦਾ ਜ਼ਿਆਦਾ ਸ਼ਿਕਾਰ ਬਣ ਗਈਆਂ। ਨੀਲਗਿਰੀ ਪਹਾੜੀਆਂ ਵਿਚ ਕੁਝ ਪਣ ਬਿਜਲੀ ਪ੍ਰਾਜੈਕਟ ਹਨ ਪਰ ਇਨ੍ਹਾਂ ਨੇ ਓਨਾ ਨੁਕਸਾਨ ਨਹੀਂ ਕੀਤਾ ਜਿੰਨਾ ਹਿਮਾਲਿਆ ਵਿਚ ਬਣਾਏ ਗਏ ਡੈਮਾਂ ਕਰਕੇ ਹੋਇਆ ਹੈ।
ਨੀਲਗਿਰੀ ਲਈ ਖੁਸ਼ਨਸੀਬੀ ਦਾ ਦੂਜਾ ਸਰੋਤ ਹੈ ਭੂ-ਰਣਨੀਤਕ। ਇਨ੍ਹਾਂ ਪਹਾੜੀਆਂ ਲਈ ਕੇਰਲਾ, ਤਾਮਿਲ ਨਾਡੂ ਅਤੇ ਕਰਨਾਟਕ ਤੋਂ ਮਾਰਗ ਆਉਂਦੇ ਹਨ ਜੋ ਕਿ ਭਾਰਤੀ ਸੰਘ ਦੇ ਪ੍ਰਾਂਤ ਹਨ। ਦੂਜੇ ਪਾਸੇ, ਗੜਵਾਲ ਦੀਆਂ ਸਰਹੱਦਾਂ ਤਿੱਬਤ ਨਾਲ ਲੱਗਦੀਆਂ ਹਨ ਅਤੇ ਨਾਲ ਹੀ ਭਾਰਤ ਅਤੇ ਚੀਨ ਦੇ ਆਪਸੀ ਰਿਸ਼ਤੇ ਸੁਖਾਵੇਂ ਨਾ ਹੋਣ ਕਰਕੇ ਇਸ ਖੇਤਰ ਵਿਚ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਤਾਂ ਕਿ ਫ਼ੌਜੀ ਸਾਜ਼ੋ ਸਾਮਾਨ ਤੇ ਨਫ਼ਰੀ ਨੂੰ ਤੇਜ਼ੀ ਨਾਲ ਪਹੁੰਚਾਇਆ ਜਾ ਸਕੇ ਅਤੇ ਇਸ ਕਰਕੇ ਕੁਦਰਤ ਅਤੇ ਸਮਾਜ ਉਪਰ ਨਾਂਹਪੱਖੀ ਅਸਰ ਪਏ ਹਨ। ਖੁਸ਼ਨਸੀਬੀ ਦਾ ਤੀਜਾ ਕਾਰਨ ਧਾਰਮਿਕ ਹੈ। ਹਾਲਾਂਕਿ ਨੀਲਗਿਰੀ ਪਹਾੜੀਆਂ ’ਤੇ ਕਈ ਛੋਟੇ ਅਤੇ ਮੁਕਾਮੀ ਭਾਈਚਾਰਿਆਂ ਦੇ ਸਤਿਕਾਰਤ ਮੰਦਰ, ਧਾਮ, ਮਸੀਤਾਂ ਅਤੇ ਗਿਰਜਾਘਰ ਹਨ ਪਰ ਉੱਥੇ ਬਾਹਰੋਂ ਸ਼ਰਧਾਲੂ ਨਹੀਂ ਜਾਂਦੇ। ਦੂਜੇ ਪਾਸੇ, ਗੜਵਾਲ ਵਿਚ ਚਾਰ ਧਾਮ ਵਜੋਂ ਜਾਣੇ ਜਾਂਦੇ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਜਮਨੋਤਰੀ ਵਜੋਂ ਚਾਰ ਅਜਿਹੇ ਮੰਦਰ ਹਨ ਜਿੱਥੇ ਭਾਰਤ ਵਿਚ ਸਭ ਤੋਂ ਵੱਧ ਸ਼ਰਧਾਲੂ ਜਾਂਦੇ ਹਨ। ਜਿੰਨੀ ਦੇਰ ਤੱਕ ਇਨ੍ਹਾਂ ਮੰਦਰਾਂ ਦੀ ਯਾਤਰਾ ਪੈਦਲ ਜਾਂ ਘੋੜੇ ਖੱਚਰਾਂ ’ਤੇ ਕੀਤੀ ਜਾਂਦੀ ਸੀ ਤਾਂ ਕੋਈ ਸਮੱਸਿਆ ਪੈਦਾ ਨਹੀਂ ਹੋਈ ਪਰ ਹੁਣ ਧਾਰਮਿਕ ਸੈਰ ਸਪਾਟਾ ਬਹੁਤ ਜ਼ਿਆਦਾ ਵਧ ਗਿਆ ਹੈ ਅਤੇ ਜ਼ਾਹਰ ਹੈ ਕਿ ਇਸ ਵਾਸਤੇ ਚਹੁੰ-ਮਾਰਗੀ ਸੜਕਾਂ ਦੀ ਲੋੜ ਪੈਦਾ ਹੋ ਗਈ ਜਿਸ ਨੇ ਇਸ ਖਿੱਤੇ ਦੀ ਵਾਤਾਵਰਨਕ ਅਤੇ ਸਮਾਜਿਕ ਬਣਤਰ ਲਈ ਖ਼ਤਰਾ ਪੈਦਾ ਕਰ ਦਿੱਤਾ।
ਗੜਵਾਲ ਅਤੇ ਨੀਲਗਿਰੀ ਨਾਲ ਮੇਰਾ ਗਹਿਰਾ ਨਾਤਾ ਹੈ। ਇਸ ਕਰਕੇ ਮੈਂ ਇਨ੍ਹਾਂ ਦੋਵੇਂ ਪਹਾੜੀ ਖੇਤਰਾਂ ਲਈ ਜੈਵ ਸਭਿਆਚਾਰਕ ਹੰਢਣਸਾਰ ਭਵਿੱਖ ਦੀ ਕਾਮਨਾ ਕਰਦਾ ਹਾਂ। ਫਿਰ ਵੀ ਉਪਲਬਧ ਸਬੂਤ ਦੇ ਆਧਾਰ ’ਤੇ ਜਾਪਦਾ ਹੈ ਕਿ ਗੜਵਾਲ ਲਈ ਇਸ ਤਰ੍ਹਾਂ ਦੇ ਭਵਿੱਖ ਦੇ ਬੂਹੇ ਲਗਭਗ ਬੰਦ ਹੋ ਚੁੱਕੇ ਹਨ। ਨੀਲਗਿਰੀ ਦੀ ਸਮਾਜਿਕ ਚੌਗਿਰਦਕ ਇਕਾਗਰਤਾ ਦੀ ਸਲਾਮਤੀ ਅਤੇ ਨਵੀਨੀਕਰਨ ਦਾ ਅਮਲ ਬਿਨਾ ਸ਼ੱਕ ਕਾਫ਼ੀ ਔਖਾ ਅਤੇ ਚੁਣੌਤੀਪੂਰਨ ਹੋਵੇਗਾ ਪਰ ਇਸ ਦੀ ਕੁਝ ਹੱਦ ਤੱਕ ਆਸ ਅਤੇ ਸੰਭਾਵਨਾ ਤਾਂ ਮੌਜੂਦ ਹੈ। ਨਾਗਰਿਕਾਂ, ਵਿਗਿਆਨੀਆਂ, ਸਮਾਜਿਕ ਤੌਰ ’ਤੇ ਚੇਤੰਨ ਉੱਦਮੀਆਂ ਅਤੇ ਲੋਕ ਸੇਵਾ ਤੋਂ ਪ੍ਰੇਰਿਤ ਸਰਕਾਰੀ ਅਫ਼ਸਰਾਂ ਦਰਮਿਆਨ ਇਕ ਲਾਹੇਵੰਦ ਸਾਂਝ ਭਿਆਲੀ ਰਾਹੀਂ ਅਜਿਹੀਆਂ ਰਣਨੀਤੀਆਂ ਅਮਲ ਵਿਚ ਲਿਆਂਦੀਆਂ ਜਾ ਸਕਦੀਆਂ ਹਨ ਜਨਿ੍ਹਾਂ ਨਾਲ ਇਨ੍ਹਾਂ ਪਹਾੜੀਆਂ ਅਤੇ ਜੰਗਲਾਂ ਨੂੰ ਸੁਰਜੀਤ ਕੀਤਾ ਜਾ ਸਕਦਾ ਹੈ ਅਤੇ ਖੇਤੀਬਾੜੀ ’ਚੋਂ ਜ਼ਹਿਰਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਸੈਰ ਸਪਾਟੇ ਨੂੰ ਸਮਾਜਿਕ ਤੌਰ ’ਤੇ ਵਧੇਰੇ ਸਮਾਵੇਸ਼ੀ ਅਤੇ ਸਰੋਤਾਂ ’ਤੇ ਘੱਟ ਬੋਝ ਪਾਉਣ ਵਾਲਾ ਅਤੇ ਜਲ ਸਰੋਤਾਂ ਨੂੰ ਸਵੱਛ ਬਣਾਇਆ ਜਾ ਸਕਦਾ ਹੈ।
ਬਹਰਹਾਲ, ਵਿਸ਼ਵ ਸੋਚ ਅਪਣਾਉੁਣਾ ਅਤੇ ਨਾਲ ਹੀ ਮੁਕਾਮੀ ਤੌਰ ’ਤੇ ਕਾਰਵਾਈ ਕਰਨਾ ਬਿਲਕੁਲ ਸਹੀ ਹੈ ਜਿਵੇਂ ਊਟੀ ਵਿਚ ਹੋਈ ‘ਨੀਲਗਿਰੀ ਸਕੇਪਜ਼’ ਕਾਨਫਰੰਸ ਵਿਚ ਹੋਇਆ ਸੀ ਤੇ ਸ਼ਾਇਦ ਮਾਨਵਤਾ ਅਤੇ ਕੁਦਰਤ ਦੇ ਭਵਿੱਖ ਲਈ ਵੀ ਇਹ ਗੱਲ ਹੋਰ ਵੀ ਜ਼ਿਆਦਾ ਅਹਿਮੀਅਤ ਰੱਖਦੀ ਹੈ।
ਈ-ਮੇਲ: ramachandraguha@yahoo.in

Advertisement
Author Image

sukhwinder singh

View all posts

Advertisement
Advertisement
×